Canada ਦੀ ਸਭ ਤੋਂ ਵੱਡੀ ਸੋਨਾ ਚੋਰੀ! ਹਵਾਈ ਅੱਡੇ ਤੋਂ ਇਕ ਕਾਬੂ, ਭਾਰਤ ਬੈਠੇ ਮੁੱਖ ਮੁਲਜ਼ਮ ਦੀ ਭਾਲ ਜਾਰੀ
Wednesday, Jan 14, 2026 - 06:04 PM (IST)
ਟੋਰਾਂਟੋ/ਬ੍ਰੈਂਪਟਨ: ਕੈਨੇਡਾ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸੋਨਾ ਚੋਰੀ ਦੀ ਵਾਰਦਾਤ, ਜਿਸ ਨੂੰ 'ਪ੍ਰੋਜੈਕਟ 24K' ਦਾ ਨਾਂ ਦਿੱਤਾ ਗਿਆ ਹੈ, ਵਿੱਚ ਪੁਲਸ ਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ ਹੈ। ਪੀਲ ਰੀਜਨਲ ਪੁਲਸ ਨੇ ਇਸ ਮਾਮਲੇ ਵਿੱਚ 43 ਸਾਲਾ ਅਰਸਲਾਨ ਚੌਧਰੀ ਨੂੰ ਟੋਰਾਂਟੋ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਦੁਬਈ ਤੋਂ ਇੱਕ ਫਲਾਈਟ ਰਾਹੀਂ ਉੱਥੇ ਪਹੁੰਚਿਆ ਸੀ।
ਕੀ ਹੈ ਪੂਰਾ ਮਾਮਲਾ?
ਇਹ ਘਟਨਾ 17 ਅਪ੍ਰੈਲ 2023 ਨੂੰ ਟੋਰਾਂਟੋ ਹਵਾਈ ਅੱਡੇ 'ਤੇ ਸਥਿਤ ਏਅਰ ਕੈਨੇਡਾ ਦੇ ਕਾਰਗੋ ਯੂਨਿਟ ਵਿੱਚ ਵਾਪਰੀ ਸੀ। ਸਵਿਟਜ਼ਰਲੈਂਡ ਦੇ ਜ਼ਿਊਰਿਖ ਤੋਂ ਏਅਰ ਕੈਨੇਡਾ ਦੇ ਜਹਾਜ਼ ਰਾਹੀਂ ਲਗਭਗ 400 ਕਿਲੋ ਸ਼ੁੱਧ ਸੋਨਾ (6,600 ਬਿਸਕੁਟ) ਅਤੇ 25 ਲੱਖ ਕੈਨੇਡੀਅਨ ਡਾਲਰ ਦੀ ਵਿਦੇਸ਼ੀ ਕਰੰਸੀ ਕੈਨੇਡਾ ਪਹੁੰਚੀ ਸੀ। ਪੁਲਸ ਮੁਤਾਬਕ ਇੱਕ ਸ਼ੱਕੀ ਵਿਅਕਤੀ ਪੰਜ ਟਨ ਦੇ ਡਿਲੀਵਰੀ ਟਰੱਕ ਰਾਹੀਂ ਗੋਦਾਮ 'ਚ ਆਇਆ ਤੇ ਇਹ ਸਾਰਾ ਮਾਲ ਲੈ ਕੇ ਫ਼ਰਾਰ ਹੋ ਗਿਆ। ਇਸ ਚੋਰੀ ਹੋਏ ਸੋਨੇ ਦੀ ਕੀਮਤ 2 ਕਰੋੜ ਕੈਨੇਡੀਅਨ ਡਾਲਰ ਤੋਂ ਵੱਧ ਦੱਸੀ ਜਾ ਰਹੀ ਹੈ।
ਭਾਰਤ ਨਾਲ ਜੁੜੇ ਤਾਰ
ਮੁੱਖ ਮੁਲਜ਼ਮ ਦੀ ਭਾਲ ਇਸ ਹਾਈ-ਪ੍ਰੋਫਾਈਲ ਕੇਸ 'ਚ ਭਾਰਤੀ ਮੂਲ ਦੇ ਵਿਅਕਤੀਆਂ ਦੇ ਨਾਂ ਵੀ ਸਾਹਮਣੇ ਆਏ ਹਨ। ਪੁਲਸ ਵੱਲੋਂ ਸਿਮਰਨ ਪ੍ਰੀਤ ਪਨੇਸਰ (33) ਨਾਂ ਦੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ, ਜੋ ਪਹਿਲਾਂ ਏਅਰ ਕੈਨੇਡਾ ਦਾ ਕਰਮਚਾਰੀ ਸੀ। ਪੁਲਸ ਦਾ ਮੰਨਣਾ ਹੈ ਕਿ ਪਨੇਸਰ ਨੇ ਹੀ ਏਅਰਲਾਈਨ ਦੇ ਸਿਸਟਮ ਵਿੱਚ ਹੇਰਾਫੇਰੀ ਕਰ ਕੇ ਇਸ ਚੋਰੀ 'ਚ ਮਦਦ ਕੀਤੀ ਸੀ ਤੇ ਉਹ ਇਸ ਵੇਲੇ ਭਾਰਤ 'ਚ ਛਿਪਿਆ ਹੋਇਆ ਹੈ। ਪਿਛਲੇ ਸਾਲ ਉਸਦੀ ਲੋਕੇਸ਼ਨ ਚੰਡੀਗੜ੍ਹ ਦੇ ਨੇੜੇ ਮਿਲੀ ਸੀ ਤੇ ਕੈਨੇਡੀਅਨ ਅਧਿਕਾਰੀਆਂ ਨੇ ਉਸ ਦੀ ਪ੍ਰਤਿਅਰਪਣ (Extradition) ਦੀ ਮੰਗ ਭਾਰਤ ਸਰਕਾਰ ਨੂੰ ਭੇਜੀ ਹੋਈ ਹੈ।
ਹੁਣ ਤੱਕ ਦੀ ਕਾਰਵਾਈ
• 10 ਲੋਕਾਂ 'ਤੇ ਲੱਗੇ ਦੋਸ਼: ਅਰਸਲਾਨ ਚੌਧਰੀ ਦੀ ਗ੍ਰਿਫ਼ਤਾਰੀ ਦੇ ਨਾਲ ਹੀ ਇਸ ਮਾਮਲੇ 'ਚ ਹੁਣ ਤੱਕ ਕੁੱਲ 10 ਲੋਕਾਂ ਵਿਰੁੱਧ ਦੋਸ਼ ਤੈਅ ਕੀਤੇ ਜਾ ਚੁੱਕੇ ਹਨ।
• ਗ੍ਰਿਫ਼ਤਾਰੀਆਂ: ਇਸ ਤੋਂ ਪਹਿਲਾਂ ਮਈ 2024 ਵਿੱਚ ਅਰਚਿਤ ਗਰੋਵਰ ਨੂੰ ਵੀ ਭਾਰਤ ਤੋਂ ਪਰਤਣ 'ਤੇ ਹਵਾਈ ਅੱਡੇ ਤੋਂ ਫੜਿਆ ਗਿਆ ਸੀ। ਹੋਰਨਾਂ ਮੁਲਜ਼ਮਾਂ ਵਿੱਚ ਪਰਮਪਾਲ ਸਿੱਧੂ (54) ਅਤੇ ਅਮਿਤ ਜਲੋਟਾ (40) ਦੇ ਨਾਂ ਵੀ ਸ਼ਾਮਲ ਹਨ।
• ਸੋਨਾ ਕਿੱਥੇ ਗਿਆ?: ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਚੋਰੀ ਕੀਤੇ ਸੋਨੇ ਵਿੱਚੋਂ ਸਿਰਫ਼ ਇੱਕ ਕਿਲੋ ਸੋਨਾ ਹੀ ਬਰਾਮਦ ਹੋਇਆ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਬਾਕੀ ਸੋਨੇ ਨੂੰ ਪਿਘਲਾ ਕੇ ਗਹਿਣੇ ਬਣਾ ਦਿੱਤੇ ਗਏ ਹਨ ਅਤੇ ਭਾਰਤ ਜਾਂ ਦੁਬਈ ਵਰਗੇ ਬਾਜ਼ਾਰਾਂ ਵਿੱਚ ਵੇਚ ਦਿੱਤਾ ਗਿਆ ਹੈ।
• ਹਥਿਆਰਾਂ ਦੀ ਤਸਕਰੀ: ਪੁਲਸ ਮੁਤਾਬਕ ਇਸ ਚੋਰੀ ਤੋਂ ਹੋਈ ਕਮਾਈ ਦਾ ਕੁਝ ਹਿੱਸਾ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਲਈ ਵੀ ਵਰਤਿਆ ਗਿਆ ਸੀ।
ਫਿਲਹਾਲ, ਗ੍ਰਿਫ਼ਤਾਰ ਕੀਤੇ ਗਏ ਅਰਸਲਾਨ ਚੌਧਰੀ 'ਤੇ ਚੋਰੀ ਅਤੇ ਸਾਜ਼ਿਸ਼ ਰਚਣ ਦੇ ਦੋਸ਼ ਲਗਾਏ ਗਏ ਹਨ ਅਤੇ ਉਸ ਨੂੰ ਜ਼ਮਾਨਤ ਦੀ ਸੁਣਵਾਈ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਹੈ। ਪੁਲਸ ਵੱਲੋਂ ਪ੍ਰਸ਼ਾਂਤ ਪਰਮਾਲਿੰਗਮ ਅਤੇ ਡੁਰਾਂਟੇ ਕਿੰਗ-ਮੈਕਲੀਨ ਵਰਗੇ ਹੋਰ ਫ਼ਰਾਰ ਮੁਲਜ਼ਮਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
