ਕੈਨੇਡਾ ਜਾਣ ਵਾਲੇ ਲੋਕਾਂ ਲਈ ਵੱਡੀ ਰਾਹਤ, ਕੈਲਗਰੀ 'ਚ ਸ਼ੁਰੂ ਹੋਈ ਇਹ ਸੁਵਿਧਾ
Tuesday, Nov 03, 2020 - 10:54 AM (IST)
ਕੈਲਗਰੀ- ਕੈਨੇਡਾ ਵਿਚ ਹੁਣ ਕੌਮਾਂਤਰੀ ਮੁਸਾਫਰਾਂ ਨੂੰ 14 ਦਿਨ ਦੇ ਲੰਮੇ ਇਕਾਂਤਵਾਸ ਤੋਂ ਛੋਟ ਮਿਲੇਗੀ। ਕੈਲਗਰੀ ਕੌਮਾਂਤਰੀ ਹਵਾਈ ਅੱਡੇ ਅਤੇ ਕੌਟਸ ਸਰਹੱਦ ਲਾਂਘੇ 'ਤੇ ਪਾਇਲਟ ਪ੍ਰਾਜੈਕਟ 'ਤੇ ਰੈਪਿਡ ਕੋਰੋਨਾ ਟੈਸਿੰਟਗ ਸ਼ੁਰੂ ਹੋ ਗਈ ਹੈ। ਰੈਪਿਡ ਕਿਟ ਨਾਲ ਕੋਰੋਨਾ ਰਿਪੋਰਟ ਨੈਗੇਟਿਵ ਹੋਣ ਦੀ ਸੂਰਤ 'ਚ ਇੱਥੇ ਉਤਰਨ ਵਾਲੇ ਵਿਦੇਸ਼ ਤੋਂ ਆਏ ਲੋਕਾਂ ਨੂੰ ਕੁਆਰੰਟੀਨ ਹੋਣ ਦੀ ਜ਼ਰੂਰਤ ਨਹੀਂ ਪਵੇਗੀ।
ਜਲਦ ਹੀ ਓਂਟਾਰੀਓ ਤੇ ਐਡਮਿੰਟਨ ਵੀ ਇਹ ਸੁਵਿਧਾ ਸ਼ੁਰੂ ਕਰਨ ਵਾਲੇ ਹਨ। ਹਾਲਾਂਕਿ, ਅਲਬਰਟਾ ਸਰਕਾਰ ਮੁਤਾਬਕ, ਨੈਗੇਟਿਵ ਰਿਪੋਰਟ ਹੋਣ ਦੀ ਸੂਰਤ ਵਿਚ ਵੀ ਇੱਥੇ ਪਹੁੰਚਣ ਦੇ 6 ਜਾਂ 7 ਦਿਨਾਂ ਪਿੱਛੋਂ ਇਕ ਵਾਰ ਫਿਰ ਟੈਸਟ ਕਰਾਉਣਾ ਲਾਜ਼ਮੀ ਹੋਵੇਗਾ। ਸੂਬਾ ਸਰਕਾਰ ਵਲੋਂ ਇਹ ਪਾਇਲਟ ਪ੍ਰਾਜੈਕਟ ਫੈਡਰਲ ਸਰਕਾਰ ਤੇ ਟ੍ਰੈਵਲ ਇੰਡਸਟਰੀ ਦੀ ਭਾਈਵਾਲੀ ਨਾਲ ਸ਼ੁਰੂ ਕੀਤਾ ਗਿਆ ਹੈ।
ਸੂਬਾ ਸਰਕਾਰ ਮੁਤਾਬਕ, ਕੈਲਗਰੀ ਹਵਾਈ ਅੱਡੇ ਜਾਂ ਕੌਟਸ ਲੈਂਡ ਕਰਾਸਿੰਗ 'ਤੇ ਪਹੁੰਚਣ ਵਾਲੇ ਸਿਰਫ ਅੰਤਰਰਾਸ਼ਟਰੀ ਮੁਸਾਫਰਾਂ ਨੂੰ ਹੀ ਇਹ ਸੁਵਿਧਾ ਮਿਲੇਗੀ, ਜਿਨ੍ਹਾਂ 'ਚ ਟਰੱਕ ਡਰਾਈਵਰ, ਸਿਹਤ ਸੰਭਾਲ ਕਰਮਚਾਰੀ ਅਤੇ ਫੈਡਰਲ ਸਰਕਾਰ ਵਲੋਂ ਜਿਨ੍ਹਾਂ ਨੂੰ ਕੈਨੇਡਾ ਆਉਣ ਦੀ ਛੋਟ ਹੈ। ਇਸ ਤੋਂ ਇਲ਼ਾਵਾ ਕੋਈ ਵੀ ਕੈਨੇਡੀਅਨ ਨਾਗਰਿਕ ਜਾਂ ਸਥਾਈ ਨਿਵਾਸੀ ਜਿਨ੍ਹਾਂ ਨੂੰ ਇਸ ਵੇਲੇ ਕੈਨੇਡਾ ਵਿਚ ਦਾਖਲ ਹੋਣ ਦੀ ਆਗਿਆ ਹੈ ਅਤੇ ਜਿਨ੍ਹਾਂ ਵਿਚ ਕੋਈ ਕੋਵਿਡ-19 ਦੇ ਲੱਛਣ ਨਹੀਂ ਹਨ।
ਰੋਜ਼ ਐਡੋ ਨਾਂ ਦੀ ਇਕ ਜਨਾਨੀ ਪਹਿਲੀ ਮੁਸਾਫਰ ਹੈ, ਜਿਸ ਨੇ ਕੈਲਗਰੀ ਹਵਾਈ ਅੱਡੇ 'ਤੇ ਇਸ ਸੁਵਿਧਾ ਦਾ ਫਾਇਦਾ ਲਿਆ ਹੈ। ਉਸ ਨੇ ਕਿਹਾ ਕਿ ਇਹ ਕਾਫੀ ਤੇਜ਼ ਸੁਵਿਧਾ ਹੈ, ਜਿਸ ਨਾਲ ਇਕਾਂਤਵਾਸ ਦਾ ਸਮਾਂ ਘੱਟ ਜਾਂਦਾ ਹੈ। ਹਾਲਾਂਕਿ, ਉਸ ਨੇ ਇਹ ਵੀ ਕਿਹਾ ਕਿ ਜੇਕਰ ਜ਼ਰੂਰੀ ਹੋਵੇ ਤਾਂ ਹੀ ਯਾਤਰਾ ਕੀਤੀ ਜਾਵੇ।