ਇੰਗਲੈਂਡ ਦੇ ਤਿੰਨ ਚੌਥਾਈ ਖੇਤਰ ਹੋਣਗੇ ਟੀਅਰ ਚਾਰ ਤਾਲਾਬੰਦੀ ਪੱਧਰ ''ਚ ਸ਼ਾਮਲ
Thursday, Dec 31, 2020 - 02:41 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬ੍ਰਿਟਿਸ਼ ਸਰਕਾਰ ਦੁਆਰਾ ਵੱਧ ਰਹੇ ਕੋਰੋਨਾਵਾਇਰਸ ਦੇ ਕੇਸਾਂ ਨੂੰ ਵੇਖਦਿਆਂ ਹੋਇਆ ਦੇਸ਼ ਦੇ ਤਕਰੀਬਨ ਤਿੰਨ ਚੌਥਾਈ ਹਿੱਸਿਆਂ ਨੂੰ ਟੀਅਰ ਚਾਰ ਦੇ ਤਾਲਾਬੰਦੀ ਪੱਧਰ ਵਿੱਚ ਕਰਨ ਦਾ ਫ਼ੈਸਲਾ ਲਿਆ ਹੈ। ਦੇਸ਼ ਵਿੱਚ ਵਾਇਰਸ ਦੇ ਤੇਜ਼ੀ ਨਾਲ ਫੈਲਣ ਵਾਲੇ ਨਵੇਂ ਰੂਪ ਕਾਰਨ ਸਿਹਤ ਸਕੱਤਰ ਮੈਟ ਹੈਨਕਾਕ ਮੁਤਾਬਕ, ਸਖਤ ਪਾਬੰਦੀਆਂ ਵਾਲੇ ਟੀਅਰ 4 ਤਾਲਾਬੰਦੀ ਪੱਧਰ ਨੂੰ ਲੰਡਨ ਅਤੇ ਦੱਖਣ-ਪੂਰਬ ਖੇਤਰਾਂ ਤੋਂ ਇਲਾਵਾ ਮਿਡਲੈਂਡਜ਼, ਨੌਰਥ ਈਸਟ, ਉੱਤਰੀ ਅਤੇ ਦੱਖਣ-ਪੱਛਮ ਇੰਗਲੈਂਡ ਦੇ ਵੱਡੇ ਹਿੱਸਿਆਂ ਵਿੱਚ ਲਾਗੂ ਕੀਤਾ ਜਾਵੇਗਾ।
ਟੀਅਰ 4 ਦੇ ਤਹਿਤ ਲੋਕਾਂ ਨੂੰ ਘਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਜ਼ਰੂਰੀ ਦੁਕਾਨਾਂ ਬੰਦ ਹੋਣ ਦੇ ਨਾਲ ਰੈਸਟੋਰੈਂਟ ਅਤੇ ਬਾਰ ਸਿਰਫ ਟੇਕਆਊਟ ਦੀ ਪੇਸ਼ਕਸ਼ ਕਰ ਸਕਦੇ ਹਨ। ਇਸ ਦੇ ਇਲਾਵਾ ਤਕਰੀਬਨ ਬਾਕੀ ਸਾਰੇ ਖੇਤਰਾਂ ਨੂੰ ਤੀਜੇ ਦਰਜੇ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ ਜਦਕਿ ਸਕਿਲੀ ਆਈਲਸ ਤਾਲਾਬੰਦੀ ਪੱਧਰਾਂ ਦੇ ਸਭ ਤੋਂ ਹੇਠਲੇ ਪੱਧਰ ਇੱਕ ਵਿੱਚ ਰਹੇਗਾ।ਸਿਹਤ ਸਕੱਤਰ ਮੁਤਾਬਕ, ਟੀਕਾਕਰਨ ਦੇ ਬਾਵਜੂਦ ਵੱਡੀ ਪੱਧਰ 'ਤੇ ਤੇਜ਼ੀ ਨਾਲ ਵੱਧ ਰਹੇ ਕੇਸਾਂ ਅਤੇ ਹਸਪਤਾਲਾਂ ਵਿੱਚ ਦਾਖਲ ਹੋ ਰਹੇ ਮਰੀਜ਼ਾਂ ਦੀ ਗਿਣਤੀ ਨੂੰ ਘੱਟ ਕਰਨ ਲਈ ਇਸ ਤਰ੍ਹਾਂ ਦੀਆਂ ਪਾਬੰਦੀਆਂ ਦੀ ਬਹੁਤ ਜਰੂਰਤ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਪੰਜਾਬੀ ਕਲਾਕਾਰਾਂ ਨੇ ਗੀਤਾਂ ਜ਼ਰੀਏ ਕਿਸਾਨ ਅੰਦੋਲਨ ਨੂੰ ਦਿੱਤਾ ਸਮਰਥਨ
ਐਨ.ਐਚ.ਐਸ. ਇੰਗਲੈਂਡ ਦੇ ਅੰਕੜਿਆਂ ਮੁਤਾਬਕ, ਮੰਗਲਵਾਰ ਸਵੇਰੇ 8 ਵਜੇ ਇੰਗਲੈਂਡ ਦੇ ਐਨ.ਐਚ.ਐਸ. ਹਸਪਤਾਲਾਂ ਵਿੱਚ 21,787 ਮਰੀਜ਼ ਦਾਖਲ ਸਨ ਅਤੇ ਸੋਮਵਾਰ ਨੂੰ ਇਹ ਗਿਣਤੀ 20,426 ਸੀ। ਜਦਕਿ ਵਾਇਰਸ ਦੀ ਪਹਿਲੀ ਲਹਿਰ ਦੌਰਾਨ 12 ਅਪ੍ਰੈਲ ਨੂੰ 18,974 ਮਰੀਜ਼ ਹਸਪਤਾਲਾਂ ਵਿੱਚ ਦਾਖਲ ਸਨ। ਇਸ ਦੌਰਾਨ ਯੂਕੇ ਵਿੱਚ ਇੱਕ ਹੀ ਦਿਨ ਵਿੱਚ ਲੈਬ ਦੁਆਰਾ ਪੁਸ਼ਟੀ ਕੀਤੇ ਗਏ ਵਾਇਰਸ ਦੇ ਸਕਾਰਾਤਮਕ ਕੇਸਾਂ ਦੀ ਗਿਣਤੀ ਮੰਗਲਵਾਰ ਨੂੰ ਲੱਗਭਗ 50,000 ਤੋਂ ਵੱਧ ਕੇਸਾਂ ਨਾਲ ਰਿਕਾਰਡ ਪੱਧਰ 'ਤੇ ਪਹੁੰਚੀ ਹੈ। ਇਹਨਾਂ ਨਵੀਆਂ ਤਾਲਾਬੰਦੀ ਪਾਬੰਦੀਆਂ ਦੇ ਨਾਲ ਪ੍ਰਧਾਨ ਮੰਤਰੀ ਨੇ ਵੀ ਲੋਕਾਂ ਨੂੰ ਵਾਇਰਸ ਤੋਂ ਬਚਾਅ ਕਰਨ ਲਈ ਨਵੇਂ ਸਾਲ ਦੇ ਜਸ਼ਨ ਘਰ ਵਿੱਚ ਰਹਿ ਕੇ ਹੀ ਮਨਾਉਣ ਦੀ ਅਪੀਲ ਕੀਤੀ ਹੈ।
ਨੋਟ- ਇੰਗਲੈਂਡ ਦੇ ਤਿੰਨ ਚੌਥਾਈ ਖੇਤਰ ਹੋਣਗੇ ਟੀਅਰ ਚਾਰ ਤਾਲਾਬੰਦੀ ਪੱਧਰ 'ਚ ਸ਼ਾਮਲ, ਖ਼ਬਰ ਬਾਰੇ ਦੱਸੋ ਆਪਣੀ ਰਾਏ।