ਖ਼ੁਸ਼ਖ਼ਬਰੀ : ਕੈਨੇਡਾ ''ਚ ‘ਐਂਟਰੀ’ ਕਰਨ ਲਈ ਵਿਦਿਆਰਥੀਆਂ ਨੂੰ ਮਿਲੀ ਹਰੀ ਝੰਡੀ

11/5/2020 10:06:37 AM

ਕੋਰੋਨਾ ਲਾਗ ਦੇ ਆਉਣ ਨਾਲ ਜਿਥੇ ਹਰ ਖ਼ੇਤਰ ਵਿੱਚ ਖੜੋਤ ਆਈ ਹੈ, ਉਥੇ ਵੱਖ-ਵੱਖ ਦੇਸ਼ਾਂ ਦੀ ਸਰਹੱਦ ’ਤੇ ਹਵਾਈ ਸਫ਼ਰ ਬੰਦ ਹੋਣ ਕਰਕੇ ਪਰਵਾਸ ਦਾ ਕੰਮ ਤਾਂ ਬਿਲਕੁਲ ਹੀ ਠੱਪ ਹੋ ਕੇ ਰਹਿ ਗਿਆ ਸੀ। ਸਭ ਤੋਂ ਵੱਧ ਨੁਕਸਾਨ ਵਿਦੇਸ਼ਾਂ ਦੀ ਪੜ੍ਹਾਈ ਕਰਨ ਦੇ ਚਾਹਵਾਨਾਂ ਦਾ ਹੋਇਆ ਹੈ। ਹੌਲੀ-ਹੌਲੀ ਕੁੰਡਾਬੰਦੀ ਖੁੱਲ੍ਹਣ ’ਤੇ ਕੇਸਾਂ ਦੀ ਗਿਣਤੀ ਘਟਣ ਕਰਕੇ ਵੱਖ-ਵੱਖ ਦੇਸ਼ਾਂ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਣੇ ਦੇਸ਼ ਆਉਣ ਦੀ ਇਜਾਜ਼ਤ ਦਿੱਤੀ ਜਾਣ ਲੱਗੀ ਹੈ। ਇਨ੍ਹਾਂ ਵਿਚੋਂ ਯੂ.ਕੇ. ਤੋਂ ਬਾਅਦ ਕੈਨੇਡਾ ਨੇ ਆਪਣੇ ਵਿਦਿਆਰਥੀਆਂ ਲਈ 20 ਅਕਤੂਬਰ ਤੋਂ ਬਾਰਡਰ ਖ਼ੋਲ੍ਹ ਦਿੱਤੇ ਹਨ।

ਇਸ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਦੀ ਸੁਵਿਧਾ ਦਿੱਤੀ ਗਈ, ਜਦਕਿ ਵੀਜ਼ਾ ਅਪਲਾਈ ਕਰਨ ਵਾਲੇ ਨਵੇਂ ਵਿਦਿਆਰਥੀਆਂ ਨੂੰ ਦੋ ਸਟੈੱਪ ਵੀਜ਼ਾ ਪ੍ਰਣਾਲੀ ਸ਼ੁਰੂ ਕਰਕੇ ਵਿਦਿਆਰਥੀਆਂ ਦੇ ਤੌਖਲੇ ਦੂਰ ਕੀਤੇ ਗਏ ਤੇ ਵੱਡੀ ਗਿਣਤੀ ਵਿੱਚ ਏ.ਆਈ.ਪੀ. (approval in principal) ਜਾਰੀ ਕੀਤੇ ਗਏ।

ਕੈਨੇਡਾ ਸਰਕਾਰ ਵੱਲੋਂ 20 ਅਕਤੂਬਰ ਨੂੰ ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਵੱਖ-ਵੱਖ ਕਾਲਜਾਂ, ਯੂਨੀਵਰਸਿਟੀਆਂ ਆਦਿ ਦੀ ਲਿਸਟ ਜਾਰੀ ਕੀਤੀ ਗਈ ਹੈ। ਇਹ ਲਿਸਟ ਉਨ੍ਹਾਂ ਕਾਲਜਾਂ ਤੇ ਯੂਨੀਵਰਸਿਟੀਆਂ ਦੀ ਹੈ, ਜਿਨ੍ਹਾਂ ਨੇ ਕੋਰੋਨਾ ਅਹਿਤਿਆਤ ਯੋਜਨਾ ਬਣਾ ਕੇ ਆਪਣੇ ਸੂਬੇ ਦੀ ਸਰਕਾਰ ਨੂੰ ਦਿੱਤੀ ਸੀ। ਇਹ ਯੋਜਨਾ ਸੂਬਾ ਸਰਕਾਰ ਵੱਲੋਂ ਪਰਵਾਨ ਕਰਕੇ ਇੰਮੀਗ੍ਰੇਸ਼ਨ ਮਹਿਕਮੇ ਨੂੰ ਲਿਸਟ ਭੇਜੀ ਗਈ। 

ਇਸ ਯੋਜਨਾ ਦੇ ਤਹਿਤ ਹੀ ਕਾਲਜ ਜਾਂ ਯੂਨੀਵਰਸਿਟੀ ਨੇ ਆਪਣੀਆਂ ਕਲਾਸਾਂ ਲਾਉਣੀਆਂ ਹਨ ਤੇ ਸਮਾਜਿਕ ਦੂਰੀ ਬਣਾ ਕੇ ਰੱਖਣੀ ਹੈ। ਇਹ ਯੋਜਨਾ ਪਰਵਾਨ ਹੋਣ ਤੋਂ ਬਾਅਦ ਜੋ ਸੂਚੀ ਬਣੀ ਹੈ, ਉਸ ਸੂਚੀ ਵਿੱਚ ਕਾਲਜ ਦਾ ਨਾਮ ਵੇਖ ਕੇ ਵਿਦਿਆਰਥੀ ਕੈਨੇਡਾ ਦੀ ਟਿਕਟ ਕਰਵਾ ਕੇ ਉੱਥੇ ਪਹੁੰਚ ਸਕਦਾ ਹੈ।

ਕਿਹੜੇ ਵਿਦਿਆਰਥੀ ਜਾ ਸਕਣਗੇ
ਕੈਨੇਡਾ 'ਚ ਉਨ੍ਹਾਂ ਵਿਦਿਆਰਥੀਆਂ ਨੂੰ ਹੀ ਦਾਖ਼ਲ ਹੋਣ ਦੀ ਇਜਾਜ਼ਤ ਮਿਲੇਗੀ, ਜਿਨ੍ਹਾਂ ਦਾ ਕਾਲਜ ਜਾਂ ਯੂਨੀਵਰਸਿਟੀ ਕੈਨੇਡਾ ਸਰਕਾਰ ਵੱਲੋਂ ਜਾਰੀ ਕੀਤੀ ਸੂਚੀ ਵਿੱਚ ਹੋਵੇਗਾ ਅਤੇ ਵਿਦਿਆਰਥੀ ਦੇ ਪਾਸਪੋਰਟ 'ਤੇ ਵੀਜ਼ਾ ਸਟੈਂਪ (ਸਟਿੱਕਰ) ਲੱਗਾ ਹੋਵੇਗਾ। ਨਾਲ ਹੀ ਉਸ ਕੋਲ ਸਟੱਡੀ ਪਰਮਿਟ ਮਨਜੂਰ ਹੋਣ ਵਾਲੀ ਚਿੱਠੀ ਹੋਣੀ ਵੀ ਜ਼ਰੂਰੀ ਹੈ। 
ਜਿਨ੍ਹਾਂ ਵਿਦਿਆਰਥੀਆਂ ਨੂੰ ਏ.ਆਈ.ਪੀ. ਮਨਜੂਰ ਹੋਏ ਹਨ, ਉਹ ਉਨਾਂ ਚਿਰ ਨਹੀਂ ਜਾ ਸਕਦੇ, ਜਿਨ੍ਹਾਂ ਚਿਰ ਉਨ੍ਹਾਂ ਦੇ ਪਾਸਪੋਰਟ 'ਤੇ ਵੀਜੇ ਦਾ ਸਟਿੱਕਰ ਨਹੀਂ ਲੱਗਦਾ ਤੇ ਵੀਜੇ ਦੀ ਮਨਜੂਰੀ ਦੀ ਚਿੱਠੀ ਨਹੀਂ ਆਉਂਦੀ। ਜਿਨ੍ਹਾਂ ਦੇ ਸਟਿੱਕਰ ਤਾਂ ਲੱਗਾ ਹੈ ਪਰ ਸੂਚੀ ਵਿੱਚ ਨਾਮ ਨਹੀਂ ਤਾਂ ਉਹ ਵੀ ਨਹੀਂ ਜਾ ਸਕਣਗੇ।

ਜਿਨ੍ਹਾਂ ਕਾਲਜਾਂ ਦਾ ਸੂਚੀ ਵਿੱਚ ਨਾਮ ਨਹੀਂ ਉਨ੍ਹਾਂ ਦੇ ਵਿਦਿਆਰਥੀਆਂ ਦਾ ਕੀ ਬਣੇਗਾ? 
. ਅਸਲ ਵਿੱਚ ਇਸ ਸੂਚੀ ਵਿੱਚ ਵੱਡੇ-ਵੱਡੇ ਕਾਲਜਾਂ ਦੇ ਨਾਮ ਸ਼ਾਮਲ ਹੀ ਨਹੀਂ ਹਨ, ਜਿਸ ਕਰਕੇ ਵਿਦਿਆਰਥੀਆਂ ਨੂੰ ਚਿੰਤਾ ਹੋ ਸਕਦੀ ਹੈ। ਪਰ ਕੈਨੇਡਾ ਸਰਕਾਰ ਦੇ ਐਲਾਨ ਅਨੁਸਾਰ ਹਰ 15 ਦਿਨ ਬਾਅਦ ਇਹ ਸੂਚੀ ਨਵਿਆਈ ਜਾਂ ਕਹਿ ਲਵੋ ਅੱਪਡੇਟ ਕੀਤੀ ਜਾਇਆ ਕਰੇਗੀ।
. ਇਨ੍ਹਾਂ ਕਾਲਜਾਂ ਦੇ ਨਾਮ ਸੂਚੀ ਵਿੱਚ ਸ਼ਾਮਿਲ ਨਾ ਹੋਣ ਦਾ ਕਾਰਨ ਹੈ ਕਿ ਉਨ੍ਹਾਂ ਨੇ ਕੋਰੋਨਾ ਅਹਿਤਿਆਤ ਯੋਜਨਾ ਆਪਣੇ ਸੂਬੇ ਦੀ ਸਰਕਾਰ ਕੋਲ ਜਮਾਂ ਹੀ ਨਹੀਂ ਕਰਵਾਈ ਜਾਂ ਫਿਰ ਤਿਆਰ ਹੀ ਨਹੀਂ ਕੀਤੀ।
. ਇੰਨਾ ਹੀ ਨਹੀਂ, ਜਿਨ੍ਹਾਂ ਦੇ ਨਾਮ ਸੂਚੀ ਵਿੱਚ ਸ਼ਾਮਿਲ ਹਨ, ਉਨ੍ਹਾਂ ’ਚੋਂ ਬਹੁਤਿਆਂ ਨੇ ਆਖਰੀ ਵੇਲੇ ਆ ਕੇ ਇਹ ਸੂਚੀ ਮਨਜੂਰ ਕਰਵਾਈ ਹੈ।
. ਆਸ ਕੀਤੀ ਜਾ ਰਹੀ ਹੈ ਕਿ 5 ਨਵੰਬਰ ਨੂੰ ਜਦੋਂ ਸੂਚੀ ਅੱਪਡੇਟ ਕੀਤੀ ਜਾਵੇਗੀ ਤਾਂ ਵੱਡੇ ਨਾਮ ਵੀ ਇਸ ਸੂਚੀ ਵਿੱਚ ਸ਼ਾਮਿਲ ਹੋ ਜਾਣਗੇ ਅਤੇ ਇਨ੍ਹਾਂ ਦੇ ਵਿਦਿਆਰਥੀ ਕੈਨੇਡਾ ਜਾ ਸਕਣਗੇ।

ਕੁਲਵਿੰਦਰ ਕੌਰ ਸੋਸਣ
ਇਮੀਗ੍ਰੇਸ਼ਨ ਤੇ ਇੰਟਰਨੈਸ਼ਨਲ ਐਜੂਕੇਸ਼ਨ ਮਾਹਰ


rajwinder kaur

Content Editor rajwinder kaur