ਸੈਂਕੜੇ ਭਾਰਤੀਆਂ ਨੂੰ ਪਹੁੰਚਾਇਆ ਕੈਨੇਡਾ, ਕਮਾਏ 42 ਕਰੋੜ ਰੁਪਏ
Friday, Mar 01, 2024 - 02:02 PM (IST)
ਲੰਡਨ : ਭਾਰਤੀ ਲੋਕਾਂ ਨੂੰ ਕੈਨੇਡਾ-ਅਮਰੀਕਾ ਦਾ ਸੁਫ਼ਨਾ ਦਿਖਾਉਣ ਵਾਲੇ ਠੱਗ ਦੁਨੀਆ ਦੇ ਹਰ ਕੋਨੇ ਵਿਚ ਬੈਠੇ ਹਨ ਅਤੇ ਆਪਣੀਆਂ ਜੇਬਾਂ ਭਰਨ ਵਿਚ ਕਾਮਯਾਬ ਵੀ ਹੋ ਰਹੇ ਹਨ। ਤਾਜ਼ਾ ਮਾਮਲਾ ਯੂ.ਕੇ. ਤੋਂ ਸਾਹਮਣੇ ਆਇਆ ਹੈ ਜਿਥੇ ਬ੍ਰਿਟਿਸ਼ ਏਅਰਵੇਜ਼ ਦੇ ਇਕ ਸਾਬਕਾ ਮੁਲਾਜ਼ਮ ਨੇ ਸੈਂਕੜਿਆਂ ਦੀ ਗਿਣਤੀ ਵਿਚ ਭਾਰਤੀ ਲੋਕਾਂ ਨੂੰ ਬਗੈਰ ਵੀਜ਼ਾ ਤੋਂ ਟੋਰਾਂਟੋ ਅਤੇ ਵੈਨਕੂਵਰ ਪਹੁੰਚਾਇਆ ਅਤੇ 51 ਲੱਖ ਡਾਲਰ (42 ਕਰੋੜ ਰੁਪਏ) ਇਕੱਠੇ ਕਰ ਲਏ।
ਬਗੈਰ ਵੀਜ਼ਾ ਤੋਂ ਟੋਰਾਂਟੋ ਜਾ ਰਹੇ ਜਹਾਜ਼ ਵਿਚ ਬਿਠਾ ਦਿੰਦਾ ਸੀ ਅਧਿਕਾਰੀ
‘ਦਿ ਟਾਈਮਜ਼ ਆਫ ਲੰਡਨ’ ਦੀ ਰਿਪੋਰਟ ਮੁਤਾਬਕ ਬ੍ਰਿਟਿਸ਼ ਏਅਰਵੇਜ਼ ਵਿਚ ਨੌਕਰੀ ਦੌਰਾਨ 24 ਸਾਲ ਦਾ ਨੌਜਵਾਨ ਲੰਡਨ ਦੇ ਹੀਥਰੋ ਹਵਾਈ ਅੱਡੇ ’ਤੇ ਤਾਇਨਾਤ ਸੀ। ਨੌਜਵਾਨ ਦੀ ਸ਼ਨਾਖਤ ਜਨਤਕ ਨਹੀਂ ਕੀਤੀ ਗਈ ਪਰ ਸੰਭਾਵਤ ਤੌਰ ’ਤੇ ਨੌਕਰੀ ਦੌਰਾਨ ਹੀ ਇਸ ਨੇ ਵੱਡੀ ਗਿਣਤੀ ਵਿਚ ਭਾਰਤੀ ਨਾਗਰਿਕਾਂ ਨੂੰ ਟੋਰਾਂਟੋ ਜਾਂ ਵੈਨਕੂਵਰ ਜਾਣ ਵਾਲੀਆਂ ਫਲਾਈਟਸ ਵਿਚ ਬਿਠਾਇਆ। ਕੈਨੇਡਾ ਭੇਜਣ ਲਈ ਹਰ ਬੰਦੇ ਤੋਂ 25 ਹਜ਼ਾਰ ਪੌਂਡ (26 ਲੱਖ) ਵਸੂਲ ਕੀਤੇ ਜਾਂਦੇ ਅਤੇ ਬਗੈਰ ਵੀਜ਼ਾ ਤੋਂ ਬੰਦਾ ਆਪਣੇ ਸੁਫ਼ਨਿਆਂ ਦੇ ਮੁਲਕ ਵਿਚ ਪਹੁੰਚ ਜਾਂਦਾ। ਕੈਨੇਡਾ ਪੁੱਜਣ ਉਪ੍ਰੰਤ ਭਾਰਤੀ ਲੋਕ ਪਨਾਹ ਦਾ ਦਾਅਵਾ ਕਰ ਦਿੰਦੇ ਪਰ ਵੱਡੀ ਗਿਣਤੀ ਵਿਚ ਸ਼ਰਨਾਰਥੀਆਂ ਦੀ ਆਮਦ ਤੋਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵਾਲੇ ਹੈਰਾਨ ਸਨ। ਕੈਨੇਡੀਅਨ ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਜਦੋਂ ਦੇਖਿਆ ਕਿ ਲੰਡਨ ਤੋਂ ਆ ਰਹੀਆਂ ਫਲਾਈਟਸ ਵਿਚ ਭਾਰਤੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਤਾਂ ਉਨ੍ਹਾਂ ਹੀਥਰੋ ਹਵਾਈ ਅੱਡੇ ਨਾਲ ਸੰਪਰਕ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ ਸਰਕਾਰ ਦਾ ਨਵਾਂ ਕਦਮ, ਹੁਣ ਗਿਰੋਹਾਂ 'ਤੇ ਹੋਵੇਗੀ ਸਖ਼ਤ ਕਾਰਵਾਈ
ਕੈਨੇਡਾ ਦੇ ਇੰਮੀਗ੍ਰੇਸ਼ਨ ਅਫਸਰ ਰਹਿ ਗਏ ਹੱਕੇ-ਬੱਕੇ
ਆਮ ਤੌਰ ’ਤੇ ਕਿਸੇ ਵੀ ਏਅਰਲਾਈਨ ਦੇ ਮੁਲਾਜ਼ਮ ਹੀ ਚੈਕ ਕਰਦੇ ਹਨ ਕਿ ਜਹਾਜ਼ ਚੜ੍ਹ ਰਹੇ ਮੁਸਾਫਰ ਕੋਲ ਲੋੜੀਂਦੇ ਦਸਤਾਵੇਜ਼ ਮੌਜੂਦ ਹਨ ਜਾਂ ਨਹੀਂ। ਬ੍ਰਿਟਿਸ਼ ਏਅਰਵੇਜ਼ ਦਾ ਇਹ ਮੁਲਾਜ਼ਮ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਲੋਕਾਂ ਨੂੰ ਜਹਾਜ਼ ਅੰਦਰ ਦਾਖਲ ਹੋਣ ਵਿਚ ਮਦਦ ਕਰਦਾ ਜਦਕਿ ਉਨ੍ਹਾਂ ਕੋਲ ਕੈਨੇਡਾ ਜਾਣ ਲਈ ਕੋਈ ਵੀਜ਼ਾ ਨਹੀਂ ਸੀ ਹੁੰਦਾ। ਨੌਜਵਾਨ ਵੱਲੋਂ ਐਨੀ ਚਲਾਕੀ ਨਾਲ ਜਾਲ ਵਿਛਾਇਆ ਜਾਂਦਾ ਕਿ ਬਗੈਰ ਵੀਜ਼ਾ ਵਾਲੇ ਮੁਸਾਫਰਾਂ ਦੀ ਚੈਕਿੰਗ ਕਰਨ ਦੀ ਜ਼ਿੰਮੇਵਾਰੀ ਵੀ ਉਸ ਨੂੰ ਹੀ ਮਿਲਦੀ। ਇਸੇ ਦੌਰਾਨ ਮਾਮਲੇ ਦੀ ਪੜਤਾਲ ਆਰੰਭ ਹੋ ਗਈ ਅਤੇ ਬੀਤੀ 6 ਜਨਵਰੀ ਨੂੰ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਜਲਦ ਹੀ ਉਸ ਨੂੰ ਜ਼ਮਾਨਤ ਮਿਲ ਗਈ ਅਤੇ ਆਪਣੀ ਪਾਰਟਨਰ ਨਾਲ ਭਾਰਤ ਫਰਾਰ ਹੋ ਗਿਆ। ਨਾਜਾਇਜ਼ ਤਰੀਕੇ ਨਾਲ ਕੀਤੀ ਕਮਾਈ ਰਾਹੀਂ ਉਸ ਨੇ ਭਾਰਤ ਵਿਚ ਕਈ ਜਾਇਦਾਦਾਂ ਖਰੀਦੀਆਂ ਅਤੇ ਹੁਣ ਤੱਕ ਯੂ.ਕੇ. ਸਰਕਾਰ ਦੇ ਕਾਬੂ ਨਹੀਂ ਆਇਆ। ਭਾਰਤ ਅਤੇ ਯੂ.ਕੇ. ਦਰਮਿਆਨ ਹਵਾਲਗੀ ਸੰਧੀ ਹੈ ਪਰ ਭਾਰਤੀ ਪੁਲਸ ਵੀ ਉਸ ਨੂੰ ਕਾਬੂ ਕਰਨ ਵਿਚ ਸਫਲ ਨਹੀ ਹੋ ਸਕੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।