ਕੈਲੀਫੋਰਨੀਆ ਜੰਗਲੀ ਅੱਗ ਕਾਰਨ 3 ਲੱਖ ਏਕੜ ਰਕਬਾ ਤਬਾਹ, ਹਵਾ ਗੁਣਵੱਤਾ ਪ੍ਰਭਾਵਿਤ

10/18/2020 3:00:31 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਦੇ ਅੱਗ ਬੁਝਾਊ ਵਿਭਾਗ ਮੁਤਾਬਕ ਸੀਅਰਾ ਅਤੇ ਇਨਯੋ ਦੇ ਰਾਸ਼ਟਰੀ ਜੰਗਲਾਂ ਵਿਚ ਲੱਗੀ ਅੱਗ ਨੇ ਹਜ਼ਾਰਾਂ ਹੀ ਦਰੱਖ਼ਤ ਸਾੜ ਦਿੱਤੇ ਹਨ ਅਤੇ ਸਤੰਬਰ ਦੇ ਅੱਧ ਤੋਂ ਲੈ ਕੇ ਲਗਭਗ 3,46,477 ਏਕੜ ਦਾ ਰਕਬਾ ਤਬਾਹ ਕਰ ਦਿੱਤਾ ਹੈ। ਅੱਗ ਨੇ ਉੱਥੋਂ ਦੇ 856 ਬੁਨਿਆਦੀ ਢਾਂਚਿਆਂ ਨੂੰ ਵੀ ਤਬਾਹ ਕਰ ਦਿੱਤਾ ਹੈ ਅਤੇ ਸ਼ਨੀਵਾਰ ਸਵੇਰ ਤੱਕ ਇਹ ਅੱਗ 60% ਤੱਕ ਫੈਲ ਗਈ ਹੈ। 

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਘਟਨਾ ਦੇ ਸੰਬੰਧ ਵਿਚ ਸੰਘੀ ਅਧਿਕਾਰੀਆਂ ਦੇ ਪਹਿਲੇ ਫੈਸਲੇ ਨੂੰ ਬਦਲਦਿਆਂ ਅੱਗ ਨਾਲ ਜੂਝ ਰਹੀ ਕੈਲੀਫੋਰਨੀਆ ਨੂੰ ਲੱਖਾਂ ਡਾਲਰ ਦੀ ਰਾਹਤ ਜਾਰੀ ਕੀਤੀ ਹੈ, ਜਿਸ ਨਾਲ ਤੁਲੇਰੇ ਕਾਊਂਟੀ ਅਤੇ ਐੱਸ. ਕਿਊ. ਐੱਫ. ਸਣੇ ਸੂਬੇ ਵਿਚ ਫੈਲੀ ਹੋਈ ਜੰਗਲੀ ਅੱਗ ਨੂੰ ਕਾਬੂ  ਕੀਤਾ ਜਾ ਸਕੇ। 

ਐੱਸ. ਕਿਊ. ਐੱਫ.ਦੀ ਅੱਗ ਜੋ ਕਿ ਜੁਇੰਟ ਸੇਕੁਆਇਆ ਨੈਸ਼ਨਲ ਸਮਾਰਕ ਤੋਂ ਤਿੰਨ ਮੀਲ ਪੂਰਬ ਵੱਲ ਹੈ, ਨੇ ਵੀ 168,095 ਏਕੜ ਦਾ ਖੇਤਰ ਨਸ਼ਟ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਸ ਅੱਗ ਨੇ ਹਵਾ ਦੀ ਗੁਣਵੱਤਾ ਨੂੰ ਵੀ ਘਟਾ ਦਿੱਤਾ ਹੈ। ਅੱਗ ਕਾਰਨ ਫਰਿਜ਼ਨੋ, ਮਡੇਰਾ ਅਤੇ ਤੁਲਾਰ ਕਾਉਂਟੀਜ਼ ਵਿਚ ਹਵਾ ਦੀ ਗੁਣਵੱਤਾ ਵਿਚ ਨਿਘਾਰ ਆ ਰਿਹਾ ਹੈ। ਇਸ ਦੇ ਇਲਾਵਾ ਅੱਗ ਬੁਝਾਊ ਅਮਲਾ ਡੋਲਨ ਵਿਚ ਲੱਗੀ ਅੱਗ ਨੂੰ ਰੋਕਣ ਦੇ ਨੇੜੇ ਹੈ। ਇਸ ਨੇ ਵੀ 1,24,924 ਏਕੜ ਦੇ ਖੇਤਰ ਵਿਚ ਜੰਗਲੀ ਜੀਵਾਂ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ। ਇਸ ਅੱਗ ਨੂੰ ਕਥਿਤ ਤੌਰ 'ਤੇ 17 ਅਗਸਤ ਨੂੰ ਇਵਾਨ ਗੈਰੋਨੀਮੋ ਗੋਮੇਜ਼(30 ) ਜੋ ਇਕ ਫਰਿਜ਼ਨੋ ਨਿਵਾਸੀ ਹੈ, ਵਲੋਂ ਸ਼ੁਰੂ ਕੀਤਾ ਗਿਆ ਸੀ,ਜਿਸ ਨੂੰ ਇਕ ਦਿਨ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ।
 


Lalita Mam

Content Editor

Related News