ਕੋਰੋਨਾ ਆਫ਼ਤ : ਕੈਨੇਡਾ ''ਚ ਅਖ਼ਬਾਰ ਸਮੂਹ ਨੇ ਆਨਲਾਈਨ ਕੈਸੀਨੋ ਕੀਤਾ ਲਾਂਚ

Wednesday, Mar 03, 2021 - 11:11 AM (IST)

ਕੋਰੋਨਾ ਆਫ਼ਤ : ਕੈਨੇਡਾ ''ਚ ਅਖ਼ਬਾਰ ਸਮੂਹ ਨੇ ਆਨਲਾਈਨ ਕੈਸੀਨੋ ਕੀਤਾ ਲਾਂਚ

ਟੋਰਾਂਟੋ (ਬਿਊਰੋ): ਦੁਨੀਆ ਭਰ ਵਿਚ ਪ੍ਰਿੰਟ ਮੀਡੀਆ ਮੁਸ਼ਕਲ ਸਥਿਤੀ ਵਿਚ ਹੈ। ਇਸ ਦੀ ਇਕ ਉਦਾਹਰਨ ਕੈਨੇਡਾ ਵਿਚ ਸਾਹਮਣੇ ਆਈ ਹੈ। ਇਸ਼ਤਿਹਾਰ ਤੋਂ ਆਮਦਨੀ ਘੱਟ ਜਾਣ ਕਾਰਨ ਇੱਥੇ ਹੁਣ ਇਕ ਵੱਡੇ ਮੀਡੀਆ ਹਾਊਸ ਨੂੰ ਆਨਲਾਈਨ ਕੈਸੀਨੋ ਚਲਾਉਣ ਦਾ ਫ਼ੈਸਲਾ ਕਰਨਾ ਪਿਆ ਹੈ। ਪ੍ਰਿੰਟ ਮੀਡੀਆ ਲਈ ਪਹਿਲਾਂ ਹੀ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਕਾਰਨ ਚੁਣੌਤੀਆਂ ਵੱਧ ਗਈਆਂ ਸਨ ਪਰ ਕੋਰੋਨਾ ਲਾਗ ਦੀ ਬੀਮਾਰੀ ਨੇ ਉਸ ਦੀ ਆਮਦਨ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਇਸ ਲਈ ਕੈਨੇਡਾ ਦੇ ਸਭ ਤੋਂ ਵੱਡੇ ਅਖ਼ਬਾਰ ਸਮੂਹ ਨੇ ਫ਼ੈਸਲਾ ਲਿਆ ਹੈ ਕਿ ਆਨਲਾਈਨ ਗੇਮਿੰਗ ਤੋਂ ਪੈਸਾ ਕਮਾ ਕੇ ਆਪਣੇ ਅਖ਼ਬਾਰਾਂ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕਰੇਗਾ।

ਇਸ ਅਖ਼ਬਾਰ ਸਮੂਹ ਦੇ ਪ੍ਰਕਾਸ਼ਕ ਨੇ ਸੋਮਵਾਰ ਨੂੰ ਆਨਲਾਈਨ ਗੇਮਿੰਗ ਐਪ ਨੂੰ ਬਾਜ਼ਾਰ ਵਿਚ ਉਤਾਰਿਆ। ਟੋਰਸਟਾਰ ਨਾਮ ਦੇ ਇਸ ਸਮੂਹ ਦੇ ਕਾਰਜਕਾਰੀ ਅਧਿਕਾਰੀ ਕੌਰੇ ਗੁਡਮੈਨ ਨੇ ਇਕ ਬਿਆਨ ਵਿਚ ਕਿਹਾ,''ਟੋਰਸਟਾਰ ਗਰੁੱਪ 128 ਸਾਲ ਤੋਂ ਓਂਟਾਰੀਓ ਪ੍ਰਦੇਸ਼ ਦਾ ਭਰੋਸੇਮੰਦ ਬ੍ਰਾਂਡ ਰਿਹਾ ਹੈ। ਸਾਨੂੰ ਵਿਸ਼ਵਾਸ ਹੈ ਕਿ ਟੋਰਸਟਾਰ ਇਕ ਵਿਲੱਖਣ ਅਤੇ ਜ਼ਿੰਮੇਵਾਰ ਗੇਮਿੰਗ ਬ੍ਰਾਂਡ ਪ੍ਰਦਾਨ ਕਰੇਗਾ ਜਿਸ ਨਾਲ ਨਵੀਂਆਂ ਨੌਕਰੀਆਂ ਪੈਦਾ ਹੋਣਗੀਆਂ। ਓਂਟਾਰੀਓ ਦੀ ਅਰਥਵਿਵਸਥਾ ਦੇ ਵਿਕਾਸ ਵਿਚ ਵੀ ਮਦਦ ਮਿਲੇਗੀ ਅਤੇ ਨਵਾਂ ਟੈਕਸ ਮਾਲੀਆ ਪੈਦਾ ਹੋਵੇਗਾ। ਇਹਨਾਂ ਨਾਲ ਸਾਡੇ ਸੂਬਿਆਂ ਵਿਚ ਮਹੱਤਵਪੂਰਨ ਪ੍ਰੋਗਰਾਮ ਚਲਾਉਣ ਵਿਚ ਮਦਦ ਮਿਲੇਗੀ।''

ਓਂਟਾਰੀਓ ਸੂਬੇ ਵਿਚ ਆਨਲਾਈਨ ਗੈਂਬਲਿੰਗ ਵਿਚ ਹਰੇਕ ਸਾਲ ਉੱਥੋਂ ਦੇ ਲੋਕ 50 ਕਰੋੜ ਕੈਨੇਡੀਅਨ ਡਾਲਰ (ਲੱਗਭਗ 3 ਕਰੋੜ 95ਲੱਖ ਅਮਰੀਕੀ ਡਾਲਰ) ਲਗਾਉਂਦੇ ਹਨ। ਇਸ ਬਾਜ਼ਾਰ ਵਿਚ ਹੋਰ ਜ਼ਿਆਦਾ ਵਾਧਾ ਹੋਣ ਦਾ ਅਨੁਮਾਨ ਹੈ। ਇਸ ਦੇ ਪਿੱਛੇ ਕਾਰਨ ਹੈ ਕਿ ਸੂਬਾਈ ਸਰਕਾਰ ਆਨਲਾਈਨ ਗੈਂਬਲਿੰਗ ਨੂੰ ਵਧਾਵਾ ਦੇ ਰਹੀ ਹੈ।ਇਸ ਲਈ ਉਹ ਨਵੀਆਂ ਕੰਪਨੀਆਂ ਨੂੰ ਇਸ ਬਾਜ਼ਾਰ ਵਿਚ ਉਤਰਨ ਦੀ ਇਜਾਜ਼ਤ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਟੋਰਸਟਾਰ ਦਾ ਪ੍ਰਕਾਸ਼ਨ 1892 ਵਿਚ ਹੋਇਆ ਸੀ। ਅੱਜ ਇਹ ਸਮੂਹ 70 ਤੋਂ ਵਧੇਰੇ ਖੇਤਰੀ ਅਤੇ ਭਾਈਚਾਰਕ ਅਖ਼ਬਾਰਾਂ ਦਾ ਮਾਲਕ ਹੈ। ਪਿਛਲੇ ਕੁਝ ਸਾਲਾਂ ਤੋਂ ਇਹ ਸਮੂਹ ਕਾਨੂੰਨੀ ਵਿਵਾਦਾਂ ਵਿਚ ਫਸਿਆ ਹੋਇਆ ਸੀ। ਉਸ ਦੇ ਬਾਅਦ ਪਿਛਲੇ ਸਾਲ ਅਗਸਤ ਵਿਚ ਇਸ ਨੂੰ ਨੌਰਡਸਟਰਾ ਕੈਪੀਟਲ ਐਲਪੀ ਨਾਮ ਦੀ ਕੰਪਨੀ ਦੇ ਹੱਥਾਂ ਵਿਚ ਵੇਚ ਦਿੱਤਾ ਗਿਆ। ਦੱਸਿਆ ਜਾਂਦਾ ਹੈਕਿ ਇਹ ਵਿਕਰੀ 6 ਕਰੋੜ ਕੈਨੇਡੀਅਨ ਡਾਲਰ ਵਿਚ ਹੋਈ। 

ਪੜ੍ਹੋ ਇਹ ਅਹਿਮ ਖਬਰ- ਬੋਲੀਵੀਅਨ ਯੂਨੀਵਰਸਿਟੀ 'ਚ ਡਿੱਗੀ ਰੇਲਿੰਗ, 5 ਵਿਦਿਆਰਥੀਆਂ ਦੀ ਮੌਤ (ਤਸਵੀਰਾਂ)

ਅਖ਼ਬਾਰ ਖਰੀਦਣ ਦੇ ਬਾਅਦ ਮਾਲੀਆ ਜੁਟਾਉਣ ਲਈ ਨਵੀਂ ਕੰਪਨੀ ਨੇ ਕਈ ਪ੍ਰਯੋਗ ਕੀਤੇ।ਉਸ ਨੇ ਪਾਰਸਲ ਡਿਲੀਵਰੀ ਸਰਵਿਸ ਵੀ ਸ਼ੁਰੂ ਕੀਤੀ। ਇਸੇ ਸਿਲਸਿਲੇ ਵਿਚ ਸੋਮਵਾਰ ਨੂੰ ਕੰਪਨੀ ਨੇ ਆਨਲਾਈਨ ਗੇਮਿੰਗ ਦੇਖੇਤਰ ਵਿਚ ਉਤਰਨ ਦਾ ਫ਼ੈਸਲਾ ਲਿਆ। ਮਾਹਰਾਂ ਦਾ ਮੰਨਣਾ ਹੈ ਕਿ ਇਸ ਰੂਪ ਵਿਚ ਕੰਪਨੀ ਨੇ ਇਕ ਅਭਿਲਾਸ਼ੀ ਦਾਅ ਖੇਡਿਆ ਹੈ। ਸਮੂਹ ਦੇ ਮਾਲਕਾਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਅਖ਼ਬਾਰ ਸਮੂਹ ਪ੍ਰਗਤੀਸ਼ੀਲ ਉਦੇਸ਼ਾਂ ਨੂੰ ਮਹੱਤਵ ਦਿੰਦਾ ਰਹੇ, ਇਹ ਯਕੀਨੀ ਕਰਨ ਦੀ ਕੋਸ਼ਿਸ਼ ਕਰਨਗੇ। ਟੋਰਸਟਾਰ ਦੇ ਪ੍ਰਧਾਨ ਅਤੇ ਸਹਿ ਮਾਲਕ ਪੌਲ ਰਿਵੇਂਟ ਨੇ ਇਕ ਬਿਆਨ ਵਿਚ ਕਿਹਾ,''ਨਵੀਂ ਕੀਤੀ ਗਈ ਪਹਿਲ ਨਾਲ ਕਵਾਲਿਟੀ ਭਾਈਚਾਰਕ ਪੱਤਰਕਾਰੀ ਦੇ ਵਿਕਾਸ ਅਤੇ ਵਿਸਥਾਰ ਵਿਚ ਮਦਦ ਮਿਲੇਗੀ।'' 

ਉੱਧਰ ਗੈਂਬਲਿੰਗ ਖੇਤਰ ਵਿਚ ਇਕ ਅਖ਼ਬਾਰ ਸਮੂਹ ਦੇ ਉਤਰਨ ਨਾਲ ਕੈਨੇਡਾ ਦੇ ਪੱਤਰਕਾਰੀ ਹਲਕਿਆਂ ਵਿਚ ਹੈਰਾਨੀ ਮਹਿਸੂਸ ਕੀਤੀ ਗਈ ਹੈ। ਸੋਸ਼ਲ ਮੀਡੀਆ 'ਤੇ ਇਸ ਦੀ ਸਖ਼ਤ ਆਲੋਚਨਾ ਹੋਈ ਹੈ। ਇਸ ਸਬੰਧੀ ਕਈ ਪ੍ਰਤੀਕਿਰਿਆਵਾਂ ਦਿੱਤੀਆਂ ਗਈਆਂ ਹਨ। ਇੱਥੇ ਦੱਸ ਦਈਏ ਕਿ ਟੋਰਸਟਾਰ ਸਮੂਹ ਪਹਿਲਾਂ ਪ੍ਰੇਮ ਕਹਾਣੀਆਂ ਵਾਲੇ ਨਾਵਲਾਂ ਦੇ ਪ੍ਰਕਾਸ਼ਨ ਦਾ ਕਾਰੋਬਾਰ ਚਲਾਉਂਦਾ ਸੀ ਪਰ ਉਸ ਨਾਲ ਜੁੜੀਆਂ ਕੰਪਨੀਆਂ ਨੂੰ ਉਸ ਨੇ 2014 ਵਿਚ ਸਾਢੇ 4 ਕਰੋੜ ਡਾਲਰ ਵਿਚ ਵੇਚ ਦਿੱਤਾ। ਹੁਣ ਉਹ ਆਨਲਾਈਨ ਗੈਂਬਲਿੰਗ ਦੇ ਖੇਤਰ ਵਿਚ ਉਤਰਿਆ ਹੈ ਭਾਵੇਂਕਿ ਹਾਲੇ ਉਸ ਨੂੰ ਇਸ ਲਈ ਸਥਾਨਕ ਸਰਕਾਰ ਤੋਂ ਇਜਾਜ਼ਤ ਨਹੀਂ ਮਿਲੀ ਹੈ। 

ਨੋਟ- ਕੈਨੇਡਾ 'ਚ ਅਖ਼ਬਾਰ ਸਮੂਹ ਨੇ ਆਨਲਾਈਨ ਕੈਸੀਨੋ ਕੀਤਾ ਲਾਂਚ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News