ਕੈਨੇਡਾ ’ਚ ਕਤਲ ਦੀ ਸਾਜ਼ਿਸ਼ ਤੇ ਜਬਰਨ ਵਸੂਲੀ ਦੇ ਦੋਸ਼ਾਂ ਹੇਠ ‘ਸਫਲਦੀਪ ਸਿੰਘ’ ਗ੍ਰਿਫ਼ਤਾਰ
Tuesday, Jul 21, 2026 - 01:34 AM (IST)
ਟੋਰਾਂਟੋ - ਪੰਜਾਬੀ ਮੂਲ ਦੇ 22 ਸਾਲਾ ਨੌਜਵਾਨ ਸਫਲਦੀਪ ਸਿੰਘ ਨੂੰ ਕੈਨੇਡਾ ਪੁਲਸ ਨੇ ‘ਫਾਰ ਬ੍ਰਦਰਜ਼’ ਨਾਮਕ ਸਰਹੱਦ ਪਾਰ ਅਪਰਾਧਿਕ ਨੈੱਟਵਰਕ ਨਾਲ ਕਥਿਤ ਸਬੰਧਾਂ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਨੈੱਟਵਰਕ ਭਾਰਤ-ਕੈਨੇਡਾ ਦੇ ਕਾਰੋਬਾਰਾਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਅਤੇ ਜਬਰਨ ਵਸੂਲੀ ਦੀਆਂ ਘਟਨਾਵਾਂ ’ਚ ਸ਼ਾਮਲ ਹੈ। ਐਡਮੰਟਨ ਪੁਲਸ ਸਰਵਿਸ (ਈ.ਪੀ.ਐੱਸ.) ਨੇ ਐਲਾਨ ਕੀਤਾ ਕਿ ਕਤਲ ਦੀ ਸਾਜ਼ਿਸ਼ ਅਤੇ ਜਬਰਨ ਵਸੂਲੀ ਦੇ ਦੋਸ਼ਾਂ ਹੇਠ ਉਸ ਦੇ ਖ਼ਿਲਾਫ਼ ਪੂਰੇ ਕੈਨੇਡਾ ਵਿਚ ਵਾਰੰਟ ਜਾਰੀ ਕੀਤੇ ਗਏ ਸਨ। ਪੁਲਸ ਦਾ ਦੋਸ਼ ਹੈ ਕਿ ਸਿੰਘ ਦੇ ਸਬੰਧ ‘ਫਾਰ ਬ੍ਰਦਰਜ਼’ ਗਿਰੋਹ ਨਾਲ ਹਨ, ਜਿਸ ਨੂੰ ਉਹ ‘ਇਕ ਸੰਗਠਿਤ ਅਪਰਾਧਿਕ ਨੈੱਟਵਰਕ’ ਦੇ ਰੂਪ ਵਿਚ ਵਰਣਨ ਕਰਦੇ ਹਨ, ਜੋ ਗ੍ਰੇਟਰ ਟੋਰਾਂਟੋ ਖੇਤਰ ਅਤੇ ਸੰਯੁਕਤ ਰਾਜ ਅਮਰੀਕਾ ਵਿਚ ਇੰਡੋ-ਕੈਨੇਡੀਅਨ ਕਾਰੋਬਾਰੀ ਮਾਲਕਾਂ ਅਤੇ ਭਾਈਚਾਰੇ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਅਤੇ ਜਬਰਨ ਵਸੂਲੀ ਨਾਲ ਜੁੜਿਆ ਹੋਇਆ ਹੈ।
