ਪੰਜਾਬੀਆਂ ਦੀ ਪਹਿਲੀ ਪਸੰਦ ਬਣਿਆ ਕੈਨੇਡਾ, ਪੱਕੇ ਤੌਰ ’ਤੇ ਵਸਣ ਲਈ ਅਖਤਿਆਰ ਕਰ ਰਹੇ ਇਹ ਰਾਹ

Saturday, Aug 03, 2024 - 11:27 PM (IST)

ਪੰਜਾਬੀਆਂ ਦੀ ਪਹਿਲੀ ਪਸੰਦ ਬਣਿਆ ਕੈਨੇਡਾ, ਪੱਕੇ ਤੌਰ ’ਤੇ ਵਸਣ ਲਈ ਅਖਤਿਆਰ ਕਰ ਰਹੇ ਇਹ ਰਾਹ

ਟੋਰਾਂਟੋ- ਅਮਰੀਕਾ, ਯੂ.ਕੇ ਨਾਲੋਂ ਕੈਨੇਡਾ ਪੰਜਾਬੀਆਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਕੈਨੇਡਾ 'ਚ ਪ੍ਰਵਾਸੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਦੇ ਨਾਲ ਹੀ ਕੈਨੇਡਾ 'ਚ ਅਸਾਇਲਮ ਮੰਗਣ ਵਾਲਿਆਂ ਦੀ ਗਿਣਤੀ 1 ਲੱਖ 86 ਹਜ਼ਾਰ ’ਤੇ ਪੁੱਜ ਗਈ ਹੈ ਅਤੇ ਹਾਲ ਹੀ ਵਿਚ 10 ਹਜ਼ਾਰ ਪੰਜਾਬੀਆਂ ਨੇ ਕੈਨੇਡਾ ਵਿਚ ਪਨਾਹ ਮੰਗੀ। ਅਸਾਇਲਮ ਮੰਗਣ ਵਾਲਿਆਂ 'ਚੋਂ ਵੱਡੀ ਗਿਣਤੀ ਕੌਮਾਂਤਰੀ ਵਿਦਿਆਰਥੀਆਂ ਅਤੇ ਵਿਜ਼ਟਰ ਵੀਜ਼ਾ ਵਾਲਿਆਂ ਦੀ ਹੈ ਜੋ ਪੱਕੇ ਤੌਰ ’ਤੇ ਕੈਨੇਡਾ ਵਿਚ ਵਸਣ ਲਈ ਇਹ ਰਾਹ ਅਖਤਿਆਰ ਕਰ ਰਹੇ ਹਨ। 

ਦੂਜੇ ਪਾਸੇ ਇੰਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਅਸਾਇਲਮ ਕੇਸਾਂ ਦਾ ਬੈਕਲਾਗ ਵਧਣ ਕਾਰਨ ਨਵੇਂ ਮਾਮਲਿਆਂ ਦਾ ਨਿਪਟਾਰਾ ਚਾਰ ਸਾਲ ਤੋਂ ਪਹਿਲਾਂ ਹੋਣਾ ਸੰਭਵ ਨਹੀਂ। ਕੈਨੇਡੀਅਨ ਹਵਾਈ ਅੱਡਿਆਂ ’ਤੇ ਅਸਾਇਲਮ ਮੰਗਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ 2019 ਤੋਂ 2023 ਦਰਮਿਆਨ ਇਸ ਅੰਕੜੇ 'ਚ 72 ਹਜ਼ਾਰ ਦਾ ਵਾਧਾ ਹੋਇਆ। 

ਮੌਂਟਰੀਅਲ ਦੇ ਹਵਾਈ ਅੱਡੇ ’ਤੇ 2022 'ਚ ਸਿਰਫ 3,325 ਜਣਿਆਂ ਨੇ ਕੈਨੇਡਾ 'ਚ ਸ਼ਰਨ ਮੰਗੀ ਸੀ ਪਰ 2023 ਵਿਚ ਇਹ ਅੰਕੜਾ 29,500 ਹੋ ਗਿਆ। ਦੱਸ ਦੇਈਏ ਕਿ 2019 ਵਿਚ 58,378 ਜਣਿਆਂ ਨੇ ਕੈਨੇਡਾ 'ਚ ਪਨਾਹ ਮੰਗੀ ਪਰ ਅਗਲੇ ਸਾਲ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ ਘਟ ਕੇ 18,500 ਰਹਿ ਗਈ।

2023 ਵਿਚ 1 ਲੱਖ 34 ਹਜ਼ਾਰ ਅਸਾਇਲਮ ਅਰਜ਼ੀਆਂ ਰਫਿਊਜੀ ਬੋਰਡ ਕੋਲ ਵਿਚਾਰ ਅਧੀਨ ਸਨ ਪਰ ‘ਟੋਰਾਂਟੋ ਸਟਾਰ’ ਦੀ ਰਿਪੋਰਟ ਮੁਤਾਬਕ 2024 ਵਿਚ ਅਸਾਇਲਮ ਕੇਸਾਂ ਦਾ ਬੈਕਲਾਗ 1 ਲੱਖ 86 ਹਜ਼ਾਰ ਹੋ ਚੁੱਕਾ ਹੈ। ਦੂਜੇ ਪਾਸੇ ‘ਦਾ ਗਲੋਬ ਐਂਡ ਮੇਲ’ ਦੀ ਰਿਪੋਰਟ ਕਹਿੰਦੀ ਹੈ ਕਿ 2018 ਤੋਂ 2023 ਦਰਮਿਆਨ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਅਸਾਇਲਮ ਦੇ ਦਾਅਵੇ 646 ਫੀ ਸਦੀ ਵਧ ਗਏ ਜੋ ਇੰਮੀਗ੍ਰੇਸ਼ਨ ਪ੍ਰਣਾਲੀ ਸਾਹਮਣੇ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ। 

ਆਉਣ ਵਾਲੇ ਕੁਝ ਮਹੀਨਿਆਂ ਦੌਰਾਨ ਕੈਨੇਡਾ 'ਚ ਹਜ਼ਾਰਾਂ ਕੌਮਾਂਤਰੀ ਵਿਦਿਆਰਥੀਆਂ ਦੇ ਵਰਕ ਪਰਮਿਟ ਖਤਮ ਹੋ ਰਹੇ ਹਨ ਅਤੇ ਪੀ.ਆਰ. ਨਾ ਮਿਲਣ ਦੀ ਸੂਰਤ ਵਿਚ ਇਨ੍ਹਾਂ ਵਿਦਿਆਰਥੀਆਂ 'ਚੋਂ ਵੱਡੀ ਗਿਣਤੀ ਅਸਾਇਲਮ ਦੇ ਦਾਅਵੇ ਕਰ ਸਕਦੀ ਹੈ। ਦੂਜੇ ਪਾਸੇ ਰਫਿਊਜੀ ਵਜੋਂ ਦਾਅਵਾ ਪ੍ਰਵਾਨ ਹੋਣ ਜਾਂ ਰੱਦ ਹੋਣ ਦੇ ਅੰਕੜਿਆਂ ’ਤੇ ਝਾਤ ਮਾਰੀ ਜਾਵੇ ਤਾਂ 2018 ਵਿਚ 63 ਫੀ ਸਦੀ ਅਰਜ਼ੀਆਂ ਪ੍ਰਵਾਨ ਹੋ ਰਹੀਆਂ ਸਨ ਪਰ 2023 ਵਿਚ ਇਹ ਅੰਕੜਾ ਵਧ ਕੇ 80 ਫੀਸਦੀ ਦੇ ਨੇੜੇ ਪੁੱਜ ਗਿਆ। 

ਅਰਜ਼ੀਆਂ ਰੱਦ ਹੋਣ ਤੋਂ ਬਾਅਦ ਵੀ ਹਜ਼ਾਰਾਂ ਲੋਕ ਕੈਨੇਡਾ ਛੱਡਣ ਨੂੰ ਤਿਆਰ ਨਹੀਂ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫਸਰ 28 ਹਜ਼ਾਰ ਵਾਰੰਟ ਲੈ ਕੇ ਸਬੰਧਤ ਲੋਕਾਂ ਦੀ ਭਾਲ ਕਰ ਰਹੇ ਹਨ। ਕੈਨੇਡਾ ਦੇ ਇਕ ਸੂਬੇ 'ਚ ਅਸਾਇਲਮ ਦਾਅਵਾ ਰੱਦ ਹੋਣ ਮਗਰੋਂ ਸ਼ਰਨਾਰਥੀਆਂ ਨੇ ਡਿਪੋਰਟੇਸ਼ਨ ਤੋਂ ਬਚਣ ਲਈ ਆਪਣੇ ਟਿਕਾਣੇ ਹੀ ਬਦਲ ਲਏ ਅਤੇ ਕਿਸੇ ਨਾ ਕਿਸੇ ਤਰੀਕੇ ਸਮਾਂ ਲੰਘਾਉਣ ਦਾ ਯਤਨ ਕਰ ਰਹੇ ਹਨ। ਉਧਰ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਘਟਾਉਣ ਦੇ ਯਤਨ ਕਰ ਰਹੇ ਹਨ ਅਤੇ ਵੀਜ਼ਾ ਮਿਆਦ ਲੰਘਣ ਤੋਂ ਬਾਅਦ ਵੀ ਕੈਨੇਡਾ 'ਚ ਮੌਜੂਦ ਲੋਕਾਂ ਨੂੰ ਵਾਪਸ ਭੇਜਣ ਦੇ ਉਪਰਾਲੇ ਕੀਤੇ ਜਾ ਰਹੇ ਹਨ। 

ਕੈਨੇਡਾ ਸਰਕਾਰ ਦਾ ਮੰਨਣਾ ਹੈ ਕਿ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਹੱਦ ਤੋਂ ਜ਼ਿਆਦਾ ਵਧਣ ਕਰ ਕੇ ਹਾਊਸਿੰਗ ਅਤੇ ਹੈਲਥ ਕੇਅਰ ਸੈਕਟਰ ’ਤੇ ਗੈਰਜ਼ਰੂਰੀ ਦਬਾਅ ਪੈ ਰਿਹਾ ਹੈ ਪਰ ਮੌਂਟਰੀਅਲ ਹਵਾਈ ਅੱਡੇ ਰਾਹੀਂ ਕੈਨੇਡਾ 'ਚ ਦਾਖਲ ਹੋਏ 90 ਫੀ ਸਦੀ ਸ਼ਰਨਾਰਥੀਆਂ ਨੂੰ ਕੋਈ ਸਪੱਸ਼ਟ ਜਵਾਬ ਨਹੀਂ ਮਿਲਿਆ ਕਿ ਉਨ੍ਹਾਂ ਦੇ ਅਸਾਇਲਮ ਦਾਅਵੇ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਜਾਂ ਨਹੀਂ।


author

Rakesh

Content Editor

Related News