ਅਨੇਕਾਂ ਟਾਈਗਰਾਂ ਨੂੰ ਮਾਰਨ ਵਾਲਾ 'ਜਿਮ ਕੌਰਬੇਟ' ਕਿਉਂ ਬਣਿਆ ਉਨ੍ਹਾਂ ਦਾ ਮਸੀਹਾ (ਵੀਡੀਓ)

07/29/2019 1:15:49 PM

ਬ੍ਰਿਟੇਨ (ਏਜੰਸੀ)— ਅੱਜ ਵਰਲਡ ਟਾਈਗਰ ਡੇਅ ਹੈ। ਤੁਸੀਂ ਬੇਟੀ ਬਚਾਓ, ਪਾਣੀ ਬਚਾਓ ਅਤੇ ਵਾਤਾਵਰਣ ਬਚਾਓ ਤਾਂ ਸੁਣਿਆ ਹੀ ਹੋਵੇਗਾ ਪਰ ਕੀ ਤੁਸੀਂ ਸੁਣਿਆ ਹੈ ਟਾਈਗਰ ਬਚਾਓ। ਵਰਲਡ ਟਾਈਗਰ ਡੇਅ ਅਲੋਪ ਹੁੰਦੇ ਟਾਈਗਰਜ਼ ਨੂੰ ਬਚਾਉਣ ਲਈ ਜਾਗਰੂਕਤਾ ਫੈਲਾਉਣ ਦਾ ਹੀ ਦਿਨ ਹੈ। ਇਸ ਲਈ ਟਾਇਗਰ ਡੇਅ 'ਤੇ ਅੱਜ ਗੱਲ ਕਰਾਂਗੇ ਇਕ ਅਜਿਹੇ ਸ਼ਖਸ ਦੀ ਜਿਸ ਨੇ 1200 ਲੋਕਾਂ ਨੂੰ ਮਾਰਨ ਵਾਲੇ ਖੁੰਖਾਰ ਆਦਮਖੋਰ ਜਾਨਵਰਾਂ ਦਾ ਸ਼ਿਕਾਰ ਕੀਤਾ। ਇਨ੍ਹਾਂ ਵਿਚ ਜ਼ਿਆਦਾਤਰ ਟਾਈਗਰ ਸ਼ਾਮਲ ਸਨ ਪਰ ਫਿਰ ਕੁਝ ਅਜਿਹਾ ਹੋਇਆ ਕਿ ਉਸ ਸਿਰੇ ਦਾ ਸ਼ਿਕਾਰੀ ਜਿਮ ਕੌਰਬੇਟ ਜੋ ਇਨਸਾਨਾਂ ਨੂੰ ਟਾਈਗਰ ਤੋਂ ਬਚਾਉਂਦਾ ਸੀ, ਉਹ ਟਾਈਗਰ ਨੂੰ ਇਨਸਾਨਾਂ ਤੋਂ ਬਚਾਉਣ ਲੱਗ ਪਿਆ। ਜਿਮ ਕੌਰਬੇਟ ਕੌਣ ਸੀ ਤੇ ਉਸ ਨੇ ਅਜਿਹਾ ਕਿਉਂ ਕੀਤਾ, ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਾਂਗੇ।

ਉਹ 1907 ਦਾ ਦੌਰ ਸੀ। ਉੱਤਰਾਖੰਡ ਦੇ ਚੰਪਾਵਤ ਵਿਚ ਇਕ ਟਾਈਗਰੈਸ ਨੇ ਆਤੰਕ ਮਚਾਇਆ ਹੋਇਆ ਸੀ। ਇਹ ਟਾਈਗੈਰਸ ਹੁਣ ਤੱਕ 436 ਲੋਕਾਂ ਨੂੰ ਮਾਰ ਚੁੱਕੀ ਸੀ। ਇਸ ਦੀ ਹਿੰਮਤ ਇੰਨੀ ਵਧ ਗਈ ਸੀ ਕਿ ਦਿਨ-ਦਿਹਾੜੇ ਪਿੰਡ ਵਿਚ ਦਾਖਲ ਹੋ ਕੇ ਹੀ ਆਪਣਾ ਸ਼ਿਕਾਰ ਧੂਹ ਕੇ ਲੈ ਜਾਂਦੀ ਸੀ। ਇਸੇ ਟਾਈਗਰੈਸ ਦੀ ਦਹਿਸ਼ਤ ਨੂੰ ਖਤਮ ਕਰਨ ਲਈ ਜਿਮ ਕੌਰਬੇਟ ਨੂੰ ਬੁਲਾਇਆ ਗਿਆ ਸੀ।

ਜਿਮ ਕੌਰਬੇਟ ਭਾਰਤੀ ਰੇਲਵੇ ਵਿਚ ਨੌਕਰੀ ਕਰਨ ਵਾਲਾ ਬ੍ਰਿਟਿਸ਼ ਮੂਲ ਦਾ ਵਿਅਕਤੀ ਸੀ। ਜਿਮ ਕੌਰਬੇਟ ਦਾ ਨਾਂ ਉਸ ਸਮੇਂ ਚੋਟੀ ਦੇ ਸ਼ਿਕਾਰੀਆਂ ਵਿਚ ਸ਼ਾਮਲ ਸੀ। ਜਿਮ ਕੌਰਬੇਟ ਜਿਸ ਦਿਨ ਉੱਤਰਾਖੰਡ ਪਹੁੰਚੇ, ਉਸੇ ਦਿਨ ਇਸ ਟਾਈਗਰੈਸ ਨੇ ਇਕ 16 ਸਾਲਾ ਬੱਚੀ ਨੂੰ ਆਪਣਾ ਸ਼ਿਕਾਰ ਬਣਾਇਆ ਸੀ। ਟਾਈਗਰੈਸ ਦੀਆਂ ਪੈੜਾਂ 'ਤੇ ਚੱਲਦਾ-ਚੱਲਦਾ ਜਿਮ ਉਸ ਤੱਕ ਪਹੁੰਚ ਗਿਆ। ਉਦੋਂ ਤੱਕ ਬੱਚੀ ਮਰ ਚੁੱਕੀ ਸੀ। ਜਿਮ ਦੀ ਬੰਦੂਕ ਵਿਚ ਸਿਰਫ ਇਕ ਗੋਲੀ ਸੀ ਅਤੇ ਚੰਪਾਵਤ ਦੀ ਉਸ ਦਹਿਸ਼ਤ ਨੂੰ ਖਤਮ ਕਰਨ ਦਾ ਸਿਰਫ ਇਕ ਮੌਕਾ। ਜਿਮ ਨੇ ਗੋਲੀ ਮਾਰੀ ਜੋ ਟਾਈਗਰੈਸ ਦੇ ਲੱਗੀ ਤੇ ਉਹ ਢੇਰ ਹੋ ਗਈ। ਚੰਪਾਵਤ ਦੇ ਲੋਕਾਂ ਦੇ ਸਾਹ ਵਿਚ ਸਾਹ ਆਇਆ। ਉਸੇ ਦਿਨ ਤੋਂ ਜਿਮ ਉਨ੍ਹਾਂ ਲਈ 'ਗੋਰਾ ਬਾਬਾ' ਬਣ ਗਿਆ।

PunjabKesari

ਜਿਮ ਲਈ ਇਕ ਗੱਲ ਮਸ਼ਹੂਰ ਸੀ ਕਿ ਉਹ ਸਿਰਫ ਉਨ੍ਹਾਂ ਜਾਨਵਰਾਂ ਦਾ ਸ਼ਿਕਾਰ ਕਰਦਾ ਸੀ ਜੋ ਆਦਮਖੋਰ ਸਨ। 1907 ਤੋਂ 1938 ਤੱਕ ਉਹ 19 ਟਾਈਗਰ ਅਤੇ 14 ਚੀਤਿਆਂ ਦਾ ਸ਼ਿਕਾਰ ਕਰ ਚੁੱਕਾ ਸੀ। ਜਿਮ ਕੌਰਬੇਟ ਸਿਰਫ ਜਾਨਵਰਾਂ ਦਾ ਸ਼ਿਕਾਰ ਨਹੀਂ ਕਰਦਾ ਸੀ ਸਗੋਂ ਉਨ੍ਹਾਂ ਦੀਆਂ ਡੈੱਡ ਬਾਡੀਜ਼ ਘਰ ਲਿਆਉਂਦਾ ਸੀ ਤੇ ਫਿਰ ਉਨ੍ਹਾਂ ਦੀ ਜਾਂਚ ਕਰਦਾ ਸੀ। ਇੱਦਾਂ ਕਰਦੇ ਹੋਏ ਇਕ ਜਾਂਚ ਦੌਰਾਨ ਉਨ੍ਹਾਂ ਨੂੰ ਬੜੀ ਅਜੀਬ ਜਾਣਕਾਰੀ ਮਿਲੀ, ਜਿਸ ਨੇ ਉਸ ਦੀ ਸੋਚ ਅਤੇ ਆਦਤਾਂ ਦੋਹਾਂ ਨੂੰ ਬਦਲ ਦਿੱਤਾ।

ਜਿਮ ਸ਼ਿਕਾਰ ਕਰਕੇ ਟਾਈਗਰਾਂ ਦੀ ਜਾਂਚ ਪੜਤਾਲ ਕਰ ਰਹੇ ਸੀ ਤਾਂ ਕਈਆਂ ਦੇ ਸਰੀਰ ਵਿਚ ਪਹਿਲਾਂ ਹੀ ਕਈ ਜ਼ਖਮ ਮੌਜੂਦ ਸਨ, ਜਿਨ੍ਹਾਂ 'ਚੋਂ ਕੁਝ ਗੋਲੀਆਂ ਦੇ, ਕੁਝ ਤੀਰਾਂ ਦੇ ਨਿਸ਼ਾਨ ਸਨ। ਜਿਮ ਨੂੰ ਪਤਾ ਲੱਗਾ ਕਿ ਇਨ੍ਹਾਂ ਜ਼ਖਮਾਂ ਦੇ ਕਾਰਨ ਹੀ ਉਹ ਆਦਮਖੋਰ ਬਣ ਜਾਂਦੇ ਹਨ। ਉਹ ਇਨਸਾਨਾਂ ਨੂੰ ਦੇਖ ਕੇ ਚਿੜ ਜਾਂਦੇ ਨੇ ਤੇ ਭੜਕ ਜਾਂਦੇ ਹਨ ਅਤੇ ਉਨ੍ਹਾਂ 'ਤੇ ਹਮਲਾ ਕਰ ਦਿੰਦੇ ਹਨ। ਇਹ ਸਭ ਦੇਖ ਕੇ ਜਿਮ ਨੂੰ ਅਹਿਸਾਸ ਹੋਇਆ ਕਿ ਸੁਰੱਖਿਆ ਦੀ ਲੋੜ ਇਨਸਾਨਾਂ ਨੂੰ ਨਹੀਂ ਸਗੋਂ ਟਾਇਗਰ ਨੂੰ ਹੈ। ਇਸੇ ਦੇ ਚੱਲਦੇ ਉਨ੍ਹਾਂ ਆਪਣੀ ਪਛਾਣ ਅਤੇ ਸਿਫਾਰਿਸ਼ ਲਗਾ ਕੇ ਇਕ ਅਜਿਹੀ ਇਕ ਨੈਸ਼ਨਲ ਪਾਰਕ ਬਣਾਈ ਜਿੱਥੇ ਇਹ ਜਾਨਵਰ ਸੁਰੱਖਿਅਤ ਰਹਿ ਸਕਣ। ਇਸ ਦਾ ਨਾਂ ਸੀ 'ਹੇਲੀ ਨੈਸ਼ਨਲ ਪਾਰਕ'।

ਬਾਅਦ ਵਿਚ ਇਸ ਦਾ ਨਾਂ 'ਜਿਮ ਕੌਰਬੇਟ ਪਾਰਕ' ਰੱਖ ਦਿੱਤਾ ਗਿਆ। ਜਿਮ ਕੌਰਬੇਟ ਨੈਸ਼ਨਲ ਪਾਰਕ ਉੱਤਰਾਖੰਡ ਦੇ ਨੈਨੀਤਾਲ ਵਿਚ ਬਣਿਆ ਹੈ। ਪ੍ਰਾਜੈਕਟ ਟਾਇਗਰ ਇਨੀਸ਼ੀਏਟਿਵ ਵਿਚ ਇਹ ਪਹਿਲਾ ਨੈਸ਼ਨਲ ਪਾਰਕ ਸੀ। ਜਿਮ ਨੇ ਬਾਅਦ ਵਿਚ ਕਿਤਾਬਾਂ ਰਾਹੀਂ ਆਪਣੇ ਸ਼ਿਕਾਰ ਦੇ ਅਨੁਭਵ ਲੋਕਾਂ ਨਾਲ ਸਾਂਝੇ ਕੀਤੇ। ਉਨ੍ਹਾਂ 'ਤੇ ਕਈ ਫਿਲਮਾਂ ਵੀ ਬਣ ਚੁੱਕੀਆਂ ਹਨ। ਆਪਣੇ ਆਖਰੀ ਸਮੇਂ ਵਿਚ ਜਿਮ ਕੀਨੀਆ ਚਲੇ ਗਏ ਅਤੇ ਉੱਥੇ ਜੰਗਲ ਵਿਚ ਦਰੱਖਤ 'ਤੇ ਝੌਂਪੜੀ ਬਣਾ ਕੇ ਰਹਿੰਦੇ ਸੀ ਕਿਉਂਕਿ ਉਨ੍ਹਾਂ ਨੂੰ ਕੁਦਰਤ ਨਾਲ ਪਿਆਰ ਸੀ।


Vandana

Content Editor

Related News