ਕੈਨੇਡਾ ਭੇਜਣ ਦੇ ਨਾਂ ’ਤੇ 42 ਲੱਖ ਦੀ ਠੱਗੀ, ਟ੍ਰੈਵਲ ਏਜੰਟ ਜੋੜਾ ਗ੍ਰਿਫ਼ਤਾਰ
Wednesday, Jul 15, 2026 - 09:24 AM (IST)
ਫਗਵਾੜਾ - ਪੰਜਾਬ ਵਿਚ ਸ਼ਾਹਕੋਟ ਪੁਲਸ ਨੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 42 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਇਕ ਟ੍ਰੈਵਲ ਏਜੰਟ ਜੋੜੇ (ਪਤੀ-ਪਤਨੀ) ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ’ਤੇ ਇਕ ਔਰਤ ਤੋਂ ਉਸ ਦੇ ਪੁੱਤਰ ਅਤੇ ਧੀ ਨੂੰ ਯੂਨਾਨ ਤੋਂ ਕੈਨੇਡਾ ਭੇਜਣ ਦਾ ਵਾਅਦਾ ਕਰ ਕੇ ਵੱਡੀ ਰਕਮ ਹੜੱਪਣ ਦਾ ਦੋਸ਼ ਹੈ। ਸ਼ਾਹਕੋਟ ਦੇ ਡੀ. ਐੱਸ. ਪੀ. ਸਰਵਣ ਸਿੰਘ ਨੇ ਮੰਗਲਵਾਰ ਨੂੰ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਸੇਵਾ ਸਿੰਘ ਨਿਵਾਸੀ ਪਿੰਡ ਸਾਦਿਕਪੁਰ ਅਤੇ ਉਸ ਦੀ ਪਤਨੀ ਪਲਵਿੰਦਰ ਕੌਰ ਵਜੋਂ ਹੋਈ ਹੈ।
ਪੁਲਸ ਅਨੁਸਾਰ ਮਲਸੀਆਂ ਪਿੰਡ ਦੀ ਰਹਿਣ ਵਾਲੀ ਕਮਲੇਸ਼ ਰਾਣੀ ਨੇ ਜਲੰਧਰ (ਦਿਹਾਤੀ) ਦੇ ਐੱਸ. ਐੱਸ. ਪੀ. ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ ਆਪਣੇ ਪੁੱਤਰ ਅਤੇ ਧੀ ਨੂੰ ਯੂਨਾਨ ਤੋਂ ਕੈਨੇਡਾ ਭੇਜਣ ਲਈ ਮੁਲਜ਼ਮਾਂ ਨੂੰ 42 ਲੱਖ ਰੁਪਏ ਦਿੱਤੇ ਸਨ।
ਦੋਸ਼ ਹੈ ਕਿ ਜੋੜੇ ਨੇ ਨਾ ਤਾਂ ਦੋਵਾਂ ਬੱਚਿਆਂ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਰਕਮ ਵਾਪਸ ਕੀਤੀ। ਡੀ. ਅੈੱਸ. ਪੀ. ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 406 (ਅਮਾਨਤ ਵਿਚ ਖ਼ਿਆਨਤ), 420 (ਧੋਖਾਧੜੀ), 34 (ਸਾਂਝੀ ਨੀਅਤ) ਅਤੇ ਟ੍ਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਦੀ ਧਾਰਾ 13 ਤਹਿਤ ਮਾਮਲਾ ਦਰਜ ਕੀਤਾ ਗਿਆ। ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਪਤਾ ਲਾਇਆ ਜਾ ਰਿਹਾ ਹੈ ਕਿ ਕਿਤੇ ਮੁਲਜ਼ਮਾਂ ਨੇ ਹੋਰ ਲੋਕਾਂ ਨਾਲ ਵੀ ਇਸੇ ਤਰ੍ਹਾਂ ਦੀ ਠੱਗੀ ਤਾਂ ਨਹੀਂ ਮਾਰੀ ਹੈ।
