ਕੋਰੋਨਾ ਮਾਮਲੇ ਵਧਣ ਕਾਰਨ ਓਂਟਾਰੀਓ ਨੇ ਵਧਾਈ ਐਮਰਜੈਂਸੀ

01/26/2021 5:10:28 PM

ਟੋਰਾਂਟੋ- ਓਂਟਾਰੀਓ ਸੂਬੇ ਵਿਚ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਐਮਰਜੈਂਸੀ ਲਾਈ ਗਈ ਸੀ ਤੇ ਲੋਕਾਂ ਨੂੰ ਬਿਨਾਂ ਜ਼ਰੂਰੀ ਕੰਮ ਦੇ ਘਰੋਂ ਬਾਹਰ ਨਾ ਨਿਕਲਣ ਦੇ ਹੁਕਮ ਦਿੱਤੇ ਗਏ ਸਨ। ਸੂਬੇ ਨੇ ਹੋਰ 14 ਦਿਨਾਂ ਲਈ ਐਮਰਜੈਂਸੀ ਵਧਾ ਦਿੱਤੀ ਹੈ। ਐਮਰਜੈਂਸੀ ਪ੍ਰਬੰਧਨ ਤੇ ਸਿਵਲ ਸੁਰੱਖਿਆ ਐਕਟ ਨੇ 9 ਫਰਵਰੀ ਤੱਕ ਲਾਗੂ ਐਮਰਜੈਂਸੀ ਨੂੰ ਹੋਰ ਅੱਗੇ ਵਧਾ ਦਿੱਤਾ ਹੈ। ਦੱਸ ਦਈਏ ਕਿ 12 ਜਨਵਰੀ ਤੋਂ ਸੂਬੇ ਵਿਚ ਐਮਰਜੈਂਸੀ ਲਾਗੂ ਹੈ। 

ਸੂਬੇ ਦੇ ਮੁੱਖ ਮੰਤਰੀ ਡਗ ਫੋਰਡ ਨੇ ਜਨਵਰੀ ਵਿਚ ਕਿਹਾ ਸੀ ਕਿ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਨ ਉਨ੍ਹਾਂ ਨੇ ਫੈਸਲਾ ਲਿਆ ਹੈ ਕਿ ਅਗਲੇ 28 ਦਿਨਾਂ ਤੱਕ ਲੋਕਾਂ ਨੂੰ ਘਰਾਂ ਵਿਚ ਰੱਖਣ ਲਈ ਐਮਰਜੈਂਸੀ ਲਾਗੂ ਕੀਤੀ ਗਈ ਹੈ। ਦੱਸ ਦਈਏ ਕਿ ਕੈਨੇਡਾ ਵਿਚ ਸਭ ਤੋਂ ਵੱਧ ਕੋਰੋਨਾ ਮਾਮਲੇ ਓਂਟਾਰੀਓ , ਅਲਬਰਟਾ ਤੇ ਕਿਊਬਿਕ ਵਿਚ ਹੀ ਸਾਹਮਣੇ ਆਏ ਹਨ। ਇਸ ਲਈ ਇੱਥੇ ਸਖ਼ਤ ਪਾਬੰਦੀਆਂ ਵੀ ਲਾਗੂ ਕੀਤੀਆਂ ਗਈਆਂ ਹਨ। 

ਜ਼ਿਕਰਯੋਗ ਹੈ ਕਿ ਓਂਟਾਰੀਓ ਵਿਚ ਸੋਮਵਾਰ ਨੂੰ ਕੋਰੋਨਾ ਦੇ 1,958 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਐਤਵਾਰ ਨੂੰ ਇੱਥੇ ਕੋਰੋਨਾ ਦੇ 2,417 ਮਾਮਲੇ ਦਰਜ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਓਂਟਾਰੀਓ ਵਿਚ ਕੋਰਨਾ ਦੇ ਪਾਜ਼ੀਟਿਵ ਮਾਮਲਿਆਂ ਦੀ ਦਰ 5.5 ਫ਼ੀਸਦੀ ਹੋ ਗਈ ਹੈ। 


Lalita Mam

Content Editor

Related News