ਕੈਨੇਡਾ ਅਤੇ ਚੀਨ ਵਿਚਾਲੇ 'ਗੈਰ ਕਾਨੂੰਨੀ ਹਿਰਾਸਤ' ਦਾ ਮੁੱਦਾ ਇਕ ਵਾਰ ਫਿਰ ਭੱਖਿਆ

02/16/2021 5:50:23 PM

ਬੀਜਿੰਗ/ਟੋਰਾਂਟੋ (ਬਿਊਰੋ): ਕੈਨੇਡਾ ਅਤੇ ਚੀਨ ਵਿਚਾਲੇ ਚੱਲ ਰਹੇ ਕੂਟਨੀਤਕ ਤਣਾਅ ਵਿਚ ਇਕ ਨਵਾਂ ਮੋੜ ਆ ਗਿਆ ਹੈ। ਕੈਨੇਡਾ ਅਤੇ ਅਮਰੀਕਾ ਸਣੇ 56 ਦੇਸ਼ਾਂ ਨੇ ਸੋਮਵਾਰ ਨੂੰ ਇਕ ਦਸਤਾਵੇਜ਼ 'ਤੇ ਦਸਤਖ਼ਤ ਕੀਤੇ ਹਨ, ਜਿਸ ਵਿਚ ਰਾਜਨੀਤਕ ਉਦੇਸ਼ਾਂ ਲਈ ਵਿਦੇਸ਼ੀ ਨਾਗਰਿਕਾਂ ਨੂੰ ਹਿਰਾਸਤ ਵਿਚ ਰੱਖਣ ਦੀ ਸਖ਼ਤ ਨਿੰਦਾ ਕੀਤੀ ਗਈ ਹੈ। ਇਸ ਦਸਤਾਵੇਜ਼ ਨੂੰ 'ਮਨਮਰਜ਼ੀ ਢੰਗ ਨਾਲ ਕਿਸੇ ਦੂਜੇ ਦੇਸ਼ ਦੇ ਨਾਗਰਿਕ ਨੂੰ ਹਿਰਾਸਤ ਵਿਚ ਰੱਖਣ ਦੇ ਖ਼ਿਲਾਫ਼ ਘੋਸ਼ਣਾਪੱਤਰ' ਕਿਹਾ ਗਿਆ ਹੈ। ਇਸ ਦਸਤਾਵੇਜ਼ ਨੂੰ ਜਾਰੀ ਕਰਦੇ ਹੋਏ ਕੈਨੇਡਾ ਦੇ ਵਿਦੇਸ਼ ਮੰਤਰੀ ਮਾਰਕ ਗਾਰਨੇਉ ਨੇ ਕਿਹਾ ਕਿ ਇਸ ਗੈਰ ਕਾਨੂੰਨੀ ਅਤੇ ਅਨੈਤਿਕ ਵਿਵਹਾਰ ਨਾਲ ਸਾਰੇ ਦੇਸ਼ਾਂ ਦੇ ਨਾਗਰਿਕਾਂ ਲਈ ਖਤਰਾ ਪੈਦਾ ਹੁੰਦਾ ਹੈ ਅਤੇ ਕਾਨੂੰਨ ਦੇ ਸ਼ਾਸਨ ਦੇ ਸਿਧਾਂਤ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ। ਇਹ ਅਸਵੀਕਾਰਯੋਗ ਹੈ, ਜਿਸ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ।

ਕੈਨੇਡਾ-ਚੀਨ ਨੇ ਹਿਰਾਸਤ ਵਿਚ ਲਏ ਇਕ-ਦੂਜੇ ਦੇ ਨਾਗਰਿਕ
ਗੌਰਤਲਬ ਹੈ ਕਿ ਕੈਨੇਡਾ ਦੇ ਦੋ ਨਾਗਰਿਕ 2018 ਤੋਂ ਚੀਨ ਵਿਚ ਕੈਦ ਹਨ। ਸਾਬਕਾ ਡਿਪਲੋਮੈਟ ਮਾਇਕਲ ਕੋਵਰਿੰਗ ਅਤੇ ਕਾਰੋਬਾਰੀ ਮਾਈਕਲ ਸਪੇਵਾਰ ਨੂੰ ਚੀਨ ਵਿਚ ਉਸ ਸਮੇਂ ਹਿਰਾਸਤ ਵਿਚ ਲਿਆ ਗਿਆ ਸੀ ਜਦੋਂ ਕੈਨੇਡਾ ਵਿਚ ਚੀਨੀ ਕੰਪਨੀ ਹੁਵੇਈ ਦੇ ਅਧਿਕਾਰੀ ਮੇਂਗ ਵਾਨਝਾਊ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮੇਂਗ ਦੀ ਹਵਾਲਗੀ ਕਰ ਕੇ ਉਸ ਨੂੰ ਅਮਰੀਕਾ ਤੋਂ ਕੈਨੇਡਾ ਲਿਆਂਦਾ ਗਿਆ। ਕੈਨੇਡਾ ਵਿਚ ਉਹਨਾਂ 'ਤੇ ਧੋਖਾਧੜੀ ਦੇ ਦੋਸ਼ ਲਗਾਏ ਗਏ ਹਨ। ਗੌਰਤਲਬ ਹੈ ਕਿ ਇਹ ਕਾਰਵਾਈ ਉਸ ਸਮੇਂ ਹੋਈ ਜਦੋਂ ਅਮਰੀਕਾ ਨੇ ਹੁਵੇਈ ਖ਼ਿਲਾਫ਼ ਆਪਣੀ ਅੰਤਰਰਾਸ਼ਟਰੀ ਮੁਹਿੰਮ ਸ਼ੁਰੂ ਕੀਤੀ ਸੀ।

ਚੀਨ ਨੇ ਕੋਵਰਿੰਗ ਅਤੇ ਸਪੇਵਾਰ 'ਤੇ ਜਾਸੂਸੀ ਦੇ ਦੋਸ਼ ਲਗਾਏ ਹਨ। ਉਦੋਂ ਚੀਨ ਨੇ ਇਸ ਗੱਲ ਦਾ ਖੰਡਨ ਕੀਤਾ ਸੀ ਕਿ ਇਹਨਾਂ ਦੋਹਾਂ ਨੂੰ ਮੇਂਗ ਦੀ ਗ੍ਰਿਫ਼ਤਾਰੀ ਦੇ ਜਵਾਬ ਵਿਚ ਹਿਰਾਸਤ ਵਿਚ ਲਿਆ ਗਿਆ ਪਰ ਇਹ ਘਟਨਾਕ੍ਰਮ ਜਿਸ ਤਰ੍ਹਾਂ ਅਗੇ ਵਧਿਆ, ਇਸ ਨੂੰ ਜਵਾਬੀ ਕਾਰਵਾਈ ਹੀ ਸਮਝਿਆ ਗਿਆ ਹੈ। ਮੇਂਗ 'ਤੇ ਹਾਲੇ ਵੀ ਕੈਨੇਡਾ ਵਿਚ ਮੁਕੱਦਮਾ ਚੱਲ ਰਿਹਾ ਹੈ।

ਚੀਨ ਨੇ ਜਤਾਇਆ ਸਖ਼ਤ ਵਿਰੋਧ
ਚੀਨ ਨੇ ਜਾਰੀ ਕੀਤੇ ਤਾਜ਼ਾ ਦਸਤਾਵੇਜ਼ ਵਿਚ ਆਪਣਾ ਸਖ਼ਤ ਵਿਰੋਧ ਜ਼ਾਹਰ ਕੀਤਾ ਹੈ। ਕੈਨੇਡਾ ਸਥਿਤ ਚੀਨੀ ਦੂਤਾਵਾਸ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਇਸ ਸੰਬੰਧੀ ਰਸਮੀ ਤੌਰ 'ਤੇ ਆਪਣਾ ਵਿਰੋਧ ਦਰਜ ਕਰਾਏਗਾ। ਦੂਤਾਵਾਸ ਦੇ ਬੁਲਾਰੇ ਨੇ ਕਿਹਾ ਕਿ ਇਹ ਸਾਰਿਆਂ ਨੂੰ ਪਤਾ ਹੈ ਕਿ ਮੇਂਗ ਵਾਨਝਾਉ ਦਾ ਮਾਮਲਾ ਪੂਰੀ ਤਰ੍ਹਾਂ ਨਾਲ ਰਾਜਨੀਤਕ ਹੈ। ਕੈਨੇਡਾ ਨੇ ਮਨਮਰਜ਼ੀ ਨਾਲ ਚੀਨ ਦੇ ਬੇਕਸੂਰ ਨਾਗਰਿਕ ਮੇਂਗ ਨੂੰ ਕੈਦ ਵਿਚ ਰੱਖਿਆ ਹੋਇਆ ਹੈ, ਜਿਹਨਾਂ ਨੇ ਕੈਨੇਡਾ ਦਾ ਕੋਈ ਕਾਨੂੰਨ ਨਹੀਂ ਤੋੜਿਆ ਹੈ। ਅਜਿਹਾ ਕਰਕੇ ਕੈਨੇਡਾ ਨੇ ਇਕ ਚੀਨੀ ਨਾਗਰਿਕ ਦੇ ਵੈਧ ਅਧਿਕਾਰਾਂ ਅਤੇ ਹਿੱਤਾਂ ਦੀ ਉਲੰਘਣਾ ਕੀਤੀ ਹੈ। ਇਹ ਹਰ ਨਜ਼ਰੀਏ ਨਾਲ ਮਨਮਾਨੇ ਢੰਗ ਨਾਲ ਹਿਰਾਸਤ ਵਿਚ ਰੱਖਣ ਦਾ ਇਕ ਮਾਮਲਾ ਹੈ।

ਕੈਨੇਡਾ 'ਤੇ ਅਮਰੀਕਾ ਦੀ ਮਦਦ ਕਰਨ ਦਾ ਦੋਸ਼
ਚੀਨ ਨੇ ਕਿਹਾ ਹੈ ਕਿ ਇਕ ਪਾਸੇ ਕੈਨੇਡਾ ਕਾਨੂੰਨ ਦੇ ਸ਼ਾਸਨ ਦੀ ਰੱਖਿਆ ਕਰਨ ਅਤੇ ਮਨਮਰਜ਼ੀ ਨਾਲ ਹਿਰਾਸਤ ਵਿਚ ਰੱਖਣ ਦਾ ਵਿਰੋਧ ਕਰਨ ਦਾ ਦਾਅਵਾ ਕਰਦਾ ਹੈ ਤੇ ਦੂਜੇ ਪਾਸੇ ਉਹ ਅਮਰੀਕਾ ਵਾਂਗ ਹੀ ਕੰਮ ਕਰਦਾ ਹੈ। ਉਹ ਚੀਨੀ ਉੱਦਮਾਂ ਦਾ ਦਮਨ ਕਰਨ ਲਈ ਮੇਂਗ ਦੀ ਵਰਤੋਂ ਕਰਨ ਵਿਚ ਅਮਰੀਕਾ ਦੀ ਮਦਦ ਕਰ ਰਿਹਾ ਹੈ। ਇਸ ਲਈ ਕੈਨੇਡਾ ਵੱਲੋਂ ਗੈਰ ਕਾਨੂੰਨੀ ਹਿਰਾਸਤ ਦਾ ਮਾਮਲਾ ਚੁੱਕਣਾ 'ਉਲਟਾ ਚੋਰ ਕੋਤਵਾਲ ਨੂੰ ਡਾਂਟੇ' ਵਾਲੀ ਕਹਾਵਤ ਨੂੰ ਸੱਚ ਕਰਦਾ ਹੈ। ਚੀਨੀ ਦੂਤਾਵਾਸ ਦੇ ਬੁਲਾਰੇ ਨੇ ਕੈਨੇਡਾ ਵੱਲੋਂ ਜਾਰੀ ਤਾਜ਼ਾ ਬਿਆਨ ਨੂੰ ਪਾਖੰਡ ਅਤੇ ਨਿੰਦਾਯੋਗ ਦੱਸਿਆ ਹੈ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਪੀ.ਐੱਮ. ਨੇ ਕਰਮਚਾਰੀ ਬੀਬੀ ਤੋਂ ਮੰਗੀ ਮੁਆਫ਼ੀ, ਜਬਰ-ਜ਼ਿਨਾਹ ਮਾਮਲੇ ਦੀ ਜਾਂਚ ਦਾ ਕੀਤਾ ਵਾਅਦਾ

ਚੀਨੀ ਅਖ਼ਬਾਰ ਨੇ ਦਿੱਤਾ ਰਿਪੋਰਟ ਦਾ ਹਵਾਲਾ
ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਨੇ ਕੈਨੇਡਾ ਦੇ ਟੀਵੀ ਚੈਨਲ ਦੀ ਵੈਬਸਾਈਟ ਸੀ.ਬੀ.ਸੀ.ਸੀ.ਏ. 'ਤੇ ਛਪੀ ਇਕ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਹੈ ਕਿ ਜੂਨ 2020 ਵਿਚ ਕੈਨੇਡਾ ਦੇ 19 ਸਿਆਸਤਦਾਨਾਂ, ਸਾਬਕਾ ਨੌਕਰਸ਼ਾਹਾਂ, ਅਕਾਦਮਿਕਾਂ ਅਤੇ ਸਿਵਲ ਸੋਸਾਇਟੀ ਦੀਆਂ ਸ਼ਖਸੀਅਤਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪੱਤਰ ਲਿਖ ਕੇ ਮੇਂਗ ਦੇ ਬਾਰੇ ਵਿਚ ਕੈਨੇਡਾ ਸਰਕਾਰ ਦੇ ਪ੍ਰਤੀ ਆਪਣਾ ਰੁੱਖ਼ ਬਦਲਣ ਦੀ ਅਪੀਲ ਕੀਤੀ ਸੀ। ਗਲੋਬਲ ਟਾਈਮਜ਼ ਮੁਤਾਬਕ ਕੈਨੇਡਾ ਮੀਡੀਆ ਵਿਚ ਅਜਿਹੇ ਕਈ ਲੇਖ ਛਪੇ ਹਨ ਜਿਹਨਾਂ ਵਿਚ ਮੇਂਗ ਨੂੰ ਰਿਹਾਅ ਕਰ ਦੇਣ ਦੇ ਸੁਝਾਅ ਦਿੱਤੇ ਗਏ ਹਨ। ਇਸ ਦੌਰਾਨ ਕਈ ਮਾਹਰਾਂ ਨੇ ਕਿਹਾ ਹੈ ਕਿ ਤਾਜ਼ਾ ਬਿਆਨ ਨਾਲ ਚੀਨ ਵਿਚ ਕੈਦ ਕੈਨੇਡਾ ਦੇ ਨਾਗਰਿਕਾਂ ਦੀ ਰਿਹਾਈ ਦੀ ਸੰਭਾਵਨਾ 'ਤੇ ਕੋਈ ਫਰਕ ਨਹੀਂ ਪਵੇਗਾ। ਉਹਨਾਂ ਮੁਤਾਬਕ ਕੈਨੇਡਾ ਦੇ ਨਾਗਰਿਕਾਂ ਨੂੰ ਚੀਨ ਉਦੋਂ ਤੱਕ ਰਿਹਾਅ ਨਹੀਂ ਕਰੇਗਾ ਜਦੋਂ ਤੱਕ ਕੈਨੇਡਾ ਮੇਂਗ ਦੇ ਮਾਮਲੇ ਵਿਚ ਉਹਨਾਂ ਵਾਂਗ ਹੀ ਕਦਮ ਨਹੀਂ ਚੁੱਕਦਾ ਹੈ। 
 

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News