ਪੰਜਾਬੀ ਵਿਅਕਤੀ ਦੇ ਖਾਤੇ 'ਚ ਗਲਤੀ ਨਾਲ ਆਏ 7 ਲੱਖ ਪੌਂਡ, ਵਾਪਸ ਨਾ ਕਰਨ 'ਤੇ ਮਿਲੀ ਇਹ ਸਜ਼ਾ
Saturday, Oct 14, 2017 - 04:50 AM (IST)
ਲੰਡਨ (ਰਾਜਵੀਰ ਸਮਰਾ)— ਲੈਸਟਰ ਕਰਾਊਨ ਕੋਰਟ ਵਲੋਂ 34 ਸਾਲਾਂ ਸੰਦੀਪ ਸਿੰਘ ਵਾਸੀ ਕਸ਼ਮੀਰ ਰੋਡ, ਲੈਸਟਰ ਜੋ ਨੌਰਥੈਂਪਟਨ ਵਿਖੇ ਇਕ ਦੁਕਾਨ ਚਲਾ ਰਿਹਾ ਸੀ। ਜਿੱਥੇ ਸੰਦੀਪ ਸਿੰਘ ਵਲੋਂ ਇਕ ਡੀ.ਸੀ. ਪੇਅਮੈਂਟਸ ਲਿਮਟਡ ਨਾਂ ਦੀ ਕੰਪਨੀ ਨੂੰ ਏ.ਟੀ.ਐਮ. ਮਸ਼ੀਨ ਲਗਾਉਣ ਲਈ ਕਿਹਾ ਸੀ। ਕੰਪਨੀ ਵਲੋਂ ਇਹ ਸ਼ਰਤ ਰੱਖੀ ਗਈ ਸੀ ਕਿ ਉਹ ਏ.ਟੀ.ਐਮ. ਵਿਚ ਖ਼ੁਦ ਰਕਮ ਭਰੇਗਾ, ਜਦਕਿ ਉਸ ਦੀ ਵਰਤੀ ਗਈ ਰਕਮ ਕੰਪਨੀ ਵਲੋਂ ਮਸ਼ੀਨ ਦੇ ਕਿਰਾਏ ਸਮੇਤ ਵਾਪਸ ਕੀਤੀ ਜਾਇਆ ਕਰੇਗੀ ਪਰ ਕੰਪਨੀ ਵਲੋਂ ਇਸੇ ਦੌਰਾਨ ਸੰਦੀਪ ਸਿੰਘ ਦੇ ਖਾਤੇ 'ਚ ਇਕ ਹੋਰ ਰੁਬੀਨੋਕ ਕੈਸੀਨੋ ਦੇ ਬਾਹਰ ਲੱਗੀ ਏ.ਟੀ.ਐਮ. ਮਸ਼ੀਨ ਵਾਲੀ ਰਕਮ ਗਲਤੀ ਨਾਲ ਭੇਜਣੀ ਸ਼ੁਰੂ ਕਰ ਦਿੱਤੀ। ਜੋ 2014 ਤੋਂ 2016 ਦਰਮਿਆਨ ਚੱਲਦਾ ਰਿਹਾ। ਇਹ ਰਾਸ਼ੀ 766,098 ਪੌਂਡ ਸੀ ਪਰ ਸੰਦੀਪ ਸਿੰਘ ਨੇ ਇਸ ਬਾਰੇ ਕੰਪਨੀ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ। ਸਗੋਂ ਉਸ ਖ਼ਾਤੇ 'ਚੋਂ 2 ਲੱਖ 60 ਹਜ਼ਾਰ ਪੌਂਡ ਵਰਤ ਲਏ। ਕੰਪਨੀ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਉਸ ਸਮੇਂ ਤੱਕ ਸੰਦੀਪ ਸਿੰਘ ਇਹ ਦੁਕਾਨ ਵੇਚ ਚੁੱਕਾ ਸੀ। ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਉਸ ਰਕਮ 'ਚੋਂ ਬਹੁਤੀ ਰਕਮ ਅਜੇ ਵੀ ਬੈਂਕ ਖਾਤੇ 'ਚ ਜਮ੍ਹਾਂ ਹੈ, ਜੋ ਸੀਲ ਹੋ ਚੁਕਾ ਹੈ। ਉਸ ਦਾ ਘਰ ਵੇਚ ਕੇ 6 ਲੱਖ ਪੌਂਡ ਦੇ ਕਰੀਬ ਰਕਮ ਇਕੱਠੀ ਹੋ ਸਕੇਗੀ। ਉਸ ਨੇ ਚੋਰੀ ਦੀ ਸਾਜ਼ਿਸ਼ ਨਹੀਂ ਰਚੀ, ਸਗੋਂ ਇਹ ਅਪਰਾਧ ਹੋ ਗਿਆ। ਅਦਾਲਤ ਨੇ ਸੰਦੀਪ ਸਿੰਘ ਨੂੰ 12 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ।
