ਬ੍ਰਿਟਿਸ਼ ਜਾਸੂਸਾਂ ਨੇ ਕੈਨੇਡਾ ਨੂੰ ਸੌਂਪੀ ਸੀ ਨਿੱਝਰ ਹੱਤਿਆਕਾਂਡ ਦੀ ਖੁਫੀਆ ਜਾਣਕਾਰੀ
Sunday, Nov 09, 2025 - 04:34 AM (IST)
ਲੰਡਨ (ਭਾਸ਼ਾ) – ਬ੍ਰਿਟਿਸ਼ ਖੁਫੀਆ ਏਜੰਸੀ ਵੱਲੋਂ ‘ਇੰਟਰਸੈਪਟ’ ਕੀਤੀ ਗਈ ਫੋਨ ਕਾਲ ਦੀ ਮਦਦ ਨਾਲ ਹੀ ਕੈਨੇਡਾ ਦੇ ਅਧਿਕਾਰੀਆਂ ਨੇ ਜੂਨ 2023 ’ਚ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਅਤੇ ਭਾਰਤ ਵਿਚਾਲੇ ਕਥਿਤ ਸਬੰਧ ਦਾ ਪਤਾ ਲਾਇਆ। ਇਹ ਦਾਅਵਾ ਇਸ ਹਫਤੇ ਜਾਰੀ ਇਕ ਡਾਕੂਮੈਂਟਰੀ ਵਿਚ ਕੀਤਾ ਗਿਆ ਹੈ।
ਕਾਲ ‘ਇੰਟਰਸੈਪਟ’ ਕਰਨ ਤੋਂ ਭਾਵ ਫੋਨ ’ਤੇ ਗੱਲਬਾਤ ਕਰ ਰਹੇ ਵਿਅਕਤੀਆਂ ਦੀ ਗੱਲਬਾਤ ਨੂੰ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਕਿਸੇ ਤੀਜੀ ਧਿਰ ਵੱਲੋਂ ਚੋਰੀ-ਚੋਰੀ ਸੁਣਨਾ ਜਾਂ ਰਿਕਾਰਡ ਕਰਨਾ ਹੈ। ‘ਬਲੂਮਬਰਗ ਓਰਿਜਨਲਜ਼’ ਦੀ ਡਾਕੂਮੈਂਟਰੀ ‘ਇਨਸਾਈਡ ਦਿ ਡੈੱਥਸ ਦੈਟ ਰੌਕਡ ਇੰਡੀਆਜ਼ ਰਿਲੇਸ਼ਨਜ਼ ਵਿਦ ਦਿ ਵੈਸਟ’ ਵਿਚ ਦੱਸਿਆ ਗਿਆ ਹੈ ਕਿ ਬ੍ਰਿਟੇਨ ਦੀ ਇਕ ਖੁਫੀਆ ਏਜੰਸੀ ਨੇ ਕੁਝ ਫੋਨ ਕਾਲਜ਼ ‘ਇੰਟਰਸੈਪਟ’ ਕੀਤੀਆਂ ਸਨ, ਜਿਨ੍ਹਾਂ ਵਿਚ ਕਥਿਤ ਤੌਰ ’ਤੇ 3 ਟਾਰਗੈੱਟਸ ’ਤੇ ਚਰਚਾ ਕੀਤੀ ਜਾ ਰਹੀ ਸੀ।
ਮੰਨਿਆ ਜਾ ਰਿਹਾ ਹੈ ਕਿ ਉਕਤ ਏਜੰਸੀ ਬ੍ਰਿਟੇਨ ਦੀ ‘ਗਵਰਨਮੈਂਟ ਕਮਿਊਨੀਕੇਸ਼ਨਜ਼ ਹੈੱਡਕੁਆਰਟਰਜ਼’ (ਜੀ. ਸੀ. ਐੱਚ. ਕਿਊ.) ਸੀ। ਨਿੱਝਰ ਇਕ ਕੈਨੇਡੀਆਈ ਸਿੱਖ ਸੀ, ਜਿਸ ਨੂੰ ਭਾਰਤ ਨੇ 2020 ’ਚ ਖਾਲਿਸਤਾਨੀ ਅੱਤਵਾਦ ਲਈ ਅੱਤਵਾਦੀ ਐਲਾਨਿਆ ਸੀ। ਉਹ ਕਥਿਤ ਤੌਰ ’ਤੇ ਉਨ੍ਹਾਂ ਨਾਵਾਂ ਵਿਚ ਸ਼ਾਮਲ ਸੀ, ਜਿਸ ਦੀ ਜਾਣਕਾਰੀ ਬ੍ਰਿਟੇਨ, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚਾਲੇ ‘ਫਾਈਵ ਆਈਜ਼’ ਖੁਫੀਆ ਭਾਈਵਾਲੀ ਸਮਝੌਤੇ ਤਹਿਤ ਕੈਨੇਡੀਆਈ ਅਧਿਕਾਰੀਆਂ ਨੂੰ ਸੌਂਪੀ ਗਈ ਸੀ।
