ਕੈਨੇਡਾ ਨੇ ਕੇਂਦਰੀ ਕਰਮਚਾਰੀਆਂ ਅਤੇ ਯਾਤਰੀਆਂ ਲਈ ਕੋਵਿਡ-19 ਟੀਕਾਕਰਣ ਕੀਤਾ ਲਾਜ਼ਮੀ

10/07/2021 10:29:57 AM

ਓਟਾਵਾ (ਏ.ਐੱਨ.ਆਈ.): ਕੈਨੇਡਾ ਦੀ ਜਸਟਿਨ ਟਰੂਡੋ ਦੀ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਅਤੇ 12 ਸਾਲ ਤੇ ਉਸ ਤੋਂ ਵੱਧ ਉਮਰ ਦੇ ਹਰ ਤਰ੍ਹਾਂ ਦੇ ਯਾਤਰੀਆਂ ਲਈ ਕੋਵਿਡ-19 ਟੀਕਾਕਰਣ ਲਾਜ਼ਮੀ ਕਰ ਦਿੱਤਾ ਹੈ। ਸਮਾਚਾਰ ਏਜੰਸੀ ਸ਼ਿਨਹੂਆ ਨੇ ਇਸ ਐਲਾਨ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਕੋਰ ਪਬਲਿਕ ਪ੍ਰਸ਼ਾਸਨ ਵਿਚ ਸਾਰੇ ਸੰਘੀ ਕਰਮਚਾਰੀਆਂ ਨੂੰ 29 ਅਕਤੂਬਰ ਤੱਕ ਪੂਰੀ ਤਰ੍ਹਾਂ ਨਾਲ ਟੀਕਾਕਰਣ ਕਰਵਾਉਣ ਲਈ ਕਿਹਾ ਗਿਆ ਹੈ। ਆਦੇਸ਼ ਮੁਤਾਬਕ ਜਿਹੜੇ ਲੋਕ ਪੂਰੀ ਤਰ੍ਹਾਂ ਨਾਲ ਟੀਕਾ ਨਹੀਂ ਲਗਵਾ ਪਾਏ ਹਨ ਜਾਂ ਉਸ ਤਾਰੀਖ਼ ਤੱਕ ਆਪਣੇ ਟੀਕਾਕਰਣ ਦੀ ਸਥਿਤੀ ਦਾ ਖੁਲਾਸਾ ਨਹੀਂ ਕਰਦੇ ਹਨ ਉਹਨਾਂ ਨੂੰ ਬਿਨਾਂ ਤਨਖਾਹ ਦੇ ਪ੍ਰਬੰਧਕੀ ਛੁੱਟੀ 'ਤੇ ਰੱਖਿਆ ਜਾਵੇਗਾ।

ਪੜ੍ਹੋ ਇਹ ਅਹਿਮ ਖ਼ਬਰ- ਤੀਜੀ ਲਹਿਰ ਨਾਲ ਜੂਝ ਰਹੇ ਆਸਟ੍ਰੇਲੀਆ ਨੇ ਪੂਰਾ ਕੀਤਾ 80 ਫੀਸਦੀ ਟੀਕਾਕਰਣ

ਸਰਕਾਰ ਨੇ ਇਹ ਵੀ ਕਿਹਾ ਕਿ ਕੈਨੇਡਾ ਵਿਚ ਹਵਾਈ ਜਹਾਜ਼ਾਂ, ਟਰੇਨਾਂ ਜਾਂ ਸਮੁੰਦਰੀ ਜਹਾਜ਼ਾਂ ਵਿਚ ਸਵਾਰ ਹੋਣ ਲਈ ਅਕਤੂਬਰ ਦੇ ਅਖੀਰ ਤੱਕ 12 ਜਾਂ ਉਸ ਤੋਂ ਵੱਧ ਉਮਰ ਦੇ ਸਾਰੇ ਯਾਤਰੀਆਂ ਦਾ ਪੂਰੀ ਤਰ੍ਹਾਂ ਟੀਕਾਕਰਣ ਕੀਤਾ ਹੋਣਾ ਚਾਹੀਦਾ ਹੈ। ਸੀਨੀਅਰ ਅਧਿਕਾਰੀਆਂ ਮੁਤਾਬਕ ਲੱਗਭਗ 82 ਫੀਸਦੀ ਯੋਗ ਕੈਨੇਡੀਅਨ ਪੂਰੀ ਤਰ੍ਹਾਂ ਨਾਲ ਟੀਕਾ ਲਗਵਾ ਚੁੱਕੇ ਹਨ। ਕੈਨੇਡਾ ਦੇ ਮੀਡੀਆ ਆਊਟਲੇਟਸ ਦੇ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਬੁੱਧਵਾਰ ਦੁਪਹਿਰ ਤੱਕ ਕੈਨੇਡਾ ਵਿਚ ਕੋਵਿਡ-19 ਦੇ 1,007 ਨਵੇਂ ਮਾਮਲੇ ਸਾਹਮਣੇ ਆਏ ਜਿਸ ਮਗਰੋਂ ਇੱਥੇ ਹੁਣ ਤੱਕ ਕੁੱਲ ਮਾਮਲਿਆਂ ਦੀ ਗਿਣਤੀ 1,644,481 ਹੋ ਚੁੱਕੀ ਹੈ। ਕੈਨੇਡਾ ਵਿਚ ਕੋਰੋਨਾ ਨਾਲ 28,068 ਮੌਤਾਂ ਹੋਈਆਂ ਹਨ।

ਨੋਟ- ਕੈਨੇਡਾ ਸਰਕਾਰ ਦੇ ਕੋਵਿਡ ਟੀਕਾਕਰਣ ਲਾਜ਼ਮੀ ਕੀਤੇ ਜਾਣ 'ਤੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News