ਕੈਨੇਡਾ ਕ੍ਰਿਕਟ ਬੋਰਡ ਪ੍ਰਧਾਨ ਦੇ ਘਰ ''ਤੇ ਮੁੜ ਹੋਈ ਫਾਇਰਿੰਗ ! 15 ਦਿਨਾਂ ''ਚ ਦੂਜੀ ਵਾਰ ਚੱਲੀਆਂ ਗੋਲ਼ੀਆਂ
Saturday, Jun 06, 2026 - 03:10 PM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਵਿਵਾਦਾਂ ਵਿੱਚ ਘਿਰੇ ਅਤੇ ਹਾਲ ਹੀ ਵਿੱਚ ਚੁਣੇ ਗਏ 'ਕ੍ਰਿਕਟ ਕੈਨੇਡਾ' ਦੇ ਪ੍ਰਧਾਨ ਅਰਵਿੰਦ ਖੋਸਾ ਦੇ ਘਰ ਨੂੰ ਇਕ ਵਾਰ ਫ਼ਿਰ ਤੋਂ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਈਆਂ ਗਈਆਂ ਹਨ। ਪੁਲਸ ਮੁਤਾਬਕ ਇਹ ਹਮਲਾ ਵੀ ਜਬਰਨ ਵਸੂਲੀ ਦੇ ਮਾਮਲੇ ਨਾਲ ਜੁੜਿਆ ਹੋਇਆ ਹੈ।
ਵੀਰਵਾਰ, 4 ਜੂਨ ਨੂੰ ਤੜਕੇ ਲਗਭਗ 4:02 ਵਜੇ, ਸਰੀ ਪੁਲਸ ਸਰਵਿਸ ਦੇ ਫਰੰਟਲਾਈਨ ਅਧਿਕਾਰੀਆਂ ਨੇ 57 ਐਵੇਨਿਊ ਅਤੇ 148 ਸਟ੍ਰੀਟ ਦੇ ਇਲਾਕੇ 'ਚ ਇੱਕ ਘਰ ਦੇ ਬਾਹਰ ਗੋਲੀਆਂ ਚੱਲਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਸਨ, ਜਿਸ 'ਤੇ ਕਾਰਵਾਈ ਕਰਦਿਆਂ ਪੁਲਸ ਟੀਮਾਂ ਮੌਕੇ 'ਤੇ ਪਹੁੰਚੀਆਂ, ਜਿੱਥੋਂ ਪੁਲਸ ਨੂੰ ਗੋਲੀਆਂ ਚੱਲਣ ਦੇ ਪੁਖ਼ਤਾ ਸਬੂਤ ਮਿਲੇ ਹਨ। ਇਸ ਤੋਂ ਪਹਿਲਾਂ 20 ਮਈ ਨੂੰ ਵੀ ਇਸੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਸੀ ਅਤੇ ਪਰਿਵਾਰ ਨੂੰ ਧਮਕੀਆਂ ਮਿਲੀਆਂ ਸਨ।
ਇਹ ਵੀ ਪੜ੍ਹੋ- ਕੈਨੇਡਾ 'ਚ ਚੱਲਿਆ Project JetSetter ! ਪੰਜਾਬੀਆਂ ਸਣੇ 46 ਗ੍ਰਿਫ਼ਤਾਰ, 164 ਫਰਾਰ
ਜਾਣਕਾਰੀ ਮੁਤਾਬਕ ਗੋਲੀਬਾਰੀ ਦੇ ਸਮੇਂ ਘਰ ਦੇ ਅੰਦਰ ਲੋਕ ਮੌਜੂਦ ਸਨ, ਪਰ ਗਨਿਮਤ ਰਹੀ ਕਿ ਇਸ ਹਮਲੇ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ। ਹਾਲਾਂਕਿ ਜਾਂਚ ਅਜੇ ਸ਼ੁਰੂਆਤੀ ਦੌਰ ਵਿੱਚ ਹੈ, ਪਰ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਰੀ ਪੁਲਸ ਦੀ 'ਐਕਸਟੋਰਸ਼ਨ ਰਿਸਪਾਂਸ ਟੀਮ' ਨੇ ਜਾਂਚ ਦੀ ਕਮਾਨ ਆਪਣੇ ਹੱਥਾਂ ਵਿੱਚ ਲੈ ਲਈ ਹੈ। ਇਸ ਦੇ ਨਾਲ ਹੀ 'ਇੰਟੀਗ੍ਰੇਟਿਡ ਫੋਰੈਂਸਿਕ ਆਈਡੈਂਟੀਫਿਕੇਸ਼ਨ ਸਰਵਿਸਿਜ਼' ਦੀਆਂ ਟੀਮਾਂ ਇਲਾਕੇ ਵਿੱਚੋਂ ਭੌਤਿਕ ਅਤੇ ਡਿਜੀਟਲ ਸਬੂਤ ਇਕੱਠੇ ਕਰ ਰਹੀਆਂ ਹਨ।
ਇਸ ਮਾਮਲੇ 'ਚ ਪੁਲਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਘਟਨਾ ਸਬੰਧੀ ਕੋਈ ਜਾਣਕਾਰੀ, ਸੀ.ਸੀ.ਟੀ.ਵੀ. ਜਾਂ ਡੈਸ਼ਕੈਮ ਫੁਟੇਜ ਹੋਵੇ, ਜਾਂ ਕੋਈ ਸ਼ੱਕੀਆਂ ਨੂੰ ਜਾਣਦਾ ਹੋਵੇ, ਤਾਂ ਉਹ ਤੁਰੰਤ ਸਰੀ ਪੁਲਸ ਦੀ ਨਾਨ-ਐਮਰਜੈਂਸੀ ਲਾਈਨ (604-599-0502) ਜਾਂ ਕ੍ਰਾਈਮ ਸਟਾਪਰਜ਼ (1-800-222-8477) 'ਤੇ ਸੰਪਰਕ ਕਰ ਕੇ ਜਾਣਕਾਰੀ ਸਾਂਝੀ ਕਰੇ।
ਇਹ ਵੀ ਪੜ੍ਹੋ- ਭਾਰਤ ਬਾਰੇ ਪੁਤਿਨ ਦਾ ਵੱਡਾ ਬਿਆਨ ! 'ਧਮਕੀਆਂ' ਦੇਣ ਵਾਲਿਆਂ ਨੂੰ ਵੀ ਦੇ'ਤੀ Warning
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
