ਕੈਨੇਡੀਅਨ ਪੁਲਸ ਨੇ ਮਨੁੱਖੀ ਤਸਕਰੀ ਦੇ ਸ਼ਿਕਾਰ 43 ਲੋਕਾਂ ਨੂੰ ਛੁਡਵਾਇਆ

Wednesday, Feb 13, 2019 - 01:13 PM (IST)

ਕੈਨੇਡੀਅਨ ਪੁਲਸ ਨੇ ਮਨੁੱਖੀ ਤਸਕਰੀ ਦੇ ਸ਼ਿਕਾਰ 43 ਲੋਕਾਂ ਨੂੰ ਛੁਡਵਾਇਆ

ਓਟਾਵਾ (ਬਿਊਰੋ)— ਕੈਨੇਡਾ ਵਿਚ ਪੁਲਸ ਨੇ ਮਨੁੱਖੀ ਤਸਕਰੀ ਦੇ ਸ਼ਿਕਾਰ ਮੈਕਸੀਕੋ ਦੇ 43 ਵਸਨੀਕਾਂ ਨੂੰ ਆਜ਼ਾਦ ਕਰਵਾਇਆ ਹੈ। ਇਨ੍ਹਾਂ ਲੋਕਾਂ ਨੂੰ ਕੈਨੇਡਾ ਵਿਚ ਪੜ੍ਹਨ ਦਾ ਮੌਕਾ, ਵਰਕ ਵੀਜ਼ਾ ਅਤੇ ਸਥਾਈ ਰਿਹਾਇਸ਼ ਦਿਵਾਉਣ ਦਾ ਲਾਲਚ ਦੇ ਕੇ ਗੁਲਾਮ ਬਣਾ ਕੇ ਰੱਖਿਆ ਗਿਆ ਸੀ। ਇਨ੍ਹਾਂ ਲੋਕਾਂ ਵਿਚ ਜ਼ਿਆਦਾਤਰ ਪੁਰਸ਼ ਹਨ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਤਸਕਰਾਂ ਨੇ ਇਨ੍ਹਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਕੈਨੇਡਾ ਵਿਚ ਪੜ੍ਹਾਈ ਕਰ ਸਕਣਗੇ ਜਾਂ ਵਰਕ ਵੀਜ਼ਾਂ ਅਤੇ ਸਥਾਈ ਰਿਹਾਇਸ਼ ਦਾ ਦਰਜਾ ਹਾਸਲ ਕਰ ਪਾਉਣਗੇ। 

ਓਂਟਾਰੀਓ ਸੂਬਾਈ ਪੁਲਸ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੇ ਜਦੋਂ ਪੈਸਾ ਦੇ ਦਿੱਤਾ ਅਤੇ ਕੈਨੇਡਾ ਪਹੁੰਚ ਗਏ ਤਾਂ ਉਨ੍ਹਾਂ ਨੂੰ ਮੱਧ ਅਤੇ ਪੂਰਬੀ ਓਂਟਾਰੀਓ ਵਿਚ ਗੰਦੇ ਵਾਤਵਾਰਣ ਵਿਚ ਰੱਖਿਆ ਗਿਆ। ਇੰਨਾ ਹੀ ਨਹੀਂ ਉਨ੍ਹਾਂ ਨੂੰ ਹੋਟਲਾਂ ਵਿਚ ਕੰਮ ਕਰਨ ਲਈ ਮਜਬੂਰ ਕੀਤਾ ਗਿਆ। ਓ.ਪੀ.ਪੀ. ਡਿਪਟੀ ਕਮਿਸ਼ਨਰ ਰਿਕ ਬਰਨਮ ਨੇ ਓਂਟਾਰੀਓ ਦੇ ਬੈਰੀ ਵਿਚ ਪੱਤਰਕਾਰਾਂ ਨੂੰ ਕਿਹਾ,''ਮਨੁੱਖੀ ਤਸਕਰੀ ਆਧੁਨਿਕ ਸਮੇਂ ਦੀ ਗੁਲਾਮੀ ਹੈ। ਇਸ ਅਪਰਾਧ ਦਾ ਮੁੱਖ ਤੱਤ ਸ਼ੋਸ਼ਣ ਹੈ।'' ਬੈਰੀ ਵਿਚ ਹੋਟਲਾਂ ਨਾਲ ਕੰਮ ਕਰਨ ਵਾਲੇ ਸਫਾਈ ਕੰਪਨੀ ਦੇ 2 ਅਧਿਕਾਰੀਆਂ ਨੂੰ ਇਸ ਮਾਮਲੇ ਵਿਚ ਸ਼ਮੂਲੀਅਤ ਦੇ ਸ਼ੱਕ ਵਿਚ ਮੁਅੱਤਲ ਕਰ ਦਿੱਤਾ ਗਿਆ ਪਰ ਉਨ੍ਹਾਂ ਨੂੰ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।


author

Vandana

Content Editor

Related News