ਪਹਿਲਾਂ ਅਮਰੀਕਾ, ਹੁਣ ਕੈਨੇਡਾ ਤੋਂ ਵੀ ਝਟਕਾ, ਭਾਰਤੀ ਵਿਦਿਆਰਥੀਆਂ ਦੀਆਂ 4 ’ਚੋਂ 3 ਵੀਜ਼ਾ ਅਰਜ਼ੀਆਂ ਰੱਦ

Tuesday, Nov 04, 2025 - 01:08 AM (IST)

ਪਹਿਲਾਂ ਅਮਰੀਕਾ, ਹੁਣ ਕੈਨੇਡਾ ਤੋਂ ਵੀ ਝਟਕਾ, ਭਾਰਤੀ ਵਿਦਿਆਰਥੀਆਂ ਦੀਆਂ 4 ’ਚੋਂ 3 ਵੀਜ਼ਾ ਅਰਜ਼ੀਆਂ ਰੱਦ

ਓਟਾਵਾ - ਅਮਰੀਕਾ ਨਾਲ ਟੈਰਿਫ ਤਣਾਅ ਵਿਚਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਭਾਰਤ ਨਾਲ ਸਬੰਧ ਸੁਧਾਰਣ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ। ਇਸ ਦਰਮਿਆਨ, ਅਜਿਹੇ ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਨੇ ਝਟਕਾ ਦਿੱਤਾ ਹੈ ਜੋ ਉਥੋਂ ਦਾ ਵੀਜ਼ਾ ਹਾਸਲ ਕਰਨ ਦੀ ਦੌੜ ਵਿਚ ਸ਼ਾਮਲ ਸਨ।

ਸਰਕਾਰੀ ਅੰਕੜਿਆਂ ਮੁਤਾਬਕ, 4 ਵਿਚੋਂ 3 ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਦਰਅਸਲ ਅੰਤਰਰਾਸ਼ਟਰੀ ਵਿਦਿਆਰਥੀਆਂ ’ਤੇ ਕੈਨੇਡਾ ਦੀਆਂ ਸਖ਼ਤ ਪਾਬੰਦੀਆਂ ਦਾ ਇਹ ਬੁਰਾ ਅਸਰ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਭਾਰਤੀ ਵਿਦਿਆਰਥੀਆਂ ਲਈ ਪਸੰਦੀਦਾ ਸਥਾਨ ਹੋਇਆ ਕਰਦਾ ਸੀ, ਪਰ ਹੁਣ ਉਹ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਕਾਰਨ ਆਪਣੀ ਪ੍ਰਸਿੱਧੀ ਗੁਆ ਰਿਹਾ ਹੈ।

ਦਰਅਸਲ, ਕੈਨੇਡਾ ਨੇ ਅਸਥਾਈ ਪ੍ਰਵਾਸੀਆਂ ਦੀ ਗਿਣਤੀ ਘੱਟ ਕਰਨ ਅਤੇ ਵਿਦਿਆਰਥੀ ਵੀਜ਼ਿਆਂ ਨਾਲ ਜੁੜੀ ਧੋਖਾਦੇਹੀ ਨਾਲ ਨਜਿੱਠਣ ਦੀਆਂ ਵਿਆਪਕ ਕੋਸ਼ਿਸ਼ਾਂ ਦੇ ਤਹਿਤ 2025 ਦੀ ਸ਼ੁਰੂਆਤ ਵਿਚ ਲਗਾਤਾਰ ਦੂਜੇ ਸਾਲ ਜਾਰੀ ਕੀਤੇ ਜਾਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟਾਂ ਦੀ ਗਿਣਤੀ ਘੱਟ ਕਰ ਦਿੱਤੀ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਮੁਹੱਈਆ ਕਰਾਏ ਗਏ ਅੰਕੜਿਆਂ ਮੁਤਾਬਕ, ਅਗਸਤ 2025 ਵਿਚ ਲੱਗਭਗ 74 ਫੀਸਦੀ ਭਾਰਤੀ ਅਰਜ਼ੀਆਂ ਅਸਵੀਕਾਰ ਕਰ ਦਿੱਤੀਆਂ ਗਈਆਂ ਹਨ, ਜਦਕਿ 2 ਸਾਲ ਪਹਿਲਾਂ ਅਗਸਤ 2023 ਵਿਚ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਨੂੰ ਰੱਦ ਕਰਨ ਦਾ ਅੰਕੜਾ 32 ਫੀਸਦੀ ਸੀ। ਭਾਵ, ਤਾਜ਼ਾ ਅੰਕੜਿਆਂ ਮੁਤਾਬਕ, ਕੈਨੇਡਾ ਦੀਆਂ ਉੱਚ ਸੈਕੰਡਰੀ ਸੰਸਥਾਵਾਂ ਵਿਚ ਅਧਿਐਨ ਲਈ ਵੀਜ਼ਾ ਮੰਗਣ ਵਾਲੇ ਹਰ 4 ਵਿਚੋਂ 3 ਭਾਰਤੀ ਵਿਦਿਆਰਥੀਆਂ ਨੂੰ ਨਿਰਾਸ਼ਾ ਹੱਥ ਲੱਗੀ ਹੈ।

ਚੀਨੀ ਅਰਜ਼ੀਆਂ ਰੱਦ ਕਰਨ ਦੀ ਦਰ ਭਾਰਤ ਨਾਲੋਂ ਘੱਟ
ਕੈਨੇਡਾ ਨੇ ਭਾਰਤ ਸਮੇਤ ਚੀਨ ਅਤੇ ਹੋਰ ਦੇਸ਼ਾਂ ਨੂੰ ਇਹ ਝਟਕਾ ਦਿੱਤਾ ਹੈ ਪਰ ਚੀਨੀ ਅਰਜ਼ੀਆਂ ਨੂੰ ਅਸਵੀਕਾਰ ਕਰਨ ਦੀ ਦਰ ਭਾਰਤ ਨਾਲੋਂ ਘੱਟ ਹੈ। ਅੰਕੜੇ ਦਰਸਾਉਂਦੇ ਹਨ ਕਿ ਅਗਸਤ 2025 ਤੱਕ ਲੱਗਭਗ 24 ਫੀਸਦੀ ਚੀਨੀ ਅਧਿਐਨ ਪਰਮਿਟ ਕੈਨੇਡਾ ਨੇ ਅਸਵੀਕਾਰ ਕਰ ਦਿੱਤੇ ਹਨ।

ਭਾਰਤੀ ਬਿਨੈਕਾਰ ਪਹਿਲਾਂ ਤੋਂ ਹੀ ਬਹੁਤ ਘੱਟ ਹੋ ਚੁੱਕੇ ਹਨ। ਭਾਰਤੀ ਬਿਨੈਕਾਰਾਂ ਦੀ ਗਿਣਤੀ ਅਗਸਤ 2023 ਵਿਚ 20,900 ਤੋਂ ਘਟ ਕੇ ਅਗਸਤ 2025 ਵਿਚ 4,515 ਰਹਿ ਗਈ। ਇਨ੍ਹਾਂ ਵਿਚੋਂ 74% ਅਰਜ਼ੀਆਂ ਨੂੰ ਰੱਦ ਕਰ ਦਿੱਤਾ ਗਿਆ।


author

Inder Prajapati

Content Editor

Related News