ਐਮਰਜੈਂਸੀ ਲੈਂਡਿੰਗ ਕਰ ਕੇ ਫਸਿਆ ਜਹਾਜ਼, ਠੰਡ ਨੇ ਜਮਾਇਆ ਯਾਤਰੀਆਂ ਦਾ ਖੂਨ

Tuesday, Jan 22, 2019 - 05:37 PM (IST)

ਐਮਰਜੈਂਸੀ ਲੈਂਡਿੰਗ ਕਰ ਕੇ ਫਸਿਆ ਜਹਾਜ਼, ਠੰਡ ਨੇ ਜਮਾਇਆ ਯਾਤਰੀਆਂ ਦਾ ਖੂਨ

ਟੋਰਾਂਟੋ (ਬਿਊਰੋ)— ਦੁਨੀਆ ਦੀ ਸਭ ਤੋਂ ਲੰਬੀ ਹਵਾਈ ਉਡਾਣ ਵਿਚ ਸਵਾਰ ਇਕ ਯਾਤਰੀ ਦੀ ਜਾਨ ਬਚਾਉਣ ਲਈ ਸ਼ਨੀਵਾਰ ਨੂੰ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਮਾਮਲਾ ਕੈਨੇਡਾ ਹਵਾਈ ਅੱਡੇ ਦਾ ਹੈ। ਸਮਾਚਾਰ ਏਜੰਸੀ ਮੁਤਾਬਕ ਯੂਨਾਈਟਿਡ ਏਅਰਲਾਈਨਜ਼ ਦੀ ਫਲਾਈਟ179 ਨੇ ਸ਼ਨੀਵਾਰ ਨੂੰ ਅਮਰੀਕਾ ਦੇ ਨਿਊਜਰਸੀ ਦੇ ਨੇਵਾਰਕ ਹਵਾਈ ਅੱਡੇ ਤੋਂ 250 ਯਾਤਰੀਆਂ ਨੂੰ ਲੈ ਕੇ ਉਡਾਣ ਭਰੀ ਸੀ। ਇਹ ਫਲਾਈਟ ਨਿਊਜਰਸੀ ਤੋਂ ਹਾਂਗਕਾਂਗ ਜਾ ਰਹੀ ਸੀ। ਰਸਤੇ ਵਿਚ ਇਕ ਯਾਤਰੀ ਦੀ ਤਬੀਅਤ ਖਰਾਬ ਹੋਣ ਕਾਰਨ ਜਹਾਜ਼ ਨੂੰ ਕੈਨੇਡਾ ਦੇ ਪੂਰਬੀ ਤੱਟ ਦੇ ਨਿਊਫਾਊਡਲੈਂਡ ਅਤੇ ਲੈਬਰਾਡੋਰ ਸੂਬੇ ਦੇ ਗੂਜ਼-ਬੇਅ ਹਵਾਈ ਅੱਡੇ 'ਤੇ ਉਤਾਰਿਆ ਗਿਆ।

ਏਅਰਲਾਈਨਜ਼ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਪੈਰਾ ਮੈਡੀਕਲ ਟੀਮ ਦੇ ਮੈਂਬਰ ਬੀਮਾਰ ਯਾਤਰੀ ਨੂੰ ਹਸਪਤਾਲ ਲੈ ਗਏ। ਪਰ ਉੱਥੋਂ ਦਾ ਤਾਪਮਾਨ ਮਾਈਨਸ 30 ਡਿਗਰੀ ਤੋਂ ਹੇਠਾਂ ਸੀ। ਚਾਰੇ ਪਾਸੇ ਬਰਫ ਪੈ ਰਹੀ ਸੀ। ਯਾਤਰੀ ਦੇ ਉਤਰਨ ਮਗਰੋਂ ਜਦੋਂ ਜਹਾਜ਼ ਉਡਾਣ ਭਰਨ ਦੀ ਤਿਆਰੀ ਕਰਨ ਲੱਗਾ ਤਾਂ ਉਸ ਦਾ ਇਕ ਦਰਵਾਜਾ ਬਰਫ ਕਾਰਨ ਜਾਮ ਹੋ ਗਿਆ ਅਤੇ ਬੰਦ ਨਹੀਂ ਹੋ ਪਾਇਆ। ਉੱਥੇ ਦੇਰ ਰਾਤ ਹੋਣ ਕਾਰਨ ਹਵਾਈ ਅੱਡੇ 'ਤੇ ਕੋਈ ਕਰਮਚਾਰੀ ਵੀ ਨਹੀਂ ਸੀ। ਅਜਿਹੇ ਵਿਚ ਜਹਾਜ਼ ਵਿਚ ਸਵਾਰ ਬਾਕੀ ਯਾਤਰੀਆਂ ਨੂੰ ਲੱਗਭਗ 13 ਘੰਟੇ ਜਹਾਜ਼ ਵਿਚ ਹੀ ਬਿਤਾਉਣੇ ਪਏ। 

ਅਜਿਹੇ ਹਾਲਾਤ ਨਾਲ ਨਜਿੱਠਣ ਲਈ ਜਹਾਜ਼ ਵਿਚ ਕੰਬਲ ਅਤੇ ਖਾਣ-ਪੀਣ ਦੇ ਸਾਮਾਨ ਦੀ ਵੀ ਲੋੜੀਂਦੀ ਵਿਵਸਥਾ ਨਹੀਂ ਸੀ। ਠੰਡ ਨਾਲ ਪਰੇਸ਼ਾਨ ਯਾਤਰੀਆਂ ਨੇ ਪੂਰੀ ਰਾਤ ਕਾਫੀ ਮੁਸ਼ਕਲ ਨਾਲ ਗੁਜਾਰੀ। ਬਾਅਦ ਵਿਚ ਲੱਗਭਗ 10 ਘੰਟੇ ਬਾਅਦ ਅਧਿਕਾਰੀ ਖਾਣਾ ਅਤੇ ਪਾਣੀ ਲੈ ਕੇ ਜਹਾਜ਼ ਵਿਚ ਪਹੁੰਚੇ। ਜਹਾਜ਼ ਵਿਚ ਸਵਾਰ ਇਕ ਯਾਤਰੀ ਸੰਜੈ ਦੱਤਾ ਨੇ ਸਮਾਚਾਰ ਏਜੰਸੀ ਨੂੰ ਫੋਨ 'ਤੇ ਦੱਸਿਆ ਕਿ ਜਹਾਜ਼ ਅੰਦਰ ਕਾਫੀ ਠੰਡ ਹੋ ਗਈ ਸੀ। ਪੂਰੇ ਇਲਾਕੇ ਵਿਚ ਭਾਰੀ ਬਰਫਬਾਰੀ ਹੋਣ ਕਾਰਨ ਅਤੇ ਜਹਾਜ਼ ਦਾ ਦਰਵਾਜਾ ਖੁੱਲ੍ਹਾ ਹੋਣ ਕਾਰਨ ਅੰਦਰ ਦਾ ਹੀਟਰ ਵੀ ਫੇਲ ਹੋ ਗਿਆ ਸੀ। ਜਹਾਜ਼ ਵਿਚ ਸਵਾਰ ਹੋਰ ਯਾਤਰੀਆਂ ਨੇ ਵੀ ਟਵੀਟ ਕਰ ਕੇ ਆਪਣੀ ਇਸ ਕੌੜੇ ਅਨੁਭਵ ਨੂੰ ਸ਼ੇਅਰ ਕੀਤਾ।


author

Vandana

Content Editor

Related News