ਅਮਨਪ੍ਰੀਤ ਮਠਾਰੂ ਨੇ ''ਮਿਸ ਇੰਟਰਨੈਸ਼ਨਲ ਕੈਨੇਡਾ 2026'' ਦੇ ਟੌਪ-12 ਫਾਈਨਲਿਸਟਾਂ ''ਚ ਬਣਾਈ ਜਗ੍ਹਾ
Thursday, Jul 16, 2026 - 03:00 PM (IST)
ਨਿਊਯਾਰਕ/ਬਰੈਂਪਟਨ (ਰਾਜ ਗੋਗਨਾ)- ਕੈਨੇਡਾ ਦੇ ਬਰੈਂਪਟਨ ਦੀ ਰਹਿਣ ਵਾਲੀ ਭਾਰਤੀ-ਕੈਨੇਡੀਅਨ ਮੁਟਿਆਰ ਅਮਨਪ੍ਰੀਤ ਮਠਾਰੂ ਨੇ ‘ਮਿਸ ਇੰਟਰਨੈਸ਼ਨਲ ਕੈਨੇਡਾ 2026’ ਸੁੰਦਰਤਾ ਮੁਕਾਬਲੇ ਵਿੱਚ ਇੱਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਅਮਨਪ੍ਰੀਤ ਨੇ ਆਪਣੀ ਪ੍ਰਤਿਭਾ, ਆਤਮ-ਵਿਸ਼ਵਾਸ ਅਤੇ ਦ੍ਰਿੜਤਾ ਦੀ ਬਦੌਲਤ ਦੇਸ਼ ਭਰ ਦੀਆਂ ਪ੍ਰਤੀਯੋਗੀਆਂ ਨੂੰ ਪਛਾੜਦੇ ਹੋਏ ਚੋਟੀ ਦੇ 12 ਫਾਈਨਲਿਸਟਾਂ (ਟੌਪ 12) ਵਿੱਚ ਅਧਿਕਾਰਤ ਤੌਰ ’ਤੇ ਆਪਣੀ ਜਗ੍ਹਾ ਸੁਰੱਖਿਅਤ ਕਰ ਲਈ ਹੈ। ਇਸ ਇਤਿਹਾਸਕ ਸਫ਼ਲਤਾ ਨਾਲ ਉਹ ਰਾਸ਼ਟਰੀ ਖ਼ਿਤਾਬ ਜਿੱਤਣ ਦੇ ਬਹੁਤ ਨਜ਼ਦੀਕ ਪਹੁੰਚ ਗਈ ਹੈ, ਜਿਸ ਕਾਰਨ ਪੂਰੇ ਬਰੈਂਪਟਨ ਸ਼ਹਿਰ ਅਤੇ ਪ੍ਰਵਾਸੀ ਭਾਰਤੀ ਭਾਈਚਾਰੇ ਵਿੱਚ ਖ਼ੁਸ਼ੀ ਲਹਿਰ ਦੌੜ ਪਈ ਹੈ।
ਬਰੈਂਪਟਨ ਵਿੱਚ ਜੰਮੀ-ਪਲੀ ਅਮਨਪ੍ਰੀਤ ਮਾਠਾਰੂ ਸਿਰਫ਼ ਸੁੰਦਰਤਾ ਦੇ ਮੰਚ ਤੱਕ ਹੀ ਸੀਮਤ ਨਹੀਂ ਹੈ, ਸਗੋਂ ਉਹ ਸਮਾਜ ਵਿੱਚ ਔਰਤਾਂ ਦੇ ਸਸ਼ਕਤੀਕਰਨ ਅਤੇ ਮਾਨਸਿਕ ਤੰਦਰੁਸਤੀ ਲਈ ਲਗਾਤਾਰ ਆਵਾਜ਼ ਬੁਲੰਦ ਕਰ ਰਹੀ ਹੈ। ਆਪਣੀ ਵਿਸ਼ੇਸ਼ ਮੁਹਿੰਮ ਰਾਹੀਂ ਉਹ ਨੌਜਵਾਨ ਲੜਕੀਆਂ ਨੂੰ ਕਲਾਤਮਕ ਪ੍ਰਗਟਾਵੇ ਦੀ ਮਦਦ ਨਾਲ ਆਤਮ-ਵਿਸ਼ਵਾਸ ਵਧਾਉਣ ਅਤੇ ਆਪਣੀ ਵਿਲੱਖਣ ਪਛਾਣ ਬਣਾਉਣ ਲਈ ਪ੍ਰੇਰਿਤ ਕਰਦੀ ਆ ਰਹੀ ਹੈ। ਇਸ ਵੱਕਾਰੀ ਮੁਕਾਬਲੇ ਤਹਿਤ ‘ਟੌਪ-12’ ਵਿੱਚ ਚੁਣੇ ਜਾਣ ਤੋਂ ਬਾਅਦ ਅਮਨਪ੍ਰੀਤ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਮੰਚ ਉਨ੍ਹਾਂ ਔਰਤਾਂ ਦੀ ਨੁਮਾਇੰਦਗੀ ਕਰਨ ਦਾ ਇੱਕ ਸੁਨਹਿਰੀ ਮੌਕਾ ਹੈ ਜੋ ਸਮਾਜ ਵਿੱਚ ਆਪਣੀ ਪਛਾਣ ਅਤੇ ਕਦਰ ਪਾਉਣ ਲਈ ਸੰਘਰਸ਼ ਕਰ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਇਸ ਵਾਰ ‘ਮਿਸ ਇੰਟਰਨੈਸ਼ਨਲ ਕੈਨੇਡਾ -2026’ ਦੇ ਹੋਏ ਮੁਕਾਬਲੇ ਵਿੱਚ ਮੁਟਿਆਰਾਂ ਦੀ ਕੇਵਲ ਬਾਹਰੀ ਸੁੰਦਰਤਾ ਹੀ ਨਹੀਂ, ਸਗੋਂ ਉਨ੍ਹਾਂ ਦੀ ਬੁੱਧੀ, ਲੀਡਰਸ਼ਿਪ (ਕੁਸ਼ਲਤਾ) ਅਤੇ ਸਮਾਜਿਕ ਸਰੋਕਾਰਾਂ ਪ੍ਰਤੀ ਵਚਨਬੱਧਤਾ ਨੂੰ ਮੁੱਖ ਰੱਖਿਆ ਗਿਆ ਹੈ। ਅਮਨਪ੍ਰੀਤ ਇਸ ਆਧੁਨਿਕ ਮਿਆਰ ’ਤੇ ਪੂਰੀ ਤਰ੍ਹਾਂ ਖਰੀ ਉੱਤਰੀ ਹੈ। ਮੁਕਾਬਲੇ ਦੇ ਅਗਲੇ ਪੜਾਅ ਵੱਲ ਵਧਦਿਆਂ ਅਮਨਪ੍ਰੀਤ ਨੂੰ ਉਸ ਦੇ ਪਰਿਵਾਰ, ਦੋਸਤਾਂ ਅਤੇ ਸਥਾਨਕ ਭਾਈਚਾਰੇ ਵੱਲੋਂ ਭਰਵਾਂ ਸਮਰਥਨ ਮਿਲ ਰਿਹਾ ਹੈ ਅਤੇ ਲੋਕ ਉਸ ਨੂੰ ਨਵੀਂ ਪੀੜ੍ਹੀ ਲਈ ਇੱਕ ਮਿਸਾਲੀ ਰੋਲ ਮਾਡਲ ਵਜੋਂ ਦੇਖ ਰਹੇ ਹਨ।
