ਬ੍ਰਿਟੇਨ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਅਫਗਾਨਿਸਤਾਨ ਛੱਡਣ ਦੀ ਕੀਤੀ ਅਪੀਲ
Sunday, Aug 08, 2021 - 01:25 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਅਫਗਾਨਿਸਤਾਨ ਵਿੱਚ ਤਾਇਨਾਤ ਵੱਖ-ਵੱਖ ਦੇਸ਼ਾਂ ਦੀਆਂ ਫੌਜਾਂ ਵਿੱਚ ਬ੍ਰਿਟੇਨ ਦੀ ਫੌਜ ਵੀ ਸ਼ਾਮਲ ਸੀ। ਉਹਨਾਂ ਦੇ ਉੱਥੋਂ ਵਾਪਸੀ ਪ੍ਰਕਿਰਿਆ ਦੇ ਬਾਅਦ ਅਸੁਰੱਖਿਆ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਲਈ ਬ੍ਰਿਟੇਨ ਨੇ ਅਫਗਾਨਿਸਤਾਨ ਵਿਚਲੇ ਆਪਣੇ ਸਾਰੇ ਨਾਗਰਿਕਾਂ ਨੂੰ ਵਿਗੜਦੀ ਸੁਰੱਖਿਆ ਸਥਿਤੀ ਦੇ ਕਾਰਨ ਉਸ ਦੇਸ਼ ਨੂੰ ਤੁਰੰਤ ਛੱਡਣ ਲਈ ਕਿਹਾ ਹੈ।
ਬਰਤਾਨੀਆ ਦੇ ਵਿਦੇਸ਼ੀ, ਰਾਸ਼ਟਰਮੰਡਲ ਅਤੇ ਵਿਕਾਸ ਦਫਤਰ ਨੇ ਸ਼ੁੱਕਰਵਾਰ ਨੂੰ ਆਪਣੀ ਵੈਬਸਾਈਟ 'ਤੇ ਅਪਡੇਟ ਕਰਕੇ ਨਾਗਰਿਕਾਂ ਲਈ ਇਸ ਤਜਵੀਜ਼ ਨੂੰ ਜਾਰੀ ਕੀਤਾ। ਵਿਦੇਸ਼ੀ ਦਫਤਰ ਨੇ ਅਫਗਾਨਿਸਤਾਨ ਵਿਚਲੇ ਬ੍ਰਿਟੇਨ ਵਾਸੀਆਂ ਨੂੰ ਐਮਰਜੈਂਸੀ ਨਿਕਾਸੀ ਲਈ ਸਰਕਾਰ 'ਤੇ ਨਿਰਭਰ ਨਾ ਹੋਣ ਦੀ ਸਲਾਹ ਦਿੰਦਿਆਂ ਕਿਹਾ ਕਿ ਇਸ ਸਬੰਧੀ ਸਹਾਇਤਾ ਬਹੁਤ ਸੀਮਤ ਹੈ।ਕਰੀਬ ਦੋ ਦਹਾਕਿਆਂ ਦੇ ਸੰਘਰਸ਼ ਤੋਂ ਬਾਅਦ ਅਮਰੀਕਾ ਦੀ ਅਗਵਾਈ ਵਾਲੀਆਂ ਵਿਦੇਸ਼ੀ ਫੌਜਾਂ ਦੀ ਵਾਪਸੀ ਦੇ ਨਾਲ ਤਾਲਿਬਾਨ ਦੁਆਰਾ ਇਸ ਦੇਸ਼ ਵਿੱਚ ਹਮਲੇ ਸ਼ੁਰੂ ਕਰਨ ਤੋਂ ਬਾਅਦ ਇਹ ਚਿਤਾਵਨੀ ਦਿੱਤੀ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਭਿਆਨਕ ਗਰਮੀ ਦੇ ਬਾਅਦ ਹੁਣ ਸੋਕਾ, ਕਿਸਾਨਾਂ 'ਤੇ ਰੋਜ਼ੀ-ਰੋਟੀ ਦਾ ਸੰਕਟ
ਤਾਲਿਬਾਨ ਹੁਣ ਪੇਂਡੂ ਅਫਗਾਨਿਸਤਾਨ ਦੇ ਵਿਸ਼ਾਲ ਹਿੱਸਿਆਂ ਨੂੰ ਕੰਟਰੋਲ ਕਰ ਰਿਹਾ ਹੈ ਅਤੇ ਈਰਾਨ ਨਾਲ ਲੱਗਦੀ ਪੱਛਮੀ ਸਰਹੱਦ ਦੇ ਨੇੜੇ ਹੇਰਾਤ ਅਤੇ ਦੱਖਣ ਵਿੱਚ ਲਸ਼ਕਰ ਗਾਹ ਅਤੇ ਕੰਧਾਰ ਸਮੇਤ ਕਈ ਸ਼ਹਿਰਾਂ ਵਿੱਚ ਸਰਕਾਰੀ ਫੌਜਾਂ ਨੂੰ ਚੁਣੌਤੀ ਦੇ ਰਿਹਾ ਹੈ। ਇਸ ਲਈ ਅਜਿਹੇ ਮਾਹੌਲ ਵਿੱਚ ਬਰਤਾਨਵੀ ਨਾਗਰਿਕਾਂ ਦਾ ਉੱਥੇ ਰਹਿਣਾ ਖਤਰਨਾਕ ਸਾਬਤ ਹੋ ਸਕਦਾ ਹੈ।