ਬੇਟਾ 24 ਘੰਟੇ ਮੋਬਾਈਲ ''ਤੇ ਰਹਿੰਦਾ ਸੀ ਐਕਟਿਵ, ਪਿਤਾ ਨੇ ਇੰਝ ਸਿਖਾਇਆ ਸਬਕ

01/06/2020 11:15:05 AM

ਕੈਲਗਰੀ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਕਿ ਕਿਸੇ ਚੀਜ਼ ਦੀ ਲੋੜ ਤੋਂ ਵੱਧ ਵਰਤੋਂ ਸਿਹਤ ਨੂੰ ਨੁਕਸਾਨ ਹੀ ਪਹੁੰਚਾਉਂਦੀ ਹੈ। ਇਸ ਲਈ ਹਰੇਕ ਚੀਜ਼ ਦੀ ਵਰਤੋਂ ਦੀ ਕੋਈ ਸੀਮਾ ਹੋਣੀ ਚਾਹੀਦੀ ਹੈ। ਇਸੇ ਗੱਲ ਨੂੰ ਆਪਣੇ ਬੇਟੇ ਨੂੰ ਸਮਝਾਉਣ ਲਈ ਇਕ ਪਿਤਾ ਨੇ ਸ਼ਾਨਦਾਰ ਤਰੀਕਾ ਵਰਤਿਆ। ਅਸਲ ਵਿਚ ਕੈਨੇਡਾ ਦੇ ਕੈਲਗਰੀ ਸ਼ਹਿਰ ਵਿਚ ਰਹਿਣ ਵਾਲੇ ਜੇਮੀ ਕਲਾਰਕ ਦੇ 18 ਸਾਲਾ ਬੇਟੇ ਖੋਬੇ ਨੂੰ 24 ਘੰਟੇ ਫੋਨ ਦੀ ਵਰਤੋਂ ਕਰਦੇ ਰਹਿਣ ਦੀ ਆਦਤ ਸੀ। ਉਹ ਆਪਣਾ ਜ਼ਿਆਦਾਤਰ ਸਮਾਂ ਸੋਸ਼ਲ ਮੀਡੀਆ 'ਤੇ ਅਤੇ ਆਨਲਾਈਨ ਗੇਮ ਖੇਡਣ ਵਿਚ ਬਿਤਾਉਂਦਾ ਸੀ। ਇਸ ਆਦਤ ਨੂੰ ਛੁਡਵਾਉਣ ਲਈ ਪਿਤਾ ਜੇਮੀ ਨੇ ਅਜਿਹਾ ਆਈਡੀਆ ਸੋਚਿਆ ਜਿਸ ਨਾਲ ਖੋਬੇ ਦੀ ਫੋਨ ਦੀ ਆਦਤ ਛੁੱਟ ਗਈ ਅਤੇ ਹੁਣ ਉਹ ਆਪਣਾ ਜ਼ਿਆਦਾਤਰ ਸਮਾਂ ਪਰਿਵਾਰ ਨਾਲ ਬਿਤਾਉਂਦਾ ਹੈ। 

PunjabKesari

ਅਸਲ ਵਿਚ ਜੇਮੀ ਬੇਟੇ ਨੂੰ ਕੈਨੇਡਾ ਤੋਂ ਕਰੀਬ 8000 ਕਿਲੋਮੀਟਰ ਦੂਰ ਮੰਗੋਲੀਆ ਲੈ ਗਏ। ਉੱਥੇ ਦੋਹਾਂ ਨੇ ਕਰੀਬ ਇਕ ਮਹੀਨੇ ਤੱਕ 2200 ਕਿਲੋਮੀਟਰ ਯਾਤਰਾ ਕੀਤੀ। ਉਹ ਖੋਬੇ ਨੂੰ ਅਜਿਹੀਆਂ ਥਾਵਾਂ 'ਤੇ ਲੈ ਗਏ ਜਿੱਥੇ ਇੰਟਰਨੈੱਟ ਤਾਂ ਦੂਰ ਬੱਸਾਂ ਵੀ ਨਹੀਂ ਸਨ ਚੱਲਦੀਆਂ। ਇਕ ਮਹੀਨੇ ਦੇ ਸਫਰ ਵਿਚ ਉਹਨਾਂ ਨੇ ਬਾਈਕ ਟ੍ਰਿਪ ਕੀਤੀ।

PunjabKesari

ਘੋੜਿਆਂ 'ਤੇ ਬੈਠ ਕੇ ਸਫਰ ਕੀਤਾ। ਪਰਬਤੀ ਇਲਾਕਿਆਂ ਵਿਚ ਟੈਂਟਾਂ ਵਿਚ ਰਾਤਾਂ ਕੱਟੀਆਂ। ਦੇਖਦੇ ਹੀ ਦੇਖਦੇ ਬੇਟੇ ਵਿਚ ਤਬਦੀਲੀ ਆਉਣ ਲੱਗੀ ਅਤੇ ਇਕ ਮਰੀਨੇ ਦੇ ਟ੍ਰਿਪ ਦੌਰਾਨ ਉਸ ਦੀ ਫੋਨ ਦੀ ਆਦਤ ਛੁੱਟ ਗਈ।

PunjabKesari

ਬੇਟੇ ਖੋਬੇ ਨੇ ਦੱਸਿਆ ਕਿ ਇਸ ਟ੍ਰਿਪ ਨਾਲ ਉਸ ਦੀ ਜ਼ਿੰਦਗੀ ਬਦਲ ਗਈ। ਇਸ ਤੋਂ ਪਹਿਲਾਂ ਜਦੋਂ ਉਹ ਕੁਝ ਦੇਰ ਫੋਨ ਨਹੀਂ ਚਲਾਉਂਦਾ ਸੀ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ ਅਤੇ ਸਨੈਪਚੈਟ ਦੀ ਵਰਤੋਂ ਨਹੀਂ ਕਰਦਾ ਸੀ ਤਾਂ ਉਸ ਨੂੰ ਗੁੱਸਾ ਅਤੇ ਚਿੜਚਿੜਾਪਨ ਹੁੰਦਾ ਸੀ ਪਰ ਹੁਣ ਉਸ ਦੀ ਇਹ ਆਦਤ ਛੁੱਟ ਗਈ ਹੈ। ਜੇਮੀ ਪੇਸ਼ੇ ਤੋਂ ਪਰਬਤਾਰੋਹੀ ਹਨ। ਉਹ 2 ਵਾਰ ਐਵਰੈਸਟ ਫਤਿਹ ਕਰ ਚੁੱਕੇ ਹਨ। ਜੇਮੀ ਨੇ ਕਿਹਾ ਕਿ ਮੋਬਾਈਲ ਨੌਜਵਾਨਾਂ ਨੂੰ ਪਰਿਵਾਰ ਤੋਂ ਦੂਰ ਕਰ ਰਿਹਾ ਹੈ। ਜੇਕਰ ਅਜਿਹਾ ਹੋ ਰਿਹਾ ਹੈ ਤਾਂ ਇਸ ਵਿਚ ਪਰਿਵਾਰ ਦਾ ਵੀ ਦੋਸ਼ ਹੈ। ਆਪਣੇ ਬੇਟੇ ਨੂੰ ਸੁਧਾਰਨ ਲਈ ਉਹਨਾਂ ਨੇ ਇਹ ਕਦਮ ਚੁੱਕਿਆ। ਖੋਬੇ ਨੇ ਦੱਸਿਆ ਕਿ ਟ੍ਰਿਪ ਦੌਰਾਨ ਉਸ ਨੇ ਜ਼ਿੰਦਗੀ ਨੂੰ ਬਿਹਤਰ ਤਰੀਕੇ ਨਾਲ ਜਿਉਣਾ ਸਿੱਖਿਆ।


Vandana

Content Editor

Related News