ਕੈਨੇਡਾ : ਪ੍ਰਿੰਸ ਐਡਵਰਡ ਸੂਬੇ ''ਤੇ ਪੀ. ਸੀ. ਪਾਰਟੀ ਦਾ ਕਬਜ਼ਾ
Thursday, Apr 25, 2019 - 01:52 AM (IST)

ਜਾਰਜਟਾਊਨ - ਕੈਨੇਡਾ ਦੇ ਸੂਬੇ ਪ੍ਰਿੰਸ ਐਡਵਰਡ ਆਇਲੈਂਡ ਦੀਆਂ ਵਿਧਾਨ ਸਭਾ ਚੋਣਾਂ 'ਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਜਿੱਤ ਦਰਜ ਕੀਤੀ ਜਦਕਿ ਲਿਬਰਲ ਪਾਰਟੀ ਦੇ 12 ਸਾਲ ਦੀ ਸਿਆਸਤ ਦਾ ਸਮਾਂ ਖਤਮ ਹੋ ਗਿਆ। ਦੂਜੇ ਪਾਸੇ ਗ੍ਰੀਨ ਪਾਰਟੀ ਨੂੰ ਕੈਨੇਡਾ ਦੇ ਇਤਿਹਾਸ 'ਚ ਪਹਿਲੀ ਵਾਰ ਮੁੱਖ ਵਿਰੋਧੀ ਧਿਰ ਬਣਨ ਦਾ ਸਨਮਾਨ ਮਿਲਿਆ। ਡੈਨਿਸ ਕਿੰਗ ਦੀ ਅਗਵਾਈ 'ਚ ਪ੍ਰੋਗਰੈਸਿਵ ਕੰਜ਼ਰਵੇਟਿਵ 12 ਸੀਟਾਂ ਜਿੱਤਣ 'ਚ ਸਫ਼ਲ ਰਹੀ ਪਰ ਬਹੁਮਤ ਲਈ 14 ਸੀਟਾਂ ਜ਼ਰੂਰੀ ਚਾਹੀਦੀਆਂ ਹਨ।
ਗ੍ਰੀਨ ਪਾਰਟੀ ਨੂੰ 8 ਸੀਟਾਂ ਮਿਲੀਆਂ ਅਤੇ ਲਿਬਰਲ ਪਾਰਟੀ ਨੂੰ 6 ਸੀਟਾਂ 'ਤੇ ਕਬਜ਼ਾ ਕਰ ਪਾਈ। ਪਿਛਲੇ 50 ਸਾਲ ਦਾ ਇਤਿਹਾਸ ਦਰਸਾਉਂਦਾ ਹੈ ਕਿ ਲਿਬਰਲ ਪਾਰਟੀ ਲਗਾਤਾਰ 3 ਵਿਧਾਨ ਸਭਾ ਚੋਣਾਂ 'ਚ ਜੇਤੂ ਰਹੀ ਤਾਂ ਅਗਲੀਆਂ 3 ਵਿਧਾਨ ਸਭਾ ਚੋਣਾਂ 'ਚ ਪੀ. ਸੀ. ਪਾਰਟੀ ਦਾ ਦਬਦਬਾ ਰਿਹਾ। ਸ਼ਾਰਲੇਟਾਊਨ ਦੇ ਇਕ ਹੋਟਲ 'ਚ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਡੈਨਿਸ ਕਿੰਗ ਨੇ ਆਖਿਆ ਕਿ ਰਾਜਨੀਤੀ ਦੇ ਨਵੇਂ ਯੁਗ 'ਚ ਤੁਹਾਡਾ ਸਵਾਗਤ ਹੈ। ਮੈਂ ਜ਼ਰੂਰਤ ਤੋਂ ਜ਼ਿਆਦਾ ਖ਼ੁਸ਼ੀ ਮਹਿਸੂਸ ਕਰ ਰਿਹਾ ਹਾਂ ਜਿਸ ਲਈ ਮੁਆਫ਼ੀ ਮੰਗਦਾ ਹਾਂ। ਕਿੰਗ ਦਾ ਰਾਜਨੀਤੀ 'ਚ ਕਾਫੀ ਤਜ਼ਰਬਾ ਹੈ ਅਤੇ ਉਹ ਪ੍ਰੀਮੀਅਰ ਪੈਟ ਬਿਨ ਦੇ ਦਫ਼ਤਰ 'ਚ ਸਿਆਸੀ ਟਿੱਪਣੀਕਾਰ ਰਹਿ ਚੁੱਕੇ ਹਨ।