ਕੈਨੇਡਾ 'ਚ ਲੋਕਾਂ ਦੀਆਂ ਵਧਣਗੀਆਂ ਮੁਸ਼ਕਲਾਂ, ਕਾਰ ਬੀਮਾ ਹੋਵੇਗਾ 600 ਡਾਲਰ ਮਹਿੰਗਾ

Wednesday, Feb 07, 2024 - 01:17 PM (IST)

ਕੈਨੇਡਾ 'ਚ ਲੋਕਾਂ ਦੀਆਂ ਵਧਣਗੀਆਂ ਮੁਸ਼ਕਲਾਂ, ਕਾਰ ਬੀਮਾ ਹੋਵੇਗਾ 600 ਡਾਲਰ ਮਹਿੰਗਾ

ਟੋਰਾਂਟੋ : ਕੈਨੇਡਾ ਵਾਸੀਆਂ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ। ਨਾਗਰਿਕਾਂ ਨੂੰ ਹੁਣ ਕਾਰ ਬੀਮੇ ਲਈ ਆਪਣੀ ਜੇਬ ਹੋਰ ਢਿੱਲੀ ਕਰਨੀ ਪਵੇਗੀ। ਇਕ ਤਾਜ਼ਾ ਰਿਪੋਰਟ ਮੁਤਾਬਕ ਰਾਜਾਂ ਦੇ ਆਧਾਰ ’ਤੇ ਓਂਟਾਰੀਓ ਵਾਸੀ ਸਭ ਤੋਂ ਵੱਧ ਪ੍ਰਭਾਵਤ ਹੋਣਗੇ ਜਦਕਿ ਸ਼ਹਿਰਾਂ ਦੇ ਆਧਾਰ ’ਤੇ ਬਰੈਂਪਟਨ ਵਾਸੀਆਂ 'ਤੇ ਪੈਣ ਵਾਲਾ ਆਰਥਿਕ ਬੋਝ ਸਭ ਤੋਂ ਜ਼ਿਆਦਾ ਹੋ ਸਕਦਾ ਹੈ। ਕੁੱਲ ਮਿਲਾ ਕੇ ਕਾਰ ਬੀਮਾ 25 ਫ਼ੀਸਦੀ ਤੱਕ ਮਹਿੰਗਾ ਹੋਣ ਦੀ ਸੰਭਾਵਨਾ ਹੈ।

PunjabKesari

ਮੌਜੂਦਾ ਪ੍ਰੀਮੀਅਮ ਵਿਚ 25 ਫ਼ੀਸਦੀ ਵਾਧਾ ਹੋਣ ਦੇ ਆਸਾਰ

ਸੀ.ਬੀ.ਸੀ. ਵੱਲੋਂ ਪ੍ਰਕਾਸ਼ਤ ‘ਰੇਟਸ ਡਾਟ ਸੀ ਏ’ ਦੀ ਰਿਪੋਰਟ ਮੁਤਾਬਕ ਇਸ ਵੇਲੇ ਗ੍ਰੇਟਰ ਟੋਰਾਂਟੋ ਏਰੀਆ ਵਿਚ ਇਕ ਗੱਡੀ ਦਾ ਔਸਤ ਪ੍ਰੀਮੀਅਮ 2,391 ਡਾਲਰ ਬਣਦਾ ਹੈ ਅਤੇ 25 ਫ਼ੀਸਦੀ ਵਾਧੇ ਮਗਰੋਂ ਤਕਰੀਬਨ 600 ਡਾਲਰ ਹੋਰ ਦੇਣੇ ਹੋਣਗੇ। ਉਧਰ ਫਾਇਨੈਂਸ਼ੀਅਲ ਸਰਵਿਸਿਜ਼ ਰੈਗੁਲੇਟਰੀ ਅਥਾਰਟੀ ਆਫ਼ ਓਂਟਾਰੀਓ ਨੇ ਕਿਹਾ ਕਿ ਬੀਮਾ ਦਰਾਂ ਦੇ ਭਾਰੀ ਬੋਝ ਤੋਂ ਕਾਰ ਮਾਲਕਾਂ ਨੂੰ ਬਚਾਉਣ ਲਈ ਕਾਨੂੰਨ ਵਿਚ ਸੋਧ ਕੀਤੀ ਜਾ ਰਹੀ ਹੈ। ‘ਰੇਟਸ ਡਾਟ ਸੀ ਏ’ ਨਾਲ ਸਬੰਧਤ ਬੀਮਾ ਮਾਹਰ ਡੈਨੀਅਲ ਇਵਾਨਜ਼ ਦਾ ਕਹਿਣਾ ਹੈ ਕਿ ਵਿਆਜ਼ ਦਰਾਂ ਉਚੀਆਂ ਹੋਣ ਅਤੇ ਮਹਿੰਗਾਈ ਲਗਾਤਾਰ ਕਾਇਮ ਰਹਿਣ ਕਾਰਨ ਬੀਮਾ ਕੰਪਨੀਆਂ ਨੂੰ ਹਾਦਸਾਗ੍ਰਸਤ ਗੱਡੀਆਂ ਦੇ ਦਾਅਵੇ ਅਦਾ ਕਰਨ ਲਈ ਵੱਧ ਰਕਮ ਦੇਣੀ ਪੈ ਰਹੀ ਹੈ। ਜਦੋਂ ਦਾਅਵਿਆਂ ਦੀ ਰਕਮ ਵਧੇਗੀ ਤਾਂ ਬੀਮਾ ਪ੍ਰੀਮੀਅਮ ਵੀ ਵਧਣਗੇ।

ਪੜ੍ਹੋ ਇਹ ਅਹਿਮ ਖ਼ਬਰ-ਪਹਿਲੀ ਵਾਰ ਬ੍ਰਿਟੇਨ ਦੇ ਸਕੂਲਾਂ 'ਚ ਬੱਚੇ ਪੜ੍ਹਨਗੇ ਭਾਰਤੀ ਧਰਮਾਂ ਬਾਰੇ, ਕੋਰਸ ਅਪ੍ਰੈਲ ਤੋਂ ਸ਼ੁਰੂ

ਚੋਰੀ ਦੀਆਂ ਵਾਰਦਾਤਾਂ ਨੇ ਬੀਮਾ ਕੰਪਨੀਆਂ ਨੂੰ ਪ੍ਰੀਮੀਅਮ ਵਧਾਉਣ ਲਈ ਕੀਤਾ ਮਜਬੂਰ

ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਮਹਿੰਗਾਈ ਕੁਝ ਮਹੀਨੇ ਦੇ ਅੰਦਰ ਕਾਬੂ ਹੇਠ ਆ ਸਕਦੀ ਹੈ ਪਰ ਬੀਮਾ ਦਰਾਂ ਵਿਚ ਵਾਧੇ ਦਾ ਇਕ ਹੋਰ ਵੱਡਾ ਕਾਰਨ ਹਜ਼ਾਰਾਂ ਦੀ ਗਿਣਤੀ ਵਿਚ ਚੋਰੀ ਹੋ ਰਹੀਆਂ ਗੱਡੀਆਂ ਹਨ। ਇੰਸ਼ੋਰੈਂਸ ਬੋਰਡ ਆਫ ਕੈਨੇਡਾ ਦਾ ਕਹਿਣਾ ਹੈ ਕਿ ਬੀਮਾ ਕੰਪਨੀਆਂ ਵੱਲੋਂ 2022 ਵਿਚ ਇਕ ਅਰਬ ਡਾਲਰ ਦੀ ਅਦਾਇਗੀ ਕਾਰ ਮਾਲਕਾਂ ਨੂੰ ਕੀਤੀ ਗਈ ਅਤੇ ਇਸ ਵਿਚੋਂ ਅੱਧੀ ਰਕਮ ਇਕੱਲੇ ਗਰੇਟਰ ਟੋਰਾਂਟੋ ਏਰੀਆ ਵਾਲੇ ਲੈ ਗਏ। ਕੈਨੇਡਾ ਵਿਚ ਪਿਛਲੇ ਸਾਲ 80 ਹਜ਼ਾਰ ਤੋਂ ਵੱਧ ਕਾਰਾਂ ਚੋਰੀ ਹੋਈਆਂ ਜਿਨ੍ਹਾਂ ਵਿਚੋਂ ਟੋਰਾਂਟੋ ਵਿਖੇ 12,200 ਗੱਡੀਆਂ ਚੋਰੀ ਹੋਣ ਦੀ ਰਿਪੋਰਟ ਦਰਜ ਕੀਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News