ਕੈਨੇਡਾ ਸਰਕਾਰ ਦੇ ਇਕ ਫ਼ੈਸਲੇ ਨੇ ਤੋੜ''ਤਾ ਪੰਜਾਬੀਆਂ ਦਾ ਦਿਲ ! ਹੁਣ ਇਨ੍ਹਾਂ ਦੇਸ਼ਾਂ ਦਾ ਕਰਨ ਲੱਗੇ ਰੁਖ਼

Wednesday, Jul 22, 2026 - 02:38 PM (IST)

ਕੈਨੇਡਾ ਸਰਕਾਰ ਦੇ ਇਕ ਫ਼ੈਸਲੇ ਨੇ ਤੋੜ''ਤਾ ਪੰਜਾਬੀਆਂ ਦਾ ਦਿਲ ! ਹੁਣ ਇਨ੍ਹਾਂ ਦੇਸ਼ਾਂ ਦਾ ਕਰਨ ਲੱਗੇ ਰੁਖ਼

ਇੰਟਰਨੈਸ਼ਨਲ ਡੈਸਕ- ਕੈਨੇਡਾ ਸਰਕਾਰ ਦੇ ਇਕ ਫ਼ੈਸਲੇ ਨੇ ਭਾਰਤੀਆਂ ਖ਼ਾਸ ਕਰ ਕੇ ਪੰਜਾਬੀ ਵਿਦਿਆਰਥੀਆਂ ਦੀ ਦਿਲ ਤੋੜ ਦਿੱਤਾ ਹੈ। ਸਰਕਾਰ ਦੇ ਸਪਾਊਸ ਵੀਜ਼ਾ 'ਤੇ ਪਾਬੰਦੀ ਲਗਾਉਣ ਮਗਰੋਂ ਪੰਜਾਬੀ ਵਿਦਿਆਰਥੀ ਹੁਣ ਦੂਜੇ ਦੇਸ਼ਾਂ ਦਾ ਰੁਖ਼ ਕਰ ਰਹੇ ਹਨ। ਹਾਲ ਹੀ ਵਿਚ ਕੈਨੇਡਾ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਵੀ ਮੰਨਿਆ ਹੈ ਕਿ ਭਾਰਤ ਖ਼ਾਸ ਕਰ ਕੇ ਪੰਜਾਬ ਤੋਂ ਸਟੱਡੀ ਵੀਜ਼ਾ ਦੀਆਂ ਅਰਜ਼ੀਆਂ ਵਿੱਚ ਆਈ ਕਮੀ ਦਾ ਇੱਕ ਵੱਡਾ ਕਾਰਨ ਪਤੀ-ਪਤਨੀ (Spouse) ਦੇ ਓਪਨ ਵਰਕ ਪਰਮਿਟ 'ਤੇ ਲਗਾਈਆਂ ਗਈਆਂ ਪਾਬੰਦੀਆਂ ਹਨ। 

ਕੈਨੇਡੀਅਨ ਹਾਈ ਕਮਿਸ਼ਨ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਇਨ੍ਹਾਂ ਪਾਬੰਦੀਆਂ ਨੇ ਪਹਿਲਾਂ ਤੋਂ ਚੱਲ ਰਹੇ 'ਸਹੂਲਤ ਦੇ ਵਿਆਹਾਂ' ਜਾਂ 'ਕੰਟਰੈਕਟ ਮੈਰਿਜ' ਦੇ ਰੁਝਾਨ ਨੂੰ ਤੋੜ ਦਿੱਤਾ ਹੈ।ਨਵੀਂ ਦਿੱਲੀ ਸਥਿਤ ਕੈਨੇਡੀਅਨ ਹਾਈ ਕਮਿਸ਼ਨ ਦੇ ਫਸਟ ਸੈਕਟਰੀ ਹਾਨ ਡੂਆਨ ਨੇ ਖੁਲਾਸਾ ਕੀਤਾ ਕਿ ਕੈਨੇਡਾ ਵਿੱਚ ਪੜ੍ਹਾਈ ਅਤੇ ਰਹਿਣ-ਸਹਿਣ ਦਾ ਖਰਚਾ ਬਹੁਤ ਜ਼ਿਆਦਾ ਹੋਣ ਕਾਰਨ ਕਈ ਪੰਜਾਬੀ ਬਿਨੈਕਾਰ ਵਿੱਤੀ ਸਹਾਇਤਾ ਲਈ ਅਜਿਹੇ ਵਿਆਹਾਂ ਦਾ ਸਹਾਰਾ ਲੈਂਦੇ ਸਨ। ਇਸ ਬਦਲੇ ਦੂਜੇ ਸਾਥੀ ਨੂੰ ਸਪਾਊਸ ਓਪਨ ਵਰਕ ਪਰਮਿਟ ਮਿਲ ਜਾਂਦਾ ਸੀ। ਇਹ ਢੰਗ ਸਥਾਨਕ ਅਖ਼ਬਾਰਾਂ ਅਤੇ ਡੇਟਿੰਗ ਐਪਸ 'ਤੇ ਸ਼ਰੇਆਮ ਇਸ਼ਤਿਹਾਰਾਂ ਰਾਹੀਂ ਪ੍ਰਚਾਰਿਆ ਜਾਂਦਾ ਸੀ।

ਪੜ੍ਹੋ ਇਹ ਅਹਿਮ ਖ਼ਬਰ-  ਈਰਾਨ ਨੂੰ 'ਨਾਂਹ' ਤੇ ਸਾਊਦੀ ਨੂੰ 'ਹਾਂ' ! ਪਰਮਾਣੂ ਸਮਝੌਤੇ 'ਤੇ ਟਰੰਪ ਦਾ 'ਦੋਗਲਾ' ਚਿਹਰਾ ਆਇਆ ਸਾਹਮਣੇ

ਸਰੋਤਾਂ ਅਨੁਸਾਰ ਕੈਨੇਡਾ ਵੱਲੋਂ ਸਪਾਊਸ ਵੀਜ਼ਾ ਨਿਯਮਾਂ ਵਿੱਚ ਕੀਤੀ ਸਖ਼ਤੀ ਤੋਂ ਬਾਅਦ ਪੰਜਾਬੀ ਵਿਦਿਆਰਥੀਆਂ ਨੇ ਹੁਣ ਉਨ੍ਹਾਂ ਦੇਸ਼ਾਂ ਵੱਲ ਰੁਖ਼ ਕਰ ਲਿਆ ਹੈ ਜੋ ਅਜੇ ਵੀ ਪਤੀ-ਪਤਨੀ ਨੂੰ ਵੀਜ਼ਾ ਦਿੰਦੇ ਹਨ। ਖਾਸ ਕਰਕੇ ਜਰਮਨੀ, ਸਵੀਡਨ ਅਤੇ ਫਿਨਲੈਂਡ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ 'ਭਾਰੀ ਵਾਧਾ' ਦੇਖਿਆ ਗਿਆ ਹੈ। ਇਸੇ ਤਰ੍ਹਾਂ ਦੇ ਰੁਝਾਨ ਆਇਰਲੈਂਡ, ਫਰਾਂਸ ਅਤੇ ਇਟਲੀ ਵਿੱਚ ਵੀ ਦੇਖੇ ਗਏ ਹਨ। ਦੂਜੇ ਪਾਸੇ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਯੂਨਾਈਟਿਡ ਕਿੰਗਡਮ ਵਿੱਚ ਵੀ ਭਾਰਤੀ ਅਰਜ਼ੀਆਂ ਵਿੱਚ ਕਮੀ ਆਈ ਹੈ ਕਿਉਂਕਿ ਉਨ੍ਹਾਂ ਨੇ ਵੀ ਅਜਿਹੀਆਂ ਹੀ ਪਾਬੰਦੀਆਂ ਲਗਾਈਆਂ ਹਨ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਨਾ ਸਿਰਫ਼ ਅਰਜ਼ੀਆਂ ਦੀ ਗਿਣਤੀ ਘਟੀ ਹੈ, ਸਗੋਂ ਵਿਦਿਆਰਥੀਆਂ ਦੀ ਗੁਣਵੱਤਾ ਵਿੱਚ ਵੀ ਗਿਰਾਵਟ ਆਈ ਹੈ। ਚੰਗੇ ਅਕਾਦਮਿਕ ਰਿਕਾਰਡ ਅਤੇ ਭਾਸ਼ਾ ਵਿੱਚ ਮੁਹਾਰਤ ਰੱਖਣ ਵਾਲੇ ਵਿਦਿਆਰਥੀ ਹੁਣ ਉਨ੍ਹਾਂ ਦੇਸ਼ਾਂ ਨੂੰ ਪਹਿਲ ਦੇ ਰਹੇ ਹਨ ਜਿੱਥੇ ਸਪਾਊਸ ਵੀਜ਼ਾ ਦੀ ਸਹੂਲਤ ਮਿਲਦੀ ਹੈ। ਇਸ ਤੋਂ ਇਲਾਵਾ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਪ੍ਰਤੀ ਬਦਲਦੇ ਜਨਤਕ ਨਜ਼ਰੀਏ ਨੇ ਵੀ ਵਿਦਿਆਰਥੀਆਂ ਦੇ ਫੈਸਲਿਆਂ ਨੂੰ ਪ੍ਰਭਾਵਿਤ ਕੀਤਾ ਹੈ।
ਜ਼ਿਕਰਯੋਗ ਹੈ ਕਿ ਕੈਨੇਡਾ ਨੇ ਇਹ ਪਾਬੰਦੀਆਂ ਸਾਲ 2024 ਵਿੱਚ ਸ਼ੁਰੂ ਕੀਤੀਆਂ ਸਨ। ਮੌਜੂਦਾ ਨਿਯਮਾਂ ਅਨੁਸਾਰ ਅੰਡਰ-ਗ੍ਰੈਜੂਏਟ ਅਤੇ ਕਾਲਜ ਕੋਰਸਾਂ ਵਿੱਚ ਪੜ੍ਹਨ ਵਾਲੇ ਜ਼ਿਆਦਾਤਰ ਵਿਦਿਆਰਥੀਆਂ ਦੇ ਪਤੀ ਜਾਂ ਪਤਨੀ ਹੁਣ ਵਰਕ ਪਰਮਿਟ ਲਈ ਯੋਗ ਨਹੀਂ ਹਨ। ਇਨ੍ਹਾਂ ਨੀਤੀਆਂ ਨੇ ਉਨ੍ਹਾਂ ਲੋਕਾਂ ਦੀਆਂ ਯੋਜਨਾਵਾਂ ਨੂੰ ਪੂਰੀ ਤਰ੍ਹਾਂ ਵਿਗਾੜ ਦਿੱਤਾ ਹੈ ਜੋ ਪੜ੍ਹਾਈ ਦੀ ਬਜਾਏ ਕੰਮ ਨੂੰ ਪਹਿਲ ਦੇਣ ਲਈ ਕੈਨੇਡਾ ਆਉਣਾ ਚਾਹੁੰਦੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News