ਕੈਨੇਡਾ ਦੇ ਬਰੈਂਪਟਨ ਵਾਸੀਆਂ ਨੇ ਆਪਣੀ ਲੋਹੜੀ ਖੇਤੀਬਾੜੀ ਬਿੱਲਾਂ ਨੂੰ ਸਾੜ ਕੇ ਮਨਾਈ

Thursday, Jan 14, 2021 - 08:26 AM (IST)

ਕੈਨੇਡਾ ਦੇ ਬਰੈਂਪਟਨ ਵਾਸੀਆਂ ਨੇ ਆਪਣੀ ਲੋਹੜੀ ਖੇਤੀਬਾੜੀ ਬਿੱਲਾਂ ਨੂੰ ਸਾੜ ਕੇ ਮਨਾਈ

ਨਿਊਯਾਰਕ/ਬਰੈਂਪਟਨ,( ਰਾਜ ਗੋਗਨਾ)—ਕੈਨੇਡਾ ਦੇ ਬਰੈਂਪਟਨ ਵਿਖੇ ਅੱਜ ਲੋਹੜੀ ਵਾਲੇ ਦਿਨ ਪੰਜਾਬੀ ਮੂਲ ਦੇ ਲੋਕਾਂ ਨੇ "ਲੋਹੜੀ ਬਾਲ ਕਿਸਾਨਾਂ ਨਾਲ " ਬੈਨਰ ਹੇਠ ਬਰੈਂਪਟਨ ਗੇਟਵੇਅ ਟਰਮੀਨਲ ਵਿਖੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਤੇ ਇਸ ਮੌਕੇ ਬਰੈਂਪਟਨ ਵਾਸੀਆਂ ਵੱਲੋਂ ਖੇਤੀਬਾੜੀ ਬਿੱਲਾਂ ਨੂੰ ਅੱਗ ਲਾ ਕੇ ਆਪਣੇ ਰੋਸ ਦਾ ਪ੍ਰਗਟਾਵਾ ਵੀ ਕੀਤਾ ਗਿਆ।

ਇਸ ਰੋਸ ਮੁਜ਼ਾਹਰੇ ਵਿਚ ਵੱਡੀ ਗਿਣਤੀ ਵਿਚ ਬਜ਼ੁਰਗ, ਨੌਜਵਾਨ, ਬੀਬੀਆਂ, ਕੈਨੇਡੀਅਨ ਜੰਮਪਲ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ । ਇਹ ਰੋਸ ਮੁਜ਼ਾਹਰਾ ਬਰੈਂਪਟਨ ਦੇ ਸ਼ੋਪਰਜ਼ ਵਰਲਡ ਵਿਖੇ ਆਯੋਜਿਤ ਕੀਤਾ ਗਿਆ ਸੀ । ਮੁਜ਼ਾਹਰੇ ਵਿਚ ਢੋਲ ਦੇ ਡਗੇ ਉਪਰ ਕਿਸਾਨੀ ਸੰਘਰਸ਼ ਨਾਲ ਸਬੰਧਤ ਲੋਹੜੀ ਗੀਤ ਵੀ ਗਾਏ ਗਏ ਤੇ ਜੋਸ਼ੀਲੇ ਨਾਅਰਿਆਂ ਨਾਲ ਕਿਸਾਨੀ ਮੋਰਚੇ ਨੂੰ ਹਿਮਾਇਤ ਵੀ ਦਿੱਤੀ ਗਈ ਹੈ । 

PunjabKesari
ਪ੍ਰੋਗਰਾਮ ਦੇ ਅੰਤ ਵਿਚ ਖੇਤੀ ਕਾਨੂੰਨ ਦੀਆਂ ਕਾਪੀਆਂ ਨੂੰ ਫਾੜਿਆ ਵੀ ਗਿਆ ਤੇ ਅੱਗ ਵਿਚ ਫੂਕਿਆ ਵੀ ਗਿਆ। ਮੁਜ਼ਾਹਰੇ ਦੇ ਪ੍ਰਬੰਧਕਾਂ ਨੇ ਕਿਹਾ ਕਿ ਜਦੋਂ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਲਈ ਜਾਂਦੇ, ਇਸ ਤਰ੍ਹਾਂ ਦੇ ਵਿਸ਼ਾਲ ਧਰਨੇ, ਮੁਜ਼ਾਹਰੇ ਜਾਰੀ ਰਹਿਣਗੇ। ਇਸ ਮੌਕੇ 26 ਜਨਵਰੀ ਨੂੰ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਹੋਣ ਵਾਲੀ ਟਰੈਕਟਰ ਰੈਲੀ ਨੂੰ ਪ੍ਰਬੰਧਕਾਂ ਵਲੋਂ ਪੂਰੀ ਹਿਮਾਇਤ ਦਿੱਤੀ ਗਈ ਹੈ ਤੇ ਸੰਯੁਕਤ ਕਿਸਾਨ ਮੋਰਚੇ ਨੂੰ ਇੱਕਜੁੱਟ ਹੋ ਕੇ ਸਾਥ ਦੇਣ ਦੀ ਅਪੀਲ ਵੀ ਕੀਤੀ ਗਈ ਹੈ । 

ਪ੍ਰੰਬਧਕਾਂ ਨੇ ਕਿਹਾ ਹੈ ਕਿ ਜੇਕਰ ਇਸ ਸਮੇਂ ਕੋਵਿਡ ਮਹਾਮਾਰੀ ਨਾ ਹੁੰਦੀ ਤਾਂ ਵੱਡੀ ਗਿਣਤੀ ਵਿਚ ਪ੍ਰਵਾਸੀਆਂ ਵੱਲੋਂ ਵੀ ਦਿੱਲੀ ਵੱਲ ਕੂਚ ਕੀਤਾ ਜਾਣਾ ਸੀ ਪਰ ਫਿਰ ਵੀ ਮਹਾਮਾਰੀ ਸਮੇਂ ਵਿਦੇਸ਼ਾਂ ਵਿਚ ਬਹਿ ਕੇ ਜਿਸ ਤਰੀਕੇ ਨਾਲ ਵੀ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕਿਸਾਨੀ ਸੰਘਰਸ਼ ਵਿਚ ਯੋਗਦਾਨ ਪਾ ਸਕਦੇ ਸੀ, ਯੋਗਦਾਨ ਪਾਇਆ ਜਾ ਰਿਹਾ ਹੈ ਤੇ ਪਾਇਆ ਜਾਂਦਾ ਰਹੇਗਾ ‌।


author

Lalita Mam

Content Editor

Related News