ਮਿਸਰ ''ਚ ਮੁਸਲਿਮ ਭਾਈਚਾਰੇ ਦੇ 75 ਮੈਂਬਰਾਂ ਨੂੰ ਫਾਂਸੀ ਦੀ ਸਜ਼ਾ

Saturday, Jul 28, 2018 - 09:13 PM (IST)

ਕਾਇਰੋ— ਮਿਸਰ ਦੀ ਇਕ ਅਦਾਲਤ ਨੇ ਪਾਬੰਦੀਸੂਦਾ ਮੁਸਲਿਮ ਭਾਈਚਾਰੇ ਦੇ 75 ਮੈਂਬਰਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਸ਼ਿਨਹੁਆ ਸਮਾਚਾਰ ਏਜੰਸੀ ਮੁਤਾਬਕ ਇਨ੍ਹਾਂ ਸਾਰਿਆਂ ਨੂੰ ਪੁਲਸ ਕਰਮਚਾਰੀਆਂ ਦੀ ਹੱਤਿਆ ਕਰਨ ਤੇ ਹਿੰਸਕ ਸਰਗਰਮੀਆਂ 'ਚ ਸ਼ਾਮਲ ਰਹਿਣ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਕਾਇਰੋ ਅਪਰਾਧ ਅਦਾਲਤ ਦਾ ਫੈਸਲਾ ਹੁਣ ਵਿਚਾਰ ਲਈ ਸਭ ਤੋਂ ਵੱਡੇ ਮੁਫਤੀ ਕੋਲ ਭੇਜਿਆ ਜਾਵੇਗਾ।
2013 'ਚ ਫੌਜ ਨੇ ਉਸ ਸਮੇਂ ਦੇ ਰਾਸ਼ਟਰਪਤੀ ਮੁਹੰਮਦ ਮੁਰਸੀ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ। ਇਸ ਦੇ ਖਿਲਾਫ ਮੁਸਲਿਮ ਭਾਈਚਾਰੇ ਨੇ ਹਿੰਸਕ ਅੰਦੋਲਨ ਚਲਾਇਆ ਸੀ। ਮੁਰਸੀ ਖੁਦ ਇਸ ਸੰਗਠਨ ਦੇ ਮੈਂਬਰ ਸਨ। ਹਿੰਸਕ ਝੜਪ 'ਚ ਮੁਸਲਿਮ ਭਾਈਚਾਰੇ ਦੇ ਸੈਂਕੜੇ ਸਮਰਥਕ ਤੇ ਦਰਜਨਾਂ ਪੁਲਸ ਕਰਮਚਾਰੀ ਮਾਰੇ ਗਏ। ਇਸ ਸਿਲਸਿਲੇ 'ਚ ਮੁਸਲਿਮ ਭਾਈਚਾਰੇ ਦੇ ਨੇਤਾ ਮੁਹੰਮਦ ਬੇਦੀ ਤੇ ਫੋਟੋ ਪੱਤਰਕਾਰ ਮਹਿਮੂਦ ਅਹੁ ਜੇਦ ਸਣੇ 739 ਲੋਕਾਂ 'ਚੇ ਮੁਕੱਦਮਾ ਚਲਾਇਆ ਗਿਆ ਸੀ। ਮੌਤ ਦੀ ਸਜ਼ਾ ਦੇ ਮਾਮਲੇ 'ਚ ਮੁਫਤੀ ਦਾ ਫੈਸਲਾ ਰੁਕਾਵਟ ਵਾਲਾ ਨਹੀਂ ਹੁੰਦਾ ਹੈ।
ਹਾਲਾਂਕਿ 2014 'ਚ ਮੁਫਤੀ ਨੇ ਮੁਹੰਮਦ ਬੇਦੀ ਦੀ ਮੌਤ ਦੀ ਸਜ਼ਾ ਨੂੰ ਖਾਰਿਜ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹ ਉਮਰ ਭਰ ਜੇਲ ਦੀ ਸਜ਼ਾ ਭੁਗਤ ਰਿਹਾ ਹੈ। ਜਿਨ੍ਹਾਂ 75 ਦੋਸ਼ੀਆਂ ਨੂੰ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ, ਉਨ੍ਹਾਂ 'ਚੋਂ 44 ਇਸ ਸਮੇਂ ਜੇਲ 'ਚ ਬੰਦ ਹਨ ਤੇ ਬਾਕੀ 31 ਫਰਾਰ ਹਨ। ਮਨੁੱਖੀ ਅਧਿਕਾਰ ਸੰਗਠਨ ਨੇ ਕਿਸੇ ਇਕ ਮਾਮਲੇ 'ਚ 700 ਤੋਂ ਵਧ ਲੋਕਾਂ 'ਤੇ ਮੁਕੱਦਮਾ ਚਲਾਉਣ ਦੀ ਨਿੰਦਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ, ਉਨ੍ਹਾਂ 'ਚ ਪੱਤਰਕਾਰ ਤੇ ਸ਼ਾਂਤ ਤਰੀਕੇ ਨਾਲ ਪ੍ਰਦਰਸ਼ਨ ਕਰਨ ਵਾਲੇ ਲੋਕ ਵੀ ਸ਼ਾਮਲ ਹਨ।


Related News