ਬਰਤਾਨਵੀ ਸ਼ਾਹੀ ਪਰਿਵਾਰ ਦੇ ਨੌਕਰ ਨੇ ਕੀਤੀ ਮਹਿੰਗੀਆਂ ਚੀਜ਼ਾਂ ਦੀ ਚੋਰੀ
Wednesday, Dec 02, 2020 - 09:41 AM (IST)
ਗਲਾਸਗੋ/ਲੰਡਨ,(ਮਨਦੀਪ ਖੁਰਮੀ)-ਬਰਤਾਨੀਆ ਦਾ ਸ਼ਾਹੀ ਪਰਿਵਾਰ ਵੀ ਚੋਰਾਂ ਤੋਂ ਸੁਰੱਖਿਅਤ ਨਹੀਂ ਹੈ ਕਿਉਂਕਿ ਮਹਾਰਾਣੀ ਦੇ ਬਕਿੰਘਮ ਪੈਲੇਸ ਵਿਚ ਵੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰ ਇਹ ਚੋਰੀ ਕਿਸੇ ਬਾਹਰੀ ਚੋਰ ਨੇ ਨਹੀਂ ਸਗੋਂ ਮਹਾਰਾਣੀ ਦੇ ਇਕ ਕਾਮੇ ਵੱਲੋਂ ਕੀਤੀ ਗਈ ਹੈ। ਇਸ ਮਾਮਲੇ ਵਿਚ ਮਹਾਰਾਣੀ ਦੇ ਇਕ ਨੌਕਰ ਨੇ ਰਾਇਲ ਪਰਿਵਾਰ ਦੀਆਂ ਨਿੱਜੀ ਫੋਟੋਆਂ ਅਤੇ ਬਕਿੰਘਮ ਪੈਲੇਸ ਤੋਂ ਵੱਕਾਰੀ ਮੈਡਲ ਚੋਰੀ ਕਰਨ ਦੀ ਗੱਲ ਕਬੂਲੀ ਹੈ। ਅਦਾਲਤ ਵਿਚ ਇਹ ਗੱਲ ਸਾਹਮਣੇ ਆਈ ਕਿ ਸਾਬਕਾ ਕੈਟਰਿੰਗ ਅਸਿਸਟੈਂਟ ਐਡਮੋ ਕੈਂਟੋ ਵਲੋਂ 7,700 ਪੌਂਡ ਤੋਂ ਵੱਧ ਰਕਮ ਦੀਆਂ 37 ਸ਼ਾਹੀ ਪਰਿਵਾਰ ਦੀਆਂ ਵਸਤਾਂ ਸ਼ਾਪਿੰਗ ਵੈੱਬਸਾਈਟ ਈਬੇਅ ’ਤੇ ਵੇਚੀਆਂ, ਪਰ ਇਸ ਕੀਮਤੀ ਸਾਮਾਨ ਦੀ ਕੀਮਤ 100,000 ਪੌਂਡ ਤੱਕ ਸੀ।
ਇਸ 37 ਸਾਲਾ ਵਿਅਕਤੀ ਨੇ ਡੋਨਾਲਡ ਟਰੰਪ ਦੇ ਦੌਰੇ ਦੌਰਾਨ ਰਾਇਲ ਸਟੇਟ ਬੇਨਕਿਊਟ ਦੀ ਇਕ ਫੋਟੋ ਐਲਬਮ ਜਿਸ ਦੀਆਂ ਤਸਵੀਰਾਂ ਉੱਪਰ ਪ੍ਰਿੰਸ ਵਿਲੀਅਮ ਅਤੇ ਡਚੇਸ ਆਫ ਕੈਂਬ੍ਰਿਜ ਦੇ ਦਸਤਖ਼ਤ ਕੀਤੇ ਗਏ ਸਨ, ਵੀ ਚੋਰੀ ਕੀਤੀ ਹੈ ਜਿਸਦੀ ਕੀਮਤ 1,500 ਪੌਂਡ ਦੇ ਲਗਭਗ ਹੈ। ਇਸ ਤੋਂ ਇਲਾਵਾ ਉਸ ਨੇ ਲਾਕਡਾਉਨ ਦੌਰਾਨ ਸਫਾਈ ਕਰਦੇ ਸਮੇਂ ਇਕ ਕੰਪੈਨੀਅਨ ਆਫ਼ ਆਰਡਰ ਆਫ ਬਾਥ ਗੋਂਗ ਅਤੇ ਰਾਇਲ ਵਿਕਟੋਰੀਅਨ ਆਰਡਰ ਮੈਡਲ ’ਤੇ ਵੀ ਹੱਥ ਸਾਫ ਕਰਨ ਦੀ ਗੱਲ ਸਵੀਕਾਰ ਕੀਤੀ ਹੈ।
ਇੰਨਾ ਹੀ ਨਹੀਂ ਚੋਰੀ ਵਿਚ ਕੁੱਲ 77 ਵਸਤਾਂ ਸ਼ਾਮਿਲ ਹਨ। ਉੱਤਰੀ ਯੌਰਕਸ਼ਾਇਰ ਦੇ ਸਕਾਰਬੋਰੋ ਤੋਂ ਆਏ ਕੈਂਟੋ ਨੂੰ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ਵਿਚ ਪਿਛਲੇ ਸਾਲ 11 ਨਵੰਬਰ ਤੋਂ 7 ਅਗਸਤ ਦਰਮਿਆਨ 3 ਚੋਰੀਆਂ ਵਿਚ ਦੋਸ਼ੀ ਮੰਨਿਆ ਗਿਆ ਹੈ। ਇਹ ਚੀਜ਼ਾਂ ਉਸਨੇ ਬਕਿੰਘਮ ਪੈਲੇਸ ਵਿਖੇ ਰਾਇਲ ਸ਼ਾਪ ਅਤੇ ਰਾਇਲ ਹਾਊਸਿੰਗ ਤੋਂ ਚੋਰੀ ਕੀਤੀਆਂ ਸਨ। ਜ਼ਿਲ੍ਹਾ ਜੱਜ ਐਲਗਜ਼ੈਂਡਰ ਜੈਕਬਜ਼ ਨੇ ਉਸ ਨੂੰ ਸ਼ਰਤੀਆ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ ਅਤੇ ਕੇਸ ਨੂੰ ਸਜ਼ਾ ਦੀ ਸੁਣਵਾਈ ਲਈ ਸਾਊਥਵਰਕ ਕ੍ਰਾਊਨ ਕੋਰਟ ਭੇਜ ਦਿੱਤਾ ਗਿਆ ਹੈ ਜਦਕਿ ਕੈਂਟੋ ਨੂੰ ਚੇਤਾਵਨੀ ਦਿੱਤੀ ਕਿ ਉਸਨੂੰ ਜੇਲ੍ਹ ਦੀ ਸਜ਼ਾ ਸੁਣਾਈ ਜਾ ਸਕਦੀ ਹੈ।