ਜੇਕਰ ਤੁਸੀਂ ਵੀ ਹੋ ''ਕਾਫੀ'' ਪੀਣ ਦੇ ਸ਼ੌਕੀਨ ਤਾਂ ਹੋ ਸਕਦੇ ਹੋ ਕੈਂਸਰ ਦੇ ਸ਼ਿਕਾਰ!

03/30/2018 8:32:52 PM

ਲਾਸ ਏਂਜਲਸ— 'ਕਾਫੀ' ਨੂੰ ਅਜੇ ਤੱਕ ਵਿਗਿਆਨਕਾਂ ਨੇ ਸਿਹਤ ਦੇ ਲਈ ਚੰਗਾ ਜਾਂ ਮਾੜਾ ਐਲਾਨ ਨਹੀਂ ਕੀਤਾ ਪਰ ਅਮਰੀਕਾ 'ਚ ਕੈਲੀਫੋਰਨੀਆ ਸੂਬੇ ਦੇ ਇਕ ਜੱਜ ਨੇ ਇਸ 'ਤੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਜੱਜ ਨੇ ਹੁਕਮ ਦਿੱਤਾ ਹੈ ਕਿ ਸੂਬੇ 'ਚ 'ਕਾਫੀ' ਵੇਚਣ ਵਾਲਿਆਂ ਨੂੰ ਉਸ 'ਤੇ ਕੈਂਸਰ ਦੀ ਚਿਤਾਵਨੀ ਛਾਪਣੀ ਹੋਵੇਗੀ।
ਇਸ ਮਾਮਲੇ 'ਚ ਵਿਵਾਦ ਦਾ ਵਿਸ਼ਾ ਕਾਲਸਨੋਜੇਨ ਨਾਂ ਦਾ ਇਕ ਰਸਾਇਣ ਹੈ। ਇਹ ਰਸਾਇਣ 'ਕਾਫੀ' ਦੇ ਦਾਣੇ ਭੁੰਨਣ ਦੌਰਾਣ ਆਪਣੇ ਆਪ ਪੈਦਾ ਹੁੰਦਾ ਹੈ। ਇਕ ਛੋਟੇ ਜਿਹੇ ਗੈਰ-ਲਾਭਕਾਰੀ ਸੰਗਠਨ ਕੌਂਸਲ ਫਾਰ ਐਜੂਕੇਸ਼ਨ ਐਂਡ ਰਿਸਰਚ ਆਨ ਟਾਕਸਿਕਸ ਦੀ ਮੰਗ ਸੀ ਕਿ 'ਕਾਫੀ' ਉਦਯੋਗ ਪ੍ਰੋਸੈਸਿੰਗ ਦੌਰਾਨ ਏਕ੍ਰਾਈਲਾਮਾਈਡ ਨੂੰ ਹਟਾ ਦੇਵੇ ਜਾਂ ਫਿਰ ਮਾਲ 'ਤੇ ਕੈਂਸਰ ਦੀ ਚਿਤਾਵਨੀ ਛਾਪੇ। ਇਸ ਸੰਗਠਨ ਨੇ ਇਸ ਤੋਂ ਪਹਿਲਾਂ ਆਲੂ ਦੇ ਚਿਪਸ ਬਣਾਉਣ ਵਾਲੇ ਉਦਯੋਗਾਂ 'ਤੇ ਮੁਕੱਦਮਾ ਦਾਇਰ ਕਰਕੇ ਉਨ੍ਹਾਂ ਨੂੰ ਇਸ ਦੇ ਲਈ ਮਜਬੂਰ ਕਰ ਦਿੱਤਾ ਸੀ।
'ਕਾਫੀ' ਕੰਪਨੀਆਂ ਨੇ ਸੁਣਵਾਈ ਦੌਰਾਨ ਨਹੀਂ ਦਿੱਤਾ ਕੋਈ ਠੋਸ ਤਰਕ
ਸਟਾਰਬਕਸ ਕਾਰਪ ਦੀ ਅਗਵਾਈ 'ਚ 'ਕਾਫੀ' ਉਦਯੋਗ ਨੇ ਕਿਹਾ ਕਿ 'ਕਾਫੀ' 'ਚ ਉਪਲੱਬਧ ਰਸਾਇਣ ਦਾ ਪੱਧਰ ਇੰਨਾਂ ਘੱਟ ਹੈ ਕਿ ਉਸ ਨਾਲ ਕਿਸੇ ਨੂੰ ਨੁਕਸਾਨ ਨਹੀਂ ਹੋ ਸਕਦਾ। ਜੇਕਰ ਕੋਈ ਨੁਕਸਾਨ ਹੈ ਵੀ ਤਾਂ ਉਹ 'ਕਾਫੀ' ਦੇ ਦੂਜੇ ਫਾਇਦਿਆਂ ਨਾਲ ਖਤਮ ਹੋ ਜਾਂਦਾ ਹੈ। ਲਾਸ ਏਂਜਲਸ ਦੇ ਸੁਪੀਰੀਅਰ ਕੋਰਟ ਦੇ ਜੱਜ ਏਲਿਹੂ ਬਰਲੇ ਨੇ ਬੁੱਧਵਾਰ ਨੂੰ ਆਪਣੇ ਹੁਕਮ 'ਚ ਕਿਹਾ ਕਿ 'ਕਾਫੀ' ਕੰਪਨੀਆਂ ਨੇ ਸੁਣਵਾਈ 'ਚ ਕੋਈ ਠੋਸ ਤਰਕ ਨਹੀਂ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਕੈਲੀਫੋਰਨੀਆ ਦੇ ਇਕ ਸਥਾਨਕ ਕਾਨੂੰਨ ਮੁਕਾਬਕ ਉਤਪਾਦ 'ਚ ਕਿਸੇ ਰਸਾਇਣ, ਜਿਸ ਨਾਲ ਗਰਭ ਜਾਂ ਬੱਚਿਆਂ ਆਦਿ 'ਤੇ ਸਿਹਤ ਸਬੰਧੀ ਬੁਰਾ ਅਸਰ ਪੈਂਦਾ ਹੈ ਤਾਂ ਉਸ ਉਤਪਾਦ 'ਤੇ ਇਸ ਦੀ ਚਿਤਾਵਨੀ ਛਾਪਣੀ ਚਾਹੀਦੀ ਹੈ। ਇਸ ਸਬੰਧ 'ਚ ਕਰੀਬ 900 ਰਸਾਇਣਾਂ ਦੀ ਸੂਚੀ ਜਾਰੀ ਕੀਤੀ ਗਈ ਸੀ। ਕਾਫੀ ਕੰਪਨੀਆਂ ਦਾ ਕਹਿਣਾ ਹੈ ਕਿ ਜੇਕਰ ਪ੍ਰੋਸੈਸਿੰਗ ਦੌਰਾਨ ਉਕਤ ਰਸਾਇਣ ਨੂੰ ਹਟਾ ਦਿੱਤਾ ਜਾਵੇ ਤਾਂ ਇਸ ਨਾਲ ਕਾਫੀ ਦਾ ਸੁਆਦ ਪ੍ਰਭਾਵਿਤ ਹੋਵੇਗਾ।


Related News