'ਮੁਆਵਜ਼ਾ ਦਿਓ ਜਾਂ ਅੰਜਾਮ ਭੁਗਤਣ ਲਈ ਤਿਆਰ ਰਹੋ', Trump ਦੇ ਦਾਅਵਿਆਂ ਵਿਚਕਾਰ ਮੁਜਤਬਾ ਦੀ ਸਖ਼ਤ ਚੇਤਾਵਨੀ

Monday, Mar 16, 2026 - 10:42 AM (IST)

'ਮੁਆਵਜ਼ਾ ਦਿਓ ਜਾਂ ਅੰਜਾਮ ਭੁਗਤਣ ਲਈ ਤਿਆਰ ਰਹੋ', Trump ਦੇ ਦਾਅਵਿਆਂ ਵਿਚਕਾਰ ਮੁਜਤਬਾ ਦੀ ਸਖ਼ਤ ਚੇਤਾਵਨੀ

ਤੇਹਰਾਨ/ਵਾਸ਼ਿੰਗਟਨ: ਮੱਧ ਪੂਰਬ ਵਿੱਚ ਜਾਰੀ ਭਿਆਨਕ ਜੰਗ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਰ-ਵਾਰ ਦਾਅਵਾ ਕੀਤਾ ਹੈ ਕਿ 28 ਫਰਵਰੀ ਤੋਂ ਸੁਰੂ ਹੋਈ ਜੰਗ ਹੁਣ ਖ਼ਤਮ ਹੋਣ ਵਾਲੀ ਹੈ। ਟਰੰਪ ਮੁਤਾਬਕ ਈਰਾਨ ਕੋਲ ਪਲਟਵਾਰ ਕਰਨ ਦੀ ਤਾਕਤ ਨਹੀਂ ਬਚੀ ਹੈ। ਹੁਣ ਟਰੰਪ ਦੇ ਦਾਅਵਿਆਂ ਨੂੰ ਚੁਣੌਤੀ ਦਿੰਦਿਆਂ ਈਰਾਨ ਦੇ ਨਵੇਂ ਸੁਪਰੀਮ ਲੀਡਰ ਮੁਜਤਬਾ ਖ਼ਮੇਨੀ ਨੇ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ। ਮੁਜਤਬਾ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਜੰਗ ਵਿੱਚ ਹੋਏ ਨੁਕਸਾਨ ਦਾ ਮੁਆਵਜ਼ਾ ਦੇਣਾ ਪਵੇਗਾ, ਨਹੀਂ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ।

ਦੁਸ਼ਮਣ ਦੀ ਜਾਇਦਾਦ ਜ਼ਬਤ ਜਾਂ ਤਬਾਹ ਕਰਨ ਦੀ ਧਮਕੀ 

ਸਰੋਤਾਂ ਅਨੁਸਾਰ ਮੁਜਤਬਾ ਖ਼ਮੇਨੀ ਨੇ ਦੁਸ਼ਮਣ ਦੇਸ਼ਾਂ ਤੋਂ ਹਰਜਾਨੇ ਦੀ ਮੰਗ ਕੀਤੀ ਹੈ। ਨਾਲ ਹੀ ਕਿਹਾ ਕਿ ਜੇਕਰ ਮੁਆਵਜ਼ਾ ਦੇਣ ਤੋਂ ਇਨਕਾਰ ਕੀਤਾ ਗਿਆ, ਤਾਂ ਈਰਾਨ ਦੁਸ਼ਮਣ ਦੀ ਓਨੀ ਜਾਇਦਾਦ ਜ਼ਬਤ ਕਰ ਲਵੇਗਾ ਜਿੰਨੀ ਉਹ ਖ਼ੁਦ ਤੈਅ ਕਰੇਗਾ। ਉਨ੍ਹਾਂ ਇਹ ਚੇਤਾਵਨੀ ਵੀ ਦਿੱਤੀ ਕਿ ਜੇਕਰ ਜਾਇਦਾਦ ਜ਼ਬਤ ਕਰਨਾ ਸੰਭਵ ਨਾ ਹੋਇਆ, ਤਾਂ ਉਹ ਉਸ ਦੀ ਓਨੀ ਹੀ ਜਾਇਦਾਦ ਨੂੰ ਤਬਾਹ ਕਰ ਦੇਣਗੇ। ਖ਼ਮੇਨੀ ਨੇ ਜੰਗ ਵਿੱਚ ਮਾਰੇ ਗਏ ਲੋਕਾਂ ਦੇ ਖ਼ੂਨ ਦਾ ਬਦਲਾ ਲੈਣ ਦੀ ਵੀ ਸਹੁੰ ਖਾਧੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਤਹਿਰਾਨ ਆਪਣੇ ਸ਼ਹੀਦਾਂ ਦੇ ਖੂਨ ਦਾ ਬਦਲਾ ਜ਼ਰੂਰ ਲਵੇਗਾ।ਇੱਕ ਮਹਿਲਾ ਐਂਕਰ ਨੇ ਉਸਦਾ ਸੁਨੇਹਾ ਪੜ੍ਹਿਆ। ਸੁਨੇਹੇ ਅਨੁਸਾਰ ਜੇ ਲੋੜ ਪਈ ਤਾਂ ਈਰਾਨ ਹੋਰ ਮੋਰਚੇ ਖੋਲ੍ਹ ਸਕਦਾ ਹੈ। ਈਰਾਨ ਆਪਣੇ ਗੁਆਂਢੀਆਂ ਨਾਲ ਚੰਗੇ ਸਬੰਧ ਚਾਹੁੰਦਾ ਹੈ। ਇਹ ਸਿਰਫ਼ ਉਨ੍ਹਾਂ ਟਿਕਾਣਿਆਂ 'ਤੇ ਹਮਲਾ ਕਰੇਗਾ ਜਿੱਥੋਂ ਉਸ 'ਤੇ ਹਮਲਾ ਕੀਤਾ ਜਾਂਦਾ ਹੈ।

ਟਰੰਪ ਦਾ ਦਾਅਵਾ: ਜੰਗ ਆਖਰੀ ਦੌਰ ਵਿੱਚ 

ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਇਹ ਦਾਅਵਾ ਕਰ ਰਹੇ ਹਨ ਕਿਈਰਾਨ ਵਿਰੁੱਧ ਸ਼ੁਰੂ ਹੋਈ ਜੰਗ ਹੁਣ ਆਪਣੇ ਆਖਰੀ ਦੌਰ ਵਿੱਚ ਹੈ। ਇਸ ਦੇ ਨਾਲ ਹੀ ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੇਥ ਨੇ ਦਾਅਵਾ ਕੀਤਾ ਹੈ ਕਿ ਮੁਜਤਬਾ ਖ਼ਮੇਨੀ ਅਮਰੀਕੀ ਹਮਲਿਆਂ ਕਾਰਨ ਜ਼ਖ਼ਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਲੁਕਣ ਲਈ ਮਜਬੂਰ ਹੋਣਾ ਪਿਆ ਹੈ।

ਈਰਾਨ ਦਾ ਸਟੈਂਡ: 'ਨਹੀਂ ਚਾਹੀਦੀ ਜੰਗਬੰਦੀ' 

ਈਰਾਨ ਦੇ ਵਿਦੇਸ਼ ਮੰਤਰੀ ਸਈਅਦ ਅੱਬਾਸ ਅਰਾਗਚੀ ਨੇ ਸਪੱਸ਼ਟ ਕੀਤਾ ਹੈ ਕਿ ਈਰਾਨ ਅਮਰੀਕਾ ਨਾਲ ਕਿਸੇ ਵੀ ਤਰ੍ਹਾਂ ਦੀ ਜੰਗਬੰਦੀ ਜਾਂ ਗੱਲਬਾਤ ਦੀ ਮੰਗ ਨਹੀਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਈਰਾਨ ਉਦੋਂ ਤੱਕ ਆਪਣੀ ਰੱਖਿਆ ਜਾਰੀ ਰੱਖੇਗਾ ਜਦੋਂ ਤੱਕ ਟਰੰਪ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਇਹ ਇੱਕ ਗ਼ੈਰ-ਕਾਨੂੰਨੀ ਜੰਗ ਹੈ। ਈਰਾਨ ਦੇ ਇਸ ਹਮਲਾਵਰ ਰੁਖ ਨੇ ਸੰਕੇਤ ਦਿੱਤਾ ਹੈ ਕਿ ਮੱਧ ਪੂਰਬ ਵਿੱਚ ਸੰਕਟ ਫਿਲਹਾਲ ਥਮਣ ਵਾਲਾ ਨਹੀਂ ਹੈ, ਭਾਵੇਂ ਅਮਰੀਕਾ ਜਿੱਤ ਦੇ ਦਾਅਵੇ ਕਿਉਂ ਨਾ ਕਰ ਰਿਹਾ ਹੋਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News