ਫਾਊਲਰ ਵਿਖੇ ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

Monday, Nov 04, 2019 - 10:34 AM (IST)

ਫਾਊਲਰ ਵਿਖੇ ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

ਫਰਿਜ਼ਨੋ (ਰਾਜ ਗੋਗਨਾ): ਬੀਤੇ ਦਿਨ ਕੈਲੀਫੋਰਨੀਆ ਦੇ ਫਰਿਜ਼ਨੋ ਦੇ ਨਜ਼ਦੀਕੀ ਪੈਂਦੇ ਸ਼ਹਿਰ ਫਾਊਲਰ ਵਿਖੇ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਸ਼ਾਗਿਰਦ ਰਾਜ ਬਰਾੜ ਅਤੇ ਸਹਿਯੋਗੀਆਂ ਵੱਲੋਂ ਉਸਤਾਦ ਲਾਲ ਚੰਦ ਯਮਲਾ ਜੱਟ ਨੂੰ ਸਮਰਪਿਤ 19ਵਾਂ ਯਾਦਗਾਰੀ ਮੇਲਾ ਸ਼ਹਿਰ ਦੇ ਪੈਨਜੈਕ ਪਾਰਕ ਵਿਖੇ ਕਰਵਾਇਆ ਗਿਆ। ਇਸ ਵਿੱਚ ਇਲਾਕੇ ਭਰ ਦੀਆਂ ਵੱਖ-ਵੱਖ ਸੱਭਿਆਚਾਰਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਸਮੂਹ ਪੰਜਾਬੀਅਤ ਨੇ ਸ਼ਿਰਕਤ ਕੀਤੀ। ਮੇਲੇ ਦੀ ਸ਼ੁਰੂਆਤ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਤਸਵੀਰ 'ਤੇ ਫੁੱਲਾਂ ਦੇ ਹਾਰ ਪਾਉਣ ਨਾਲ ਹੋਈ। 

ਇਸ ਉਪਰੰਤ ਯਮਲਾ ਜੀ ਦੇ ਸ਼ਾਗਿਰਦ ਰਾਜ ਬਰਾੜ ਨੇ ਧਾਰਮਿਕ ਗੀਤ ਗਾਇਆ। ਇਸ ਉਪਰੰਤ ਸ਼ੁਰੂ ਹੋਇਆ ਗਾਇਕੀ ਦਾ ਖੁੱਲ੍ਹਾ ਅਖਾੜਾ, ਜਿਸ ਵਿੱਚ ਕਲਾਕਾਰਾਂ ਨੇ ਆਪਣੀ ਵਿਰਾਸਤੀ ਗਾਇਕੀ ਦਾ ਖੂਬ ਰੰਗ ਬੰਨ੍ਹਿਆ। ਜਿਸ ਵਿੱਚ ਰਾਜ ਬਰਾੜ ਤੋਂ ਇਲਾਵਾ ਖਾਸ ਤੌਰ 'ਤੇ ਗਾਇਕ ਬਰਜਿੰਦਰ ਮਚਲਾ ਜੱਟ, ਗਾਇਕਾ ਬੀਬੀ ਜੋਤ ਰਣਜੀਤ ਕੌਰ, ਪੱਪੀ ਭਦੌੜ, ਗੌਗੀ ਸੰਧੂ, ਹਰਦੇਵ ਸੰਧੂ ਆਦਿਕ ਨੇ ਗੀਤ ਗਾਏ। ਜਦਕਿ ਦਿਲਦਾਰ ਬ੍ਰਦਰਜ਼ ਕੈਲੀਫੋਰਨੀਆ ਮਿਊਜ਼ੀਕਲ ਗਰੁੱਪ ਦੇ ਅਵਤਾਰ ਗਰੇਵਾਲ, ਰਾਣੀ ਗਿੱਲ, ਕਾਂਤਾ ਸਹੋਤਾ, ਕਾਰਾ ਗਿੱਲ, ਅਤੇ ਪੱਪੂ ਬਰਾੜ ਨੇ ਆਪਣੀ  ਗਾਇਕੀ ਰਾਹੀਂ ਖੂਬ ਰੌਣਕਾਂ ਲਾਈਆਂ। 

ਇਸ ਮੇਲੇ ਵਿੱਚ ਸ਼ਿਰਕਤ ਕਰਨ ਲਈ ਲੋਕ ਪ੍ਰਸਿੱਧ ਗੀਤਕਾਰ ਅਤੇ ਸਟੇਜ਼ ਸੰਚਾਲਕ ਮੱਖਣ ਬਰਾੜ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ। ਜਿੰਨ੍ਹਾਂ ਨੇ ਆਪਣੀ ਮਿਆਰੀ ਸ਼ੇਅਰੀ ਅਤੇ ਵਿਚਾਰਾਂ ਨਾਲ ਸਾਂਝ ਪਾਈ। ਸਮੁੱਚੇ ਪ੍ਰੋਗਰਾਮ ਦੌਰਾਨ ਸਟੇਜ਼ ਸੰਚਾਲਨ ਰੇਡੀਓ ਹੋਸਟ ਅਤੇ ਲੇਖਕ ਜਗਤਾਰ ਗਿੱਲ ਅਤੇ ਜਸਵੰਤ ਮਹਿੰਮੀ ਨੇ ਬਾਖੂਬੀ ਕੀਤਾ। ਇੰਨ੍ਹਾਂ ਯਾਦਗਾਰੀ ਪਲਾਂ ਨੂੰ ਕੈਮਰਾਬੱਧ ਸਿਆਰਾ ਸਿੰਘ ਢੀਡਸਾ 'ਉਮਨੀ ਵੀਡੀਓ ਬੇਕਰਸ਼ਫੀਲਡ' ਨੇ ਕੀਤਾ।

ਸਟੇਜ਼ ਸੰਚਾਲਨ ਜਸਵੰਤ ਮੈਹਿਮੀ ਨੇ ਬਾਖੂਬੀ ਕੀਤਾ। ਮੇਲੇ ਦੌਰਾਨ ਸੰਸਥਾ ਵੱਲੋਂ ਚਾਹ-ਪਕੌੜੇ, ਜਲੇਬੀਆਂ ਆਦਿਕ ਦੇ ਲੰਗਰ ਚੱਲੇ। ਇਹ ਨਿਰੋਲ ਪੰਜਾਬੀ ਸੱਭਿਆਚਾਰ ਦਾ ਸੁਨੇਹਾ ਦਿੰਦਾ ਹੋਇਆ ਉਸਤਾਦ ਲਾਲ ਚੰਦ ਯਮਲਾ ਜੱਟ ਨੂੰ ਸਮਰਪਿਤ ਮੇਲਾ ਯਾਦਗਾਰੀ ਹੋ ਨਿਬੜਿਆ।


author

Vandana

Content Editor

Related News