ਹੁਣ ਕੰਬੋਡੀਆ Trump ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਦੀ ਕਰੇਗਾ ਸਿਫਾਰਿਸ਼

Friday, Aug 01, 2025 - 07:55 PM (IST)

ਹੁਣ ਕੰਬੋਡੀਆ Trump ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਦੀ ਕਰੇਗਾ ਸਿਫਾਰਿਸ਼

ਫਨੋਮ ਪੇਨ /ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਿੱਥੇ ਭਾਰਤ ਸਮੇਤ ਕਈ ਦੇਸ਼ਾਂ 'ਤੇ ਭਾਰੀ ਟੈਰਿਫ ਲਗਾਇਆ ਹੈ, ਉੱਥੇ ਪਾਕਿਸਤਾਨ ਅਤੇ ਕੰਬੋਡੀਆਂ ਨੂੰ ਟੈਰਿਫ ਤੋਂ ਭਾਰੀ ਛੋਟ ਦਿੱਤੀ ਹੈ। ਕੰਬੋਡੀਆ ਦੇ ਉਪ ਪ੍ਰਧਾਨ ਮੰਤਰੀ ਸੋਨ ਚਾਂਥੋਲ ਨੇ ਕਿਹਾ ਹੈ ਕਿ ਟਰੰਪ ਨੇ ਕੰਬੋਡੀਆ ਅਤੇ ਥਾਈਲੈਂਡ ਵਿਚਕਾਰ ਸਰਹੱਦੀ ਟਕਰਾਅ ਨੂੰ ਖਤਮ ਕਰਨ ਅਤੇ ਜੰਗਬੰਦੀ ਤੱਕ ਪਹੁੰਚਣ ਵਿੱਚ ਵੀ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਕੰਬੋਡੀਆ ਇਸ ਯੋਗਦਾਨ ਲਈ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕਰਨ ਦੀ ਯੋਜਨਾ ਬਣਾ ਰਿਹਾ ਹੈ। 

PunjabKesari

ਕੰਬੋਡੀਆ ਦੇ ਉਪ ਪ੍ਰਧਾਨ ਮੰਤਰੀ ਸੋਨ ਚਾਂਥੋਲ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਦੇ ਦਖਲ ਤੋਂ ਬਿਨਾਂ ਕੰਬੋਡੀਆ ਅਤੇ ਥਾਈਲੈਂਡ ਵਿਚਕਾਰ ਲੜਾਈ ਖ਼ਤਮ ਕਰਨ ਲਈ ਕੋਈ ਸਮਝੌਤਾ ਨਹੀਂ ਹੋ ਸਕਦਾ ਸੀ। ਪਿਛਲੇ ਹਫਤੇ ਦੇ ਅੰਤ ਵਿੱਚ ਟਰੰਪ ਨੇ ਦੋਵਾਂ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਹ ਯੁੱਧ ਖ਼ਤਮ ਕਰਨ ਲਈ ਕਿਸੇ ਸਮਝੌਤੇ 'ਤੇ ਨਹੀਂ ਪਹੁੰਚਦੇ ਹਨ, ਤਾਂ ਉਹ ਉਨ੍ਹਾਂ 'ਤੇ ਭਾਰੀ ਰੈਸੀਪ੍ਰੋਕਲ ਟੈਰਿਫ ਲਗਾ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਮਝੌਤਾ ਹੋ ਜਾਂਦਾ ਹੈ, ਤਾਂ ਉਹ ਦੋਵਾਂ ਦੇਸ਼ਾਂ 'ਤੇ ਟੈਰਿਫ ਘਟਾ ਦੇਣਗੇ। ਇਸ ਤੋਂ ਬਾਅਦ ਸੋਮਵਾਰ ਨੂੰ ਕੰਬੋਡੀਆ ਅਤੇ ਥਾਈਲੈਂਡ ਦੇ ਨੇਤਾ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਵਿੱਚ ਇੱਕ ਮੀਟਿੰਗ ਦੌਰਾਨ ਜੰਗਬੰਦੀ 'ਤੇ ਸਹਿਮਤ ਹੋਏ। ਕੁਝ ਮਾਮੂਲੀ ਝੜਪਾਂ ਦੀਆਂ ਰਿਪੋਰਟਾਂ ਦੇ ਬਾਵਜੂਦ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਲਗਭਗ ਬਰਕਰਾਰ ਹੈ।

ਪੜ੍ਹੋ ਇਹ ਅਹਿਮ ਖ਼ਬਰ-H1-B ਵੀਜ਼ਾ ਪ੍ਰੋਗਰਾਮ 'ਚ ਬਦਲਾਅ, ਨਾਗਰਿਕਤਾ ਟੈਸਟ ਹੋਵੇਗਾ ਸਖ਼ਤ!

ਸਨ ਚਾਂਥੋਲ ਨੇ ਕਿਹਾ, 'ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਨਾ ਸਿਰਫ਼ ਕੰਬੋਡੀਆ ਵਿੱਚ ਉਨ੍ਹਾਂ ਦੇ ਕੰਮ ਲਈ, ਸਗੋਂ ਹੋਰ ਥਾਵਾਂ 'ਤੇ ਉਨ੍ਹਾਂ ਦੇ ਯੋਗਦਾਨ ਲਈ ਵੀ ਨੋਬਲ ਪੁਰਸਕਾਰ ਮਿਲਣਾ ਚਾਹੀਦਾ ਹੈ।' ਉਨ੍ਹਾਂ ਅੱਗੇ ਕਿਹਾ ਕਿ ਕੰਬੋਡੀਆ ਸਰਕਾਰ ਰਾਸ਼ਟਰਪਤੀ ਦਾ ਨਾਮ ਨਾਰਵੇਈ ਨੋਬਲ ਕਮੇਟੀ ਦੇ ਸਾਹਮਣੇ ਰੱਖਣ ਦੀ ਯੋਜਨਾ ਬਣਾ ਰਹੀ ਹੈ, ਜੋ ਪੁਰਸਕਾਰ ਦਿੰਦੀ ਹੈ। ਰਾਸ਼ਟਰਪਤੀ ਓਬਾਮਾ ਵਾਂਗ ਟਰੰਪ ਨੇ ਵੀ ਨੋਬਲ ਸ਼ਾਂਤੀ ਪੁਰਸਕਾਰ ਪ੍ਰਾਪਤ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ ਅਤੇ ਉਨ੍ਹਾਂ ਦੀ ਇੱਛਾ ਦਾ ਸਮਰਥਨ ਕਰਨਾ ਦੁਨੀਆ ਦੇ ਦੇਸ਼ਾਂ ਲਈ ਰਾਸ਼ਟਰਪਤੀ ਦਾ ਪੱਖ ਲੈਣ ਦਾ ਇੱਕ ਤਰੀਕਾ ਬਣ ਗਿਆ ਹੈ। ਹਾਲਾਂਕਿ ਟਰੰਪ ਅਜੇ ਵੀ ਗਾਜ਼ਾ ਅਤੇ ਯੂਕ੍ਰੇਨ ਵਿੱਚ ਚੱਲ ਰਹੀਆਂ ਵੱਡੀਆਂ ਜੰਗਾਂ ਨੂੰ ਖਤਮ ਕਰਨ ਵਿੱਚ ਅਸਫਲ ਰਿਹਾ ਹੈ। ਕੰਬੋਡੀਆ ਤੋਂ ਪਹਿਲਾਂ ਇਜ਼ਰਾਈਲ ਅਤੇ ਪਾਕਿਸਤਾਨ ਨੇ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ। ਕਈ ਅਫਰੀਕੀ ਦੇਸ਼ਾਂ ਨੇ ਵੀ ਟਰੰਪ ਲਈ ਆਪਣਾ ਸਮਰਥਨ ਪ੍ਰਗਟ ਕੀਤਾ ਹੈ।

ਇੱਥੇ ਦੱਸ ਦਈਏ ਕਿ ਵੀਰਵਾਰ ਦੇਰ ਰਾਤ ਟਰੰਪ ਪ੍ਰਸ਼ਾਸਨ ਨੇ ਐਲਾਨ ਕੀਤਾ ਕਿ ਥਾਈਲੈਂਡ ਵਾਂਗ ਕੰਬੋਡੀਆ ਨੂੰ ਵੀ ਅਮਰੀਕਾ ਤੋਂ ਆਯਾਤ 'ਤੇ 19% ਟੈਰਿਫ ਦਾ ਸਾਹਮਣਾ ਕਰਨਾ ਪਵੇਗਾ, ਜੋ ਕਿ ਪਿਛਲੀ 36% ਦੀ ਦਰ ਤੋਂ ਕਾਫ਼ੀ ਘੱਟ ਹੈ। ਟਰੰਪ ਨੇ ਪਹਿਲਾਂ ਕੰਬੋਡੀਆ 'ਤੇ 49% ਟੈਰਿਫ ਦਾ ਐਲਾਨ ਕੀਤਾ ਸੀ, ਜੋ ਕਿ ਦੁਨੀਆ ਵਿੱਚ ਸਭ ਤੋਂ ਵੱਧ ਹੈ। ਪਰ ਹੁਣ ਇਸਨੂੰ ਘਟਾ ਕੇ 19% ਕਰ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News