ਗੰਦੇ ਪਾਣੀ ਕਾਰਨ ਪ੍ਰੇਸ਼ਾਨ ਲੋਕਾਂ ਨੇ ਕੈਨੇਡਾ ਸਰਕਾਰ ''ਤੇ ਲਾਏ ਇਹ ਦੋਸ਼
Wednesday, Nov 18, 2020 - 10:58 AM (IST)
ਟੋਰਾਂਟੋ- ਕੈਨੇਡਾ ਦੇ ਉੱਤਰ-ਪੱਛਮੀ ਓਂਟਾਰੀਓ ਵਿਚ ਰਹਿਣ ਵਾਲੇ ਫਸਟ ਨੇਸ਼ਨ ਭਾਵ ਮੂਲ ਨਿਵਾਸੀ ਲੋਕਾਂ ਨੇ ਕੈਨੇਡਾ ਸਰਕਾਰ ਖ਼ਿਲਾਫ਼ ਆਪਣੀ ਭੜਾਸ ਕੱਢੀ ਹੈ ਤੇ ਉਨ੍ਹਾਂ ਦਾ ਦੋਸ਼ ਹੈ ਕਿ ਉਹ ਕਾਫ਼ੀ ਸਮੇਂ ਤੋਂ ਆਪਣੇ ਘਰਾਂ ਤੋਂ ਬਾਹਰ ਰਹਿਣ ਲਈ ਮਜਬੂਰ ਹਨ ਪਰ ਕੋਈ ਉਨ੍ਹਾਂ ਵੱਲ ਧਿਆਨ ਹੀ ਨਹੀਂ ਦੇ ਰਿਹਾ। ਇਨ੍ਹਾਂ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਰ ਵਿਚ ਪਾਣੀ ਬਹੁਤ ਗੰਦਾ ਆਉਂਦਾ ਹੈ ਤੇ ਇਸ ਕਾਰਨ ਉੱਬਲਦੇ ਹੋਏ ਗੰਦੇ ਪਾਣੀ ਕਾਰਨ ਉਨ੍ਹਾਂ ਨੂੰ ਆਪਣੇ ਘਰ ਛੱਡ ਕੇ ਬਾਹਰ ਰਹਿਣਾ ਪੈ ਰਿਹਾ ਹੈ।
ਅਕਤੂਬਰ ਤੋਂ ਇਹ ਲੋਕ ਥੰਡਰ ਬੇਅ ਓਂਟਾਰੀਓ ਤੋਂ 400 ਕਿਲੋਮੀਟਰ ਦੂਰ ਹੋਟਲ ਵਿਚ ਰਹਿ ਰਹੇ ਹਨ। ਨੈਸਕਾਂਟਾਗਾ ਮੂਲ ਨਿਵਾਸੀ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 25 ਸਾਲਾਂ ਤੋਂ ਇੱਥੇ ਉੱਬਲਦਾ ਹੋਇਆ ਪਾਣੀ ਲੋਕਾਂ ਲਈ ਮੁਸੀਬਤ ਬਣਿਆ ਹੋਇਆ ਹੈ। ਉਹ ਟੂਟੀਆਂ ਵਿਚੋਂ ਆਉਣ ਵਾਲੇ ਪਾਣੀ ਤੋਂ ਇੰਨਾ ਕੁ ਡਰਦੇ ਹਨ ਕਿ ਹੋਟਲ ਵਿਚ ਸਾਫ਼ ਪਾਣੀ ਮਿਲਣ ਦੇ ਬਾਵਜੂਦ ਉਨ੍ਹਾਂ ਦੇ ਦਿਲ ਵਿਚ ਪਾਣੀ ਨੂੰ ਲੈ ਕੇ ਡਰ ਹੀ ਬਣਿਆ ਰਹਿੰਦਾ ਹੈ। ਇਨ੍ਹਾਂ ਲੋਕਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਟਰੂਡੋ ਨੇ ਵਾਅਦਾ ਕੀਤਾ ਸੀ ਕਿ ਉਹ ਜਲਦੀ ਹੀ ਇਸ ਦਾ ਹੱਲ ਕੱਢਣਗੇ ਪਰ ਅਜੇ ਤੱਕ ਲੋਕ ਘਰੋਂ ਬਾਹਰ ਹੀ ਬੈਠੇ ਹਨ।
ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਨਵਰ ਸਮਝ ਕੇ ਹੀ ਘਰੋਂ ਬਾਹਰ ਰੱਖਿਆ ਗਿਆ ਹੈ ਤੇ ਕੋਈ ਉਨ੍ਹਾਂ ਵੱਲ ਧਿਆਨ ਨਹੀਂ ਦਿੰਦਾ। ਇਨ੍ਹਾਂ ਲੋਕਾਂ ਨੇ ਥਾਂ-ਥਾਂ ਪੋਸਟਰ ਲਾ ਕੇ ਅਤੇ ਰੈਲੀ ਕੱਢ ਕੇ ਆਪਣਾ ਰੋਸ ਪ੍ਰਗਟਾਇਆ ਹੈ ਤੇ ਦੱਸਿਆ ਹੈ ਕਿ ਸਰਕਾਰ ਨੇ ਉਨ੍ਹਾਂ ਨੂੰ ਅਣਗੋਲਿਆ ਕੀਤਾ ਹੈ। ਇਨ੍ਹਾਂ ਲੋਕਾਂ ਨੇ ਰੈਲੀਆਂ ਕਰਕੇ ਇਨਸਾਫ ਦੀ ਗੁਹਾਰ ਲਾਈ ਹੈ। ਹਾਲਾਂਕਿ ਟਰੂਡੋ ਸਰਕਾਰ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਉਨ੍ਹਾਂ ਨੂੰ ਇਹ ਪ੍ਰਾਜੈਕਟ ਪੂਰਾ ਕਰਨ ਵਿਚ ਦੇਰੀ ਹੋ ਗਈ। ਸਰਕਾਰ ਨੂੰ ਉਮੀਦ ਹੈ ਕਿ 2021 ਦੀ ਬਸੰਤ ਰੁੱਤ ਤੱਕ ਉਹ ਇਸ ਦਾ ਹੱਲ ਕੱਢ ਲੈਣਗੇ।