ਬ੍ਰੈਗਜ਼ਿਟ 'ਤੇ ਇਤਿਹਾਸਕ ਵੋਟਿੰਗ ਲਈ ਤਿਆਰ ਬ੍ਰਿਟਿਸ਼ ਸੰਸਦ ਮੈਂਬਰ
Saturday, Oct 19, 2019 - 07:59 PM (IST)

ਲੰਡਨ - ਬ੍ਰਿਟੇਨ ਦੇ ਸੰਸਦ ਮੈਂਬਰ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਬ੍ਰੈਗਜ਼ਿਟ ਕਰਾਰ 'ਤੇ ਇਤਿਹਾਸਕ ਵੋਟਿੰਗ ਕਰਨ ਲਈ ਸ਼ਨੀਵਾਰ ਨੂੰ ਇਕੱਠੇ ਹੋਏ। ਇਸ ਵੋਟਿੰਗ ਨਾਲ ਤੈਅ ਹੋਵੇਗਾ ਕਿ ਬ੍ਰਿਟੇਨ ਇਸ ਮਹੀਨੇ ਯੂਰਪੀ ਸੰਘ ਤੋਂ ਬਾਹਰ ਹੋ ਜਾਵੇਗਾ ਜਾਂ ਦੇਸ਼ ਇਕ ਵਾਰ ਫਿਰ ਨਵੀਂ ਅਨਿਸ਼ਚਿਚਤਾ 'ਚ ਘਿਰ ਜਾਵੇਗਾ। ਸਾਲ 1982 'ਚ ਫਾਕਲੈਂਡ ਜੰਗ 'ਤੇ ਚਰਚਾ ਕਰਨ ਤੋਂ ਬਾਅਦ ਪਹਿਲੀ ਵਾਰ ਯੂਰਪੀ ਸੰਘ ਤੋਂ ਵੱਖ ਹੋਣ ਦੀਆਂ ਸ਼ਰਤਾਂ ਨੂੰ ਲੈ ਕੇ ਜਾਨਸਨ ਅਤੇ ਈ. ਯੂ. ਨੇਤਾਵਾਂ ਵਿਚਾਲੇ ਬਣੀ ਸਹਿਮਤੀ 'ਤੇ ਚਰਚਾ ਕਰਨ ਲਈ ਸ਼ਨੀਵਾਰ ਨੂੰ ਬ੍ਰਿਟਿਸ਼ ਸੰਸਦ ਦੀ ਬੈਠਕ ਬੁਲਾਈ ਗਈ ਹੈ।
ਵਿਰੋਧੀ ਦਲਾਂ ਅਤੇ ਉੱਤਰੀ ਆਇਰਲੈਂਡ ਦੇ ਜਾਨਸਨ ਦੇ ਆਪਣੇ ਸਹਿਯੋਗੀਆਂ ਨੇ ਇਸ ਕਰਾਰ ਨੂੰ ਖਾਰਿਜ ਕੀਤਾ ਹੈ ਪਰ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਟੀਮ ਨੇ ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਕਰਨ ਲਈ ਪਿਛਲੇ 48 ਘੰਟਿਆਂ 'ਚ ਕਾਫੀ ਯਤਨ ਕੀਤੇ ਹਨ। ਵੋਟਿੰਗ 'ਚ ਕਿਸ ਪੱਖ 'ਚ ਵੋਟ ਜਾਣਗੇ ਇਹ ਬਿਲਕੁਲ ਵੀ ਸਾਫ ਨਹੀਂ ਹੈ ਪਰ ਜਾਨਸਨ ਨੇ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਦਾ ਕਰਾਰ ਇਸ ਮੁਸ਼ਕਿਲ ਬ੍ਰੈਗਜ਼ਿਟ ਪ੍ਰਕਿਰਿਆ ਤੋਂ ਬਾਹਰ ਨਿਕਲਣ ਦਾ ਸਭ ਤੋਂ ਬਿਹਤਰੀਨ ਤਰੀਕਾ ਹੈ। ਇਸ ਪ੍ਰਕਿਰਿਆ ਦੇ ਚੱਲਦੇ ਬ੍ਰਿਟੇਨ 2016 ਤੋਂ ਸਿਆਸੀ ਸੰਕਟ 'ਚ ਘਿਰਿਆ ਹੋਇਆ ਹੈ। ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਆਖਿਆ ਕਿ ਉਨ੍ਹਾਂ ਦਾ ਕਰਾਰ ਅੱਗੇ ਵਧਣ ਦਾ ਰਾਹ ਹੈ ਅਤੇ ਇਹ ਬ੍ਰਿਟੇਨ ਅਤੇ ਈ. ਯੂ. ਦੇ ਮੰਤਰੀਆਂ ਵਿਚਾਲੇ ਨਵਾਂ ਅਤੇ ਚੰਗਾ ਸਮਝੌਤਾ ਹੈ।
ਜਾਨਸਨ ਈ. ਯੂ. ਤੋਂ 46 ਸਾਲਾ ਪੁਰਾਣੇ ਸਬੰਧ ਨੂੰ 31 ਅਕਤੂਬਰ ਤੱਕ ਤੋੜਣ ਲਈ ਸਪੱਸ਼ਟ ਮਤਦਾਨ ਚਾਹੁੰਦੇ ਹਨ ਜਿਸ ਨਾਲ ਈ. ਯੂ. ਤੋਂ ਅਲਗ ਹੋਣ ਦੀ ਮਨਜ਼ੂਰੀ ਮਿਲ ਜਾਵੇਗੀ ਜਾਂ ਉਸ ਨੂੰ ਖਾਰਿਜ ਕਰ ਦਿੱਤਾ ਜਾਵੇਗਾ ਪਰ ਸੰਸਦ ਮੈਂਬਰ ਕਰਾਰ ਨੂੰ ਮਨਜ਼ੂਰੀ ਦੇਣ ਲਈ ਸੋਧ ਪ੍ਰਸਤਾਵਿਤ ਕਰ ਰਹੇ ਹਨ ਜਿਸ 'ਚ ਕਰਾਰ ਨੂੰ ਲਾਗੂ ਕਰਨ ਲਈ ਜ਼ਰੂਰੀ ਬਿੱਲ ਦੇ ਪਾਸ ਹੋਣ ਤੱਕ ਐਗਜ਼ੀਕਿਊਸ਼ਨ ਨੂੰ ਰੋਕਣ ਲਈ ਕਿਹਾ ਗਿਆ ਹੈ।
ਉਨ੍ਹਾਂ ਨੂੰ ਡਰ ਹੈ ਕਿ ਜੇਕਰ ਸੰਸਦ ਮੈਂਬਰ ਕਰਾਰ ਨੂੰ ਮਨਜ਼ੂਰੀ ਵੀ ਦੇ ਦੇਣ ਤਾਂ 31 ਅਕਤੂਬਰ ਤੱਕ ਈ. ਯੂ. ਤੋਂ ਵੱਖ ਹੋਣ ਦੇ ਕਰਾਰ 'ਤੇ ਚਰਚਾ ਕਰਨ ਲਈ ਲੋੜੀਂਦਾ ਸਮਾਂ ਨਹੀਂ ਮਿਲੇਗਾ, ਜਿਸ ਦਾ ਨਤੀਜਾ ਆਮ ਰੂਪ ਤੋਂ ਬਿਨਾਂ ਸਮਝੌਤੇ ਬ੍ਰੈਗਜ਼ਿਟ ਹੋ ਜਾਵੇਗਾ। ਜੇਕਰ ਮੁੱਖ ਵਿਰੋਧੀ ਲੇਬਰ ਪਾਰਟੀ ਵੱਲੋਂ ਸਮਰਥਿਤ ਸੋਧ ਨੂੰ ਪਾਸ ਕਰ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਜਾਨਸਨ ਨੂੰ ਈ. ਯੂ. ਨੇਤਾਵਾਂ ਤੋਂ ਬ੍ਰੈਗਜ਼ਿਟ 'ਚ ਦੇਰੀ ਕਰਨ ਲਈ ਆਖਣਾ ਹੋਵੇਗਾ। ਬ੍ਰਿਟਿਸ਼ ਪ੍ਰਧਾਨ ਮੰਤਰੀ ਦ੍ਰਤਰ ਡਾਓਨਿੰਗ ਸਟ੍ਰੀਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਸੋਧ ਪਾਸ ਹੋ ਜਾਂਦਾ ਹੈ ਤਾਂ ਵੀ ਸੋਮਵਾਰ ਨੂੰ ਬਿੱਲ ਪੇਸ਼ ਕੀਤਾ ਜਾਵੇਗਾ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ 'ਤੇ ਚਰਚਾ ਹੋਵੇਗੀ ਅਤੇ ਸਮੇਂ 'ਤੇ ਪਾਸ ਹੋ ਜਾਵੇਗਾ। ਜਾਨਸਨ ਨੇ ਆਖਿਆ ਕਿ ਦੇਰੀ ਆਧਾਰਹੀਨ, ਮਹਿੰਗੀ ਅਤੇ ਲੋਕਾਂ ਦੇ ਭਰੋਸੇ ਨੂੰ ਕਮਜ਼ੋਰ ਕਰਨ ਵਾਲੀ ਹੋਵੇਗੀ।