ਬ੍ਰਿਟੇਨ 'ਚ 4 ਦਿਨ ਕੰਮ, 3 ਦਿਨ ਆਰਾਮ ਕਰਨ ਦੀ 'ਪਾਇਲਟ ਯੋਜਨਾ' ਰਹੀ ਸਫ਼ਲ, ਲੋਕਾਂ ਨੇ ਰਾਹਤ ਕੀਤੀ ਮਹਿਸੂਸ
Wednesday, Feb 22, 2023 - 10:31 AM (IST)
ਲੰਡਨ (ਭਾਸ਼ਾ)- ਹਫ਼ਤੇ ਵਿਚ 4 ਦਿਨ ਕੰਮ ਕਰਨ ਨੂੰ ਲੈ ਕੇ ਆਯੋਜਿਤ ਦੁਨੀਆ ਦੀ ਸਭ ਤੋਂ ਵੱਡੀ 'ਪਾਇਲਟ ਯੋਜਨਾ' ਦੀ ਮੰਗਲਵਾਰ ਨੂੰ ਪ੍ਰਕਾਸ਼ਿਤ ਨਤੀਜੇ ਵਿਚ ਇਸ ਨੂੰ ਸਫ਼ਲ ਕਰਾਰ ਦਿੱਤਾ ਗਿਆ ਹੈ। ਇਸ ਪ੍ਰੀਖਣ ਵਿੱਚ ਸ਼ਾਮਲ ਜ਼ਿਆਦਾਤਰ ਕੰਪਨੀਆਂ ਨੇ ਕਿਹਾ ਕਿ ਉਹ 4 ਦਿਨਾਂ ਦੇ ਕੰਮਕਾਜੀ ਹਫ਼ਤੇ ਦੇ ਇਸ ਮਾਡਲ ਨੂੰ ਜਾਰੀ ਰੱਖਣਗੀਆਂ। ਬ੍ਰਿਟੇਨ ਵਿਚ ਪਿਛਲੇ ਸਾਲ ਜੂਨ ਤੋਂ ਦਸੰਬਰ ਦੌਰਾਨ ਕਰਵਾਏ ਗਏ ਟਰਾਇਲ ਵਿੱਚ ਬ੍ਰਿਟੇਨ ਦੇ ਵੱਖ-ਵੱਖ ਸੈਕਟਰਾਂ ਦੀਆਂ ਕੁੱਲ 61 ਕੰਪਨੀਆਂ ਨੇ ਹਿੱਸਾ ਲਿਆ ਸੀ। ਗੈਰ-ਲਾਭਕਾਰੀ ਸੰਸਥਾ 'ਫੋਰ ਡੇ ਵੀਕ ਗਲੋਬਲ' ਵੱਲੋਂ ਆਯੋਜਿਤ 'ਪਾਇਲਟ ਯੋਜਨਾ' ਤਹਿਤ ਬ੍ਰਿਟੇਨ ਦੇ ਕਰੀਬ 3,000 ਵਰਕਰਾਂ ਨੂੰ 4 ਦਿਨਾਂ ਦੇ ਕੰਮਕਾਜੀ ਹਫ਼ਤੇ ਲਈ ਉਹੀ ਤਨਖਾਹ ਦੀ ਪੇਸ਼ਕਸ਼ ਕੀਤੀ ਗਈ ਸੀ, ਜੋ ਉਨ੍ਹਾਂ ਨੂੰ ਪੰਜ ਦਿਨਾਂ ਦੇ ਕੰਮਕਾਜੀ ਹਫ਼ਤੇ ਲਈ ਮਿਲਦੀ ਹੈ। ਬੋਸਟਨ ਕਾਲਜ ਨਾਲ ਜੁੜੀ ਪ੍ਰਮੁੱਖ ਖੋਜਕਰਤਾ ਪ੍ਰੋਫ਼ੈਸਰ ਜੂਲੀਅਟ ਸਕੋਰ ਨੇ ਕਿਹਾ, 'ਨਤੀਜੇ ਵੱਖ-ਵੱਖ ਕਿਸਮਾਂ ਦੇ ਕਾਰਜ ਸਥਾਨਾਂ ਵਿੱਚ ਕਾਫ਼ੀ ਹੱਦ ਤੱਕ ਸਥਿਰ ਸਾਬਤ ਹੋਏ ਹਨ। ਇਹ ਦਰਸਾਉਂਦਾ ਹੈ ਕਿ ਇਹ ਇੱਕ ਨਵੀਨਤਾ ਹੈ ਜੋ ਕਈ ਤਰ੍ਹਾਂ ਦੇ ਕਾਰਜ ਸਥਾਨਾਂ ਲਈ ਅਨੁਕੂਲ ਹੈ।'
ਇਸ ਪ੍ਰੀਖਣ ਵਿੱਚ ਆਕਸਫੋਰਡ ਅਤੇ ਕੈਂਬਰਿਜ ਯੂਨੀਵਰਸਿਟੀਆਂ ਵੀ ਸ਼ਾਮਲ ਰਹੀਆਂ। ਸਕੋਰ ਨੇ ਕਿਹਾ, “ਕੁਝ ਦਿਲਚਸਪ ਅੰਤਰ ਵੀ ਹਨ। ਅਸੀਂ ਪਾਇਆ ਕਿ ਗੈਰ-ਲਾਭਕਾਰੀ ਅਤੇ ਪੇਸ਼ੇਵਰ ਸੇਵਾਵਾਂ ਵਿੱਚ ਲੱਗੇ ਕਰਮਚਾਰੀਆਂ ਦੇ ਕਸਰਤ ਕਰਨ ਦੇ ਔਸਤ ਸਮੇਂ ਵਿੱਚ ਵਾਧਾ ਹੋਇਆ, ਜਦੋਂ ਕਿ ਉਸਾਰੀ/ਨਿਰਮਾਣ ਖੇਤਰ ਵਿੱਚ ਕੰਮ ਕਰਨ ਵਾਲਿਆਂ ਨੇ ਥਕਾਵਟ ਭਰੇ ਕੰਮ ਅਤੇ ਨੀਂਦ ਦੀਆਂ ਸਮੱਸਿਆਵਾਂ ਤੋਂ ਰਾਹਤ ਮਹਿਸੂਸ ਕੀਤੀ।' ਉਨ੍ਹਾਂ ਕਿਹਾ ਕਿ ਪਾਇਲਟ ਯੋਜਨਾ ਦੇ ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਲਗਭਗ ਸਾਰੀਆਂ ਕੰਪਨੀਆਂ 4 ਦਿਨਾਂ ਦੇ ਕੰਮ ਦੇ ਹਫ਼ਤੇ ਨੂੰ ਜਾਰੀ ਰੱਖਣਾ ਚਾਹੁੰਦੀਆਂ ਹਨ। ਸਕੋਰ ਨੇ ਕਿਹਾ ਕਿ ਪ੍ਰੀਖਣ ਵਿਚ ਸ਼ਾਮਲ 91 ਫ਼ੀਸਦੀ ਕੰਪਨੀਆਂ ਇਸ ਨੂੰ ਜਾਰੀ ਰੱਖਣ ਦੀ ਯੋਜਨਾ ਬਣਾ ਰਹੀਆਂ ਹਨ ਅਤੇ 4 ਫ਼ੀਸਦੀ ਇਸ ਨੂੰ ਜਾਰੀ ਰੱਖਣ 'ਤੇ ਵਿਚਾਰ ਕਰ ਰਹੀਆਂ ਹਨ, ਜਦੋਂਕਿ 4 ਫ਼ੀਸਦੀ ਨੇ 4 ਦਿਨਾਂ ਦੇ ਕੰਮਕਾਜੀ ਹਫ਼ਤੇ ਨੂੰ ਜਾਰੀ ਨਾ ਰੱਖਣ ਦਾ ਫ਼ੈਸਲਾ ਕੀਤਾ ਹੈ। 'ਫੋਰ ਡੇ ਵੀਕ ਗਲੋਬਲ' ਦੇ ਸੀਈਓ ਡਾ. ਡੇਲ ਵੇਲੇਹੀਨ ਨੇ ਕਿਹਾ ਕਿ ਮਰਦ ਅਤੇ ਔਰਤਾਂ ਦੋਵਾਂ ਨੂੰ ਚਾਰ ਦਿਨਾਂ ਦੇ ਕੰਮਕਾਜੀ ਹਫ਼ਤੇ ਤੋਂ ਲਾਭ ਹੁੰਦਾ ਹੈ, ਪਰ ਔਰਤਾਂ ਦਾ ਤਜ਼ਰਬਾ ਆਮ ਤੌਰ 'ਤੇ ਬਿਹਤਰ ਹੈ। ਇਸ ਕੰਮਕਾਜੀ ਹਫ਼ਤੇ ਨਾਲ ਜੀਵਨ ਅਤੇ ਨੌਕਰੀ ਤੋਂ ਸੰਤੁਸ਼ਟੀ, ਮਾਨਸਿਕ ਸਿਹਤ ਅਤੇ ਆਉਣ-ਜਾਣ ਦੇ ਸਮੇਂ ਵਿੱਚ ਕਮੀ ਦਾ ਖ਼ਾਸ ਮਹੱਤਵ ਹੈ।'
ਇਹ ਵੀ ਪੜ੍ਹੋ: OMG ! ਰਾਤੋ-ਰਾਤ ਸੁੱਤੇ ਹੋਏ ਗਾਇਬ ਹੋ ਗਈ ਮੁੰਡੇ ਦੀ ਅੱਖ, ਵਜ੍ਹਾ ਜਾਣ ਹੋ ਜਾਓਗੇ ਹੈਰਾਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।