ਅਮਰੀਕਾ ਨੂੰ ਪਿੱਛੇ ਛੱਡ ਪੜ੍ਹਾਈ ਤੇ ਨੌਕਰੀ ਲਈ ਕੈਨੇਡਾ ਬਣਿਆ ਭਾਰਤੀਆਂ ਦੀ ਪਹਿਲੀ ਪਸੰਦ
Tuesday, Mar 08, 2022 - 11:02 AM (IST)
 
            
            ਇੰਟਰਨੈਸ਼ਲ ਡੈਸਕ (ਬਿਊਰੋ): ਬੈਚਲਰ ਦੀ ਪੜ੍ਹਾਈ ਕਰਨ ਅਤੇ ਨੌਕਰੀ ਲਈ ਕੈਨੇਡਾ ਭਾਰਤੀਆਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਇਸ ਮਾਮਲੇ ਵਿਚ ਕੈਨੇਡਾ ਨੇ ਅਮਰੀਕਾ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਨੈਸ਼ਨਲ ਫਾਊਂਡੇਸ਼ਨ ਫਾਰ ਅਮਰੀਕਨ ਪਾਲਿਸੀ (ਐੱਨ. ਐੱਫ. ਏ. ਪੀ.) ਦੇ ਇਕ ਹਾਲੀਆ ਅਧਿਐਨ ਵਿਚ ਪਾਇਆ ਗਿਆ ਕਿ ਕੈਨੇਡਾ ਵਿਚ ਸਥਾਈ ਨਿਵਾਸੀ ਬਣਨ ਵਾਲੇ ਭਾਰਤੀਆਂ ਦੀ ਗਿਣਤੀ 2016 ਤੋਂ 2020 ਅਤੇ 2021 ਵਿਚਾਲੇ 115 ਫੀਸਦੀ ਵਧੀ ਹੈ।
ਅਧਿਐਨ ’ਚ ਕਿਹਾ ਗਿਆ ਹੈ ਕਿ 2016-17 ਅਤੇ 2019-20 ਸਿੱਖਿਆ ਦੇ ਸਾਲਾਂ ਦਰਮਿਆਨ ਅਮਰੀਕੀ ਯੂਨੀਵਰਸਿਟੀਆਂ ਵਿਚ ਮਾਸਟਰ ਪੱਧਰ ਦੇ ਵਿਗਿਆਨ ਅਤੇ ਇੰਜੀਨੀਅਰਿੰਗ ਪ੍ਰੋਗਰਾਮਾਂ ਵਿਚ ਨਾਮਜ਼ਦ ਭਾਰਤ ਦੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਵਿਚ ਲਗਭਗ 40 ਫੀਸਦੀ (ਜਾਂ 31,800) ਦੀ ਗਿਰਾਵਟ ਆਈ ਹੈ, ਜਦਕਿ ਭਾਰਤ ਦੇ ਕੌਮਾਂਤਰੀ ਵਿਦਿਆਰਥੀ ਕੈਨੇਡਾ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੜ੍ਹ ਰਹੇ ਹਨ।ਐੱਨ. ਐੱਫ. ਏ. ਪੀ. ਵਲੋਂ ਸਰਕਾਰੀ ਅੰਕੜਿਆਂ ਦੇ ਵਿਸ਼ਲੇਸ਼ਣ ਮੁਤਾਬਕ, 2016 ਅਤੇ 2019 ਵਿਚਾਲੇ 182 ਫੀਸਦੀ ਦਾ ਵਾਧਾ ਹੋਇਆ।
ਕੈਨੇਡਾ ਦੀ 2022-2024 ਦੀ ਇਮੀਗ੍ਰੇਸ਼ਨ ਯੋਜਨਾ
ਕੈਨੇਡਾ ਵੱਡੀ ਗਿਣਤੀ ਵਿਚ ਨਵੇਂ ਸਥਾਈ ਨਿਵਾਸੀਆਂ ਨੂੰ ਸਵੀਕਾਰ ਕਰਨ ਲਈ ਆਪਣੇ ਇਮੀਗ੍ਰੇਸ਼ਨ ਪ੍ਰੋਗਰਾਮ ਦਾ ਵਿਸਤਾਰ ਕਰ ਰਿਹਾ ਹੈ। ਇਸ ਨਾਲ ਕੈਨੇਡਾ ਦੇ ਉੱਚ ਸਿੱਖਿਆ ਸੰਸਥਾਨਾਂ ਤੋਂ ਬੈਚਲਰ ਹੋਣ ਤੋਂ ਬਾਅਦ ਦੇਸ਼ ਵਿਚ ਕੌਮਾਂਤਰੀ ਵਿਦਿਆਰਥੀਆਂ ਲਈ ਬਣੇ ਰਹਿਣ ਦੇ ਜ਼ਿਆਦਾ ਮੌਕੇ ਹਨ।ਕੁਲ ਮਿਲਾ ਕੇ ਕੈਨੇਡਾ ਸਰਕਾਰ ਨੇ 2022-2024 ਦੀ ਇਮੀਗ੍ਰੇਸ਼ਨ ਯੋਜਨਾ ਦੇ ਤਹਿਤ 2022 ਵਿਚ 431,645, 2023 ਵਿਚ 47,055 ਅਤੇ 2024 ਵਿਚ 451,000 ਸਥਾਈ ਨਿਵਾਸੀਆਂ ਦਾ ਸਵਾਗਤ ਕਰਨਾ ਹੈ। 2021 ਵਿਚ ਦੁਨੀਆ ਭਰ ਤੋਂ 405,000 ਤੋਂ ਜ਼ਿਆਦਾ ਲੋਕ ਕੈਨੇਡਾ ਦੇ ਨਵੇਂ ਸਥਾਈ ਨਿਵਾਸੀ ਬਣ ਗਏ ਹਨ। ਕੈਨੇਡਾ ਦੇ ਇਤਿਹਾਸ ਵਿਚ ਇਕ ਸਾਲ ਵਿਚ ਹੁਣ ਤੱਕ ਦੀ ਇਹ ਸਭ ਤੋਂ ਜ਼ਿਆਦਾ ਗਿਣਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਰਾਸ਼ਟਰਪਤੀ ਜ਼ੇਲੇਂਸਕੀ ਦਾ ਵੀਡੀਓ ਜਾਰੀ, ਕਿਹਾ- ਮੈਂ ਕੀਵ 'ਚ ਹੀ ਹਾਂ, ਕਿਸੇ ਤੋਂ ਨਹੀਂ ਡਰਦਾ
ਕੈਨੇਡਾ ਵਿਚ ਸਥਾਈ ਨਾਗਰਿਕਤਾ ਸੌਖੀ
ਇਹ ਇਸ ਗੱਲ ਦਾ ਸੰਕੇਤ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਲਈ ਸੰਯੁਕਤ ਰਾਜ ਅਮਰੀਕਾ ਦੇ ਮੁਕਾਬਲੇ ਕੈਨੇਡਾ ਵਿਚ ਬੈਚਲਰ ਹੋਣ ਤੋਂ ਬਾਅਦ ਅਸਥਾਈ ਵੀਜ਼ਾ ਅਤੇ ਸਥਾਈ ਨਾਗਰਿਕਤਾ ਪ੍ਰਾਪਤ ਕਰਨਾ ਕਿੰਨਾ ਸੌਖਾ ਹੈ। ਐੱਨ. ਐੱਫ. ਏ. ਪੀ. ਦੇ ਕਾਰਜਕਾਰੀ ਨਿਰਦੇਸ਼ਕ ਸਟੁਅਰਟ ਐਂਡਰਸਨ ਦਾ ਕਹਿਣਾ ਹੈ ਕਿ ਕੈਨੇਡਾ ਨੇ ਕੌਮਾਂਤਰੀ ਵਿਦਿਆਰਥੀਆਂ ਲਈ ਕੰਮ ਕਰਨਾ ਅਤੇ ਸਥਾਈ ਨਿਵਾਸੀ ਬਣਨਾ ਸੰਯੁਕਤ ਸੂਬਾ ਅਮਰੀਕਾ ਦੇ ਮੁਕਾਬਲੇ ਵਿਚ ਬਹੁਤ ਸੌਖਾ ਬਣਾ ਦਿੱਤਾ ਹੈ। ਇਸਦਾ ਪੋਸਟ-ਗ੍ਰੈਜੁਏਸ਼ਨ ਵਰਕ ਪਰਮਿਟ ਆਮ ਤੌਰ ’ਤੇ ਸਥਾਈ ਨਿਵਾਸੀ ਦਾ ਦਰਜਾ ਪ੍ਰਾਪਤ ਕਰਨ ਦੀ ਦਿਸ਼ਾ ਵਿਚ ਪਹਿਲੇ ਵੱਡੇ ਕਦਮ ਦੇ ਰੂਪ ਵਿਚ ਦੇਖਿਆ ਜਾਂਦਾ ਹੈ।
ਅਮਰੀਕਾ ’ਚ ਕੀ ਹੈ ਵਿਦਿਆਰਥੀਆਂ ਦੀ ਪ੍ਰੇਸ਼ਾਨੀ
ਜਦਕਿ ਐੱਚ-1 ਬੀ ਵੀਜ਼ਾ ਇਕ ਗੈਰ ਪ੍ਰਵਾਸੀ ਵੀਜ਼ਾ ਹੈ, ਜੋ ਅਮਰੀਕੀ ਕੰਪਨੀਆਂ ਨੂੰ ਟੈਕਨਾਲੌਜੀ ਦੇ ਖੇਤਰ ਵਿਚ ਮੁਹਾਰਤਾ ਪ੍ਰਾਪਤ ਵਿਸ਼ੇਸ਼ ਕਾਰਜਾਂ ਲਈ ਵਿਦੇਸ਼ੀ ਕਾਮਿਆਂ ਨੂੰ ਤਾਇਨਾਤ ਕਰਨ ਦੀ ਇਜਾਜ਼ਤ ਦਿੰਦਾ ਹੈ। ਆਈ. ਟੀ. ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮੀਆਂ ਦੀ ਨਿਯੁਕਤੀ ਲਈ ਇਸੇ ਵੀਜ਼ਾ ’ਤੇ ਨਿਰਭਰ ਰਹਿੰਦੀਆਂ ਹਨ। ਭਾਰਤ ਸਮੇਤ ਵਿਦੇਸ਼ੀ ਪੇਸ਼ੇਵਰਾਂ ਵਿਚ ਇਕ ਕਾਰਜ ਵੀਜ਼ਾ ਦੀ ਸਭ ਤੋਂ ਜ਼ਿਆਦਾ ਮੰਗ ਰਹਿੰਦੀ ਹੈ।
ਕੀ ਕਹਿੰਦੇ ਹਨ ਇਮੀਗ੍ਰੇਸ਼ਨ ਮਾਹਿਰ
ਟੋਰਾਂਟੋ ਸਥਿਤ ਇਮੀਗ੍ਰੇਸ਼ਨ ਲਾਅ ਫਰਮ ਰੇਕਾਈ ਐੱਲ. ਐੱਲ. ਪੀ. ਦੇ ਸੰਸਥਾਪਕ ਪੀਟਰ ਰੇਕਾਈ ਮੁਤਾਬਕ ਕੈਨੇਡਾ ਨੂੰ ਅਮਰੀਕੀ ਮੰਜਿਲਾਂ ਤੋਂ ਨੌਜਵਾਨ ਭਾਰਤੀ ਤਕਨੀਕੀ ਮੁਲਾਜ਼ਮਾਂ ਦੇ ਡਾਇਵਰਜਨ ਤੋਂ ਲਾਭ ਹੋ ਰਿਹਾ ਹੈ, ਜਿਸਦਾ ਮੁੱਖ ਕਾਰਨ ਐੱਚ-1 ਬੀ ਵੀਜ਼ਾ ਪ੍ਰਾਪਤ ਕਰਨ ਅਤੇ ਨਵੀਨੀਕਰਨ ਕਰਨ ਅਤੇ ਅਮਰੀਕਾ ਦੇ ਸਥਾਈ ਨਿਵਾਸ ਲਈ ਇਕ ਭਰੋਸੇਯੋਗ ਮਾਰਗ ਲੱਭਣ ਦੀਆਂ ਚੁਣੌਤੀਆਂ ਹਨ। ਕੈਨੇਡਾ ਸਰਕਾਰ ਨੇ ਮਾਹਿਰਾਂ ਲਈ ਹੁਨਰ ਨੂੰ ਆਕਰਸ਼ਿਤ ਕਰਨਾ ਅਤੇ ਬਣਾਏ ਰੱਖਣਾ ਸੌਖਾ ਬਣਾ ਦਿੱਤਾ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            