ਬ੍ਰਿਟੇਨ ਦੇ ਸਭ ਤੋਂ ਅਮੀਰ ਪਰਿਵਾਰ ਦੇ ਚਾਰ ਜੀਆਂ ਨੂੰ ਹੋਈ ਸਜ਼ਾ, ਘਰੇਲੂ ਸਹਾਇਕਾਂ ਨੇ ਲਗਾਏ ਸਨ ਇਹ ਦੋਸ਼
Saturday, Jun 22, 2024 - 10:38 AM (IST)
ਲੰਡਨ- ਸਵਿਟਜ਼ਰਲੈਂਡ ਦੀ ਇਕ ਅਦਾਲਤ ਨੇ ਬ੍ਰਿਟੇਨ ਦੇ ਸਭ ਤੋਂ ਅਮੀਰ ਪਰਿਵਾਰਾਂ 'ਚੋਂ ਇਕ ਹਿੰਦੂਜਾ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਭਾਰਤ ਤੋਂ ਲਿਆਂਦੇ ਘਰੇਲੂ ਸਹਾਇਕਾਂ ਦਾ ਸ਼ੋਸ਼ਣ ਕਰਨ ਦੇ ਮਾਮਲੇ 'ਚ ਦੋਸ਼ੀ ਪਾਇਆ ਹੈ ਅਤੇ ਉਨ੍ਹਾਂ ਨੂੰ ਚਾਰ ਤੋਂ ਸਾਢੇ ਚਾਰ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਹਾਲਾਂਕਿ ਅਦਾਲਤ ਨੇ ਮਨੁੱਖੀ ਤਸਕਰੀ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਇਹ ਮਾਮਲਾ ਹਿੰਦੂਜਾ ਪਰਿਵਾਰ ਦੇ ਲੇਕ ਜੇਨੇਵਾ ਸਥਿਤ ਬੰਗਲੇ ਨਾਲ ਸਬੰਧਤ ਹੈ। ਨਿਊਜ਼ ਏਜੰਸੀ ਏਪੀ ਦੀ ਰਿਪੋਰਟ ਮੁਤਾਬਕ ਸਵਿਟਜ਼ਰਲੈਂਡ ਦੀ ਅਦਾਲਤ ਨੇ ਪ੍ਰਕਾਸ਼ ਹਿੰਦੂਜਾ ਅਤੇ ਉਨ੍ਹਾਂ ਦੀ ਪਤਨੀ ਕਮਲ ਹਿੰਦੂਜਾ ਨੂੰ 4.5 ਸਾਲ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਦੇ ਪੁੱਤ ਅਜੈ ਹਿੰਦੂਜਾ ਅਤੇ ਉਸ ਦੀ ਪਤਨੀ ਨਮਰਤਾ ਹਿੰਦੂਜਾ ਨੂੰ ਚਾਰ-ਚਾਰ ਸਾਲ ਦੀ ਸਜ਼ਾ ਸੁਣਾਈ ਗਈ ਹੈ।
ਕਰਮਚਾਰੀ ਦੀ ਤਨਖਾਹ ਨਾਲੋਂ ਆਪਣੇ ਕੁੱਤੇ 'ਤੇ ਕੀਤਾ ਜ਼ਿਆਦਾ ਖਰਚ
ਚਾਰੇ ਮੁਲਜ਼ਮ ਇਸ ਹੁਕਮ ਖ਼ਿਲਾਫ਼ ਉੱਚ ਅਦਾਲਤ ਵਿਚ ਅਪੀਲ ਕਰਨਗੇ। ਅਦਾਲਤ ਨੇ ਆਪਣੇ ਹੁਕਮ 'ਚ ਕਿਹਾ ਕਿ ਹਿੰਦੂਜਾ ਪਰਿਵਾਰ ਦੇ ਮੈਂਬਰ ਆਪਣੇ ਘਰੇਲੂ ਸਹਾਇਕਾਂ ਦਾ ਸ਼ੋਸ਼ਣ ਕਰਨ ਅਤੇ ਉਨ੍ਹਾਂ ਨੂੰ ਮਾਮੂਲੀ ਸਿਹਤ ਲਾਭ ਦੇਣ ਦੇ ਦੋਸ਼ੀ ਹਨ। ਅਦਾਲਤ ਨੇ ਇਹ ਵੀ ਕਿਹਾ ਕਿ ਹਿੰਦੂਜਾ ਪਰਿਵਾਰ ਆਪਣੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਕੰਮ ਲਈ ਜੋ ਤਨਖ਼ਾਹ ਦੇ ਰਿਹਾ ਸੀ, ਉਹ ਸਵਿਟਜ਼ਰਲੈਂਡ 'ਚ ਅਜਿਹੀਆਂ ਨੌਕਰੀਆਂ ਲਈ ਤਨਖ਼ਾਹ ਦੇ 10ਵੇਂ ਹਿੱਸੇ ਤੋਂ ਵੀ ਘੱਟ ਸੀ। ਹਾਲਾਂਕਿ, ਅਦਾਲਤ ਨੇ ਮਨੁੱਖੀ ਤਸਕਰੀ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਮਜ਼ਦੂਰਾਂ ਨੂੰ ਪਤਾ ਸੀ ਕਿ ਉਹ ਕਿੱਥੇ ਜਾ ਰਹੇ ਸਨ ਅਤੇ ਉਨ੍ਹਾਂ ਨੇ ਉੱਥੇ ਕੀ ਕਰਨਾ ਹੈ। ਇਸਤਗਾਸਾ ਪੱਖ ਨੇ ਬ੍ਰਿਟੇਨ ਦੇ ਸਭ ਤੋਂ ਅਮੀਰ ਹਿੰਦੂਜਾ ਪਰਿਵਾਰ 'ਤੇ ਉਨ੍ਹਾਂ ਦੇ ਘਰੇਲੂ ਸਹਾਇਕਾਂ ਦੇ ਪਾਸਪੋਰਟ ਜ਼ਬਤ ਕਰਨ ਦਾ ਦੋਸ਼ ਲਗਾਇਆ ਸੀ। ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ਨੇ ਇਕ ਕਰਮਚਾਰੀ ਦੀ ਤਨਖਾਹ ਨਾਲੋਂ ਆਪਣੇ ਕੁੱਤੇ 'ਤੇ ਜ਼ਿਆਦਾ ਖਰਚ ਕੀਤਾ। ਇਸ ਤੋਂ ਇਲਾਵਾ, ਕਰਮਚਾਰੀਆਂ ਨੂੰ ਸਵਿਸ ਫਰੈਂਕ ਦੀ ਬਜਾਏ ਰੁਪਏ 'ਚ ਭੁਗਤਾਨ ਕੀਤਾ ਜਾਂਦਾ ਸੀ। ਹਿੰਦੂਜਾ ਪਰਿਵਾਰ ਨੇ ਕਥਿਤ ਤੌਰ 'ਤੇ ਆਪਣੇ ਘਰੇਲੂ ਸਹਾਇਕਾਂ ਨੂੰ ਬੰਗਲਾ ਛੱਡਣ 'ਤੇ ਪਾਬੰਦੀ ਲਗਾ ਦਿੱਤੀ ਅਤੇ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਕੰਮ ਕਰਨ ਲਈ ਮਜ਼ਬੂਰ ਕੀਤਾ। ਇਸਤਗਾਸਾ ਪੱਖ ਨੇ ਅਦਾਲਤ ਨੂੰ ਦੱਸਿਆ ਸੀ ਕਿ ਕਈ ਮੌਕਿਆਂ 'ਤੇ ਹਿੰਦੂਜਾ ਪਰਿਵਾਰ ਦੇ ਮੈਂਬਰਾਂ ਵਲੋਂ ਕਰਮਚਾਰੀਆਂ ਨੂੰ ਘੱਟ ਜਾਂ ਬਿਨਾਂ ਛੁੱਟੀ ਦੇ 18 ਘੰਟੇ ਤੱਕ ਕੰਮ ਕਰਨ ਲਈ ਮਜ਼ਬੂਰ ਕੀਤਾ ਗਿਆ ਸੀ।
ਹਿੰਦੂਜਾ ਪਰਿਵਾਰ ਦੀ ਕੁੱਲ ਜਾਇਦਾਦ ਲਗਭਗ 20 ਬਿਲੀਅਨ ਡਾਲਰ
ਹਿੰਦੂਜਾ ਪਰਿਵਾਰ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਘਰੇਲੂ ਸਹਾਇਕਾਂ ਨੂੰ 18 ਘੰਟੇ ਦੇ ਕੰਮ ਲਈ ਭਾਰਤੀ ਰੁਪਏ 'ਚ ਸਿਰਫ 6.19 ਫ੍ਰੈਂਕ ਦੇ ਬਰਾਬਰ ਭੁਗਤਾਨ ਕੀਤਾ। ਇਸ ਦੇ ਨਾਲ ਹੀ ਪਰਿਵਾਰ ਨੇ ਆਪਣੇ ਪਾਲਤੂ ਕੁੱਤੇ 'ਤੇ ਸਾਲਾਨਾ 8554 ਫਰੈਂਕ ਖਰਚ ਕੀਤੇ। ਪ੍ਰਕਾਸ਼ ਹਿੰਦੂਜਾ ਅਤੇ ਕਮਲ ਹਿੰਦੂਜਾ ਆਪਣੀ ਉਮਰ ਅਤੇ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਅਦਾਲਤ 'ਚ ਵਿਅਕਤੀਗਤ ਤੌਰ 'ਤੇ ਪੇਸ਼ ਨਹੀਂ ਹੋਏ, ਜਦਕਿ ਅਦਾਲਤ ਨੇ ਅਜੇ ਹਿੰਦੂਜਾ ਅਤੇ ਨਮਰਤਾ ਹਿੰਦੂਜਾ ਦੀ ਗ੍ਰਿਫ਼ਤਾਰੀ ਦੇ ਹੁਕਮ ਦਿੱਤੇ ਹਨ। ਹਿੰਦੂਜਾ ਪਰਿਵਾਰ, ਜਿਸ ਦੀਆਂ ਜੜ੍ਹਾਂ ਭਾਰਤ 'ਚ ਹਨ, 1980 ਦੇ ਦਹਾਕੇ ਦੇ ਅਖੀਰ ਵਿਚ ਸਵਿਟਜ਼ਰਲੈਂਡ 'ਚ ਵਸ ਗਿਆ ਸੀ। ਹਿੰਦੂਜਾ ਗਰੁੱਪ ਦਾ ਆਈਟੀ, ਮੀਡੀਆ, ਬਿਜਲੀ, ਰੀਅਲ ਅਸਟੇਟ ਅਤੇ ਹੈਲਥਕੇਅਰ ਵਰਗੇ ਖੇਤਰਾਂ 'ਚ ਕਾਰੋਬਾਰ ਹੈ। ਫੋਰਬਸ ਮੁਤਾਬਕ ਹਿੰਦੂਜਾ ਪਰਿਵਾਰ ਦੀ ਕੁੱਲ ਜਾਇਦਾਦ ਲਗਭਗ 20 ਬਿਲੀਅਨ ਡਾਲਰ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e