ਕੈਲੀਫੋਰਨੀਆ : ਬਿਜਲੀ ਸਪਲਾਈ ਬੰਦ ਹੋਣ ਕਾਰਨ ਐਮਰਜੈਂਸੀ ਆਧਾਰ 'ਤੇ ਲਗਾਏ ਕੋਰੋਨਾ ਟੀਕੇ
Wednesday, Jan 06, 2021 - 09:43 AM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਦੇਸ਼ ਵਿਚ ਕੋਰੋਨਾ ਵਾਇਰਸ ਦੇ ਇਲਾਜ ਲਈ ਵਰਤੇ ਜਾ ਰਹੇ ਟੀਕਿਆਂ ਨੂੰ ਪ੍ਰਭਾਵਸ਼ਾਲੀ ਬਣਾਈ ਰੱਖਣ ਲਈ ਇਕ ਖਾਸ ਤਾਪਮਾਨ 'ਤੇ ਫ੍ਰੀਜ਼ਰ ਵਿਚ ਰੱਖਣ ਦੀ ਜ਼ਰੂਰਤ ਹੁੰਦੀ ਹੈ । ਸੋਮਵਾਰ ਨੂੰ ਉੱਤਰੀ ਕੈਲੀਫੋਰਨੀਆ ਦੀ ਇਕ ਕਾਉਂਟੀ ਵਿਚ ਮੋਡੇਰਨਾ ਕੋਰੋਨਾ ਟੀਕੇ ਦੀ ਪੂਰੀ ਅਲਾਟਮੈਂਟ ਜਿਸ ਫ੍ਰੀਜ਼ਰ ਵਿਚ ਰੱਖੀ ਗਈ ਸੀ, ਨੂੰ ਬਿਜਲੀ ਦੀ ਕਿੱਲਤ ਦਾ ਸਾਹਮਣਾ ਕਰਨਾ ਪਿਆ। ਇਸ ਕਰਕੇ ਅਧਿਕਾਰੀਆਂ ਵਲੋਂ ਬਿਨਾਂ ਫ੍ਰੀਜ਼ਰ ਵਾਲੇ ਟੀਕਿਆਂ ਦੀਆਂ ਤਕਰੀਬਨ 830 ਖੁਰਾਕਾਂ ਨੂੰ ਪਿਘਲਣ ਜਾਂ ਖਰਾਬ ਹੋਣ ਤੋਂ ਪਹਿਲਾਂ ਐਮਰਜੈਂਸੀ ਅਧਾਰ 'ਤੇ ਉੱਥੇ ਮੌਜੂਦ ਲੋਕਾਂ ਦੇ ਲਗਾਇਆ ਗਿਆ।
ਮੈਂਡੋਸਿਨੋ ਕਾਉਂਟੀ ਦੇ ਐਡਵੈਂਟਿਸਟ ਹੈਲਥ ਦੇ ਪ੍ਰਧਾਨ ਜੂਡਸਨ ਹੋਅ ਅਨੁਸਾਰ ਉਕਿਆਹ ਸ਼ਹਿਰ ਦੇ ਐਡਵੈਂਟਿਸਟ ਹੈਲਥ ਉਕਿਹ ਵੈਲੀ ਮੈਡੀਕਲ ਸੈਂਟਰ ਵਿਚ ਸਵੇਰੇ 11:30 ਵਜੇ ਇਹ ਸਭ ਵਾਪਰਿਆ। ਇਸ ਦੇ ਬਾਅਦ ਕੋਰੋਨਾ ਵਾਇਰਸ ਟੀਕੇ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਸਟਾਫ਼ ਨੂੰ ਹਸਪਤਾਲ ਅਤੇ ਕੁੱਝ ਹੋਰ ਕਲੀਨਿਕਾਂ 'ਤੇ ਇਸਦੇ ਸ਼ਾਟ ਦੇਣ ਲਈ ਬੁਲਾਇਆ ਗਿਆ।
ਹਸਪਤਾਲ ਵਿਚ ਤੇਜ਼ੀ ਨਾਲ ਇਕ ਲਾਈਨ ਬਣਾਈ ਗਈ ਅਤੇ ਤਕਰੀਬਨ ਦੋ ਘੰਟੇ ਦੇ ਅੰਦਰ ਉੱਥੇ ਮੌਜੂਦ ਲੋਕਾਂ ਨੂੰ ਟੀਕਾ ਲਗਾਇਆ ਗਿਆ ਜਦਕਿ ਕੁੱਝ ਖੁਰਾਕਾਂ ਹੋਰ ਸਥਾਨਕ ਨਰਸਿੰਗ ਹੋਮਜ਼ ਵਿਚ ਵੀ ਲਗਾਉਣ ਲਈ ਭੇਜੀਆਂ ਗਈਆਂ। ਹਸਪਤਾਲ ਵਿਚ ਫ੍ਰੀਜ਼ਰ ਵਿਚ ਰੱਖੀਆਂ ਗਈਆਂ ਟੀਕੇ ਦੀਆਂ ਇਹ ਖੁਰਾਕਾਂ ਬਿਨਾਂ ਬਿਜਲੀ ਤੋਂ ਖਰਾਬ ਹੋ ਸਕਦੀਆਂ ਸਨ। ਇਸ ਲਈ ਇਹਨਾਂ ਨੂੰ ਐਮਰਜੈਂਸੀ ਆਧਾਰ 'ਤੇ ਲਗਾ ਕੇ ਹਸਪਤਾਲ ਵੱਲੋਂ ਵਿਅਰਥ ਹੋਣ ਤੋਂ ਬਚਾ ਲਿਆ ਗਿਆ।