ਬ੍ਰਿਟੇਨ ’ਚ ਮਹਾਰਾਣੀ ਦੇ ਸ਼ਾਸਨਕਾਲ ਦੇ 70 ਸਾਲ ਪੂਰੇ ਹੋਣ ਦੇ ਸਮਾਗਮ ਸ਼ੁਰੂ
Wednesday, Apr 21, 2021 - 12:16 PM (IST)
ਲੰਡਨ (ਏ.ਪੀ.) ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਦੂਜੀ ਦੇ ਪਤੀ ਪ੍ਰਿੰਸ ਫਿਲਿਪ ਦੇ ਦੇਹਾਂਤ ’ਤੇ ਦੇਸ਼ ’ਚ ਐਲਾਨੇ ਸ਼ੋਕ ਦੀ ਮਿਆਦ ਖਤਮ ਹੋਣ ਤੋਂ ਬਾਅਦ ਹੁਣ ਬੁੱਧਵਾਰ ਨੂੰ ਮਹਾਰਾਣੀ ਦੇ 95ਵੇਂ ਜਨਮ ਦਿਨ ਅਤੇ ਆਉਣ ਵਾਲੇ ਮਹੀਨਿਆਂ ’ਚ ਉਨ੍ਹਾਂ ਦੇ ਸ਼ਾਸਨ ਦੇ 70 ਸਾਲ ਪੂਰੇ ਹੋਣ ਮੌਕੇ ਆਯੋਜਨਾਂ ਦੀ ਤਿਆਰੀ ਸ਼ੁਰੂ ਹੋ ਗਈ ਹੈ। ਇਹ ਆਯੋਜਨ ਇੰਗਲੈਂਡ ਨੂੰ ਇਹ ਯਾਦ ਦਿਵਾ ਰਹੇ ਹਨ ਕਿ ਉਨ੍ਹਾਂ ਦੀ ਮਹਾਰਾਣੀ ਦਾ ਸ਼ਾਸਨਕਾਲ ਵੀ ਸੀਮਤ ਹੈ।
ਜ਼ਿਕਰਯੋਗ ਹੈ ਕਿ ਇੰਗਲੈਂਡ ਦੀ ਮੌਜੂਦਾ ਜਨਤਾ ’ਚ ਜ਼ਿਆਦਾਤਰ ਲੋਕ ਅਜਿਹੇ ਹਨ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ’ਚ ਸਿਰਫ ਇਕ ਮਹਾਰਾਣੀ/ਮਹਾਰਾਜ (ਐਲੀਜ਼ਾਬੇਥ) ਦਾ ਸ਼ਾਸਨ ਦੇਖਿਆ ਹੈ। ਇਸ ਦੇ ਨਾਲ ਹੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਅਤੇ ਚਰਚਾ ਚੱਲ ਰਹੀ ਹੈ ਕਿ ਮਹਾਰਾਣੀ ਕਿੰਨੇ ਦਿਨਾਂ ਤੱਕ ਰਾਜਗੱਦੀ ’ਤੇ ਬਣੀ ਰਹੇਗੀ, ਭਵਿੱਖ ’ਚ ਰਾਜਸ਼ਾਹੀ ਕਿਹੋ ਜਿਹੀ ਹੋਵੇਗੀ ਅਤੇ ਇਥੋਂ ਤੱਕ ਕੀ ਰਾਜਸ਼ਾਹੀ ਬਣੀ ਰਹਿਣੀ ਚਾਹੀਦੀ ਹੈ ਜਾਂ ਨਹੀਂ।
ਪੜ੍ਹੋ ਇਹ ਅਹਿਮ ਖਬਰ- ਕਵੀਨ ਐਲੀਜ਼ਾਬੇਥ ਦਾ ਅੱਜ 95ਵਾਂ ਜਨਮਦਿਨ, 7 ਦਹਾਕਿਆਂ ਤੋਂ ਕਰ ਰਹੀ ਹੈ ਬ੍ਰਿਟੇਨ 'ਤੇ ਰਾਜ
ਲੰਡਨ ਯੂਨੀਵਰਸਿਟੀ ’ਚ ਰਾਇਲ ਹੌਲੋਵੇ ’ਚ ਸੈਂਟਰ ਫਾਰ ਦਿ ਸਟੱਡੀ ਆਫ ਮਾਰਡਰਨ ਮੋਨਾਰਕੀ ਦੀ ਡਾਇਰੈਕਟਰ ਅੰਨਾ ਵ੍ਹਿਟਲਾਕ ਨੇ ਕਿਹਾ ਕਿ ਮਹਾਰਾਣੀ ਹੁਣ ਆਪਣੇ ਸ਼ਾਸਨਕਾਲ ਦੇ ਅਖੀਰ ਅਤੇ ਸ਼ਾਸਨ ਦੇ ਨਵੇਂ ਸਮੇਂ ’ਚ ਐਂਟਰੀ ਕਰ ਰਹੀ ਹੈ। ਜ਼ਿਆਦਾਤਰ ਨਿਰੀਖਕਾਂ ਦਾ ਕਹਿਣਾ ਹੈ ਕਿ ਮਹਾਰਾਣੀ ਜੀਵਨ ਕਾਲ ’ਚ ਲੋਕ ਸੇਵਾ ਦਾ ਆਪਣਾ ਵਾਅਦਾ ਨਹੀਂ ਛੱਡੇਗੀ ਪਰ ਉਨ੍ਹਾਂ ਨੇ ਆਪਣੇ ਵੱਡੇ ਬੇਟੇ ਪ੍ਰਿੰਸ ਚਾਰਲਸ (72) ਨੂੰ ਜ਼ਿਆਦਾ ਤੋਂ ਜ਼ਿਆਦਾ ਜ਼ਿੰਮੇਵਾਰੀਆਂ ਸੌਂਪਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪ੍ਰਿੰਸ ਫਿਲਿਪ ਦੇ ਦੇਹਾਂਤ ਤੋਂ ਬਾਅਦ ਇਸ ਪ੍ਰਕਿਰਿਆ ’ਚ ਹੋਰ ਤੇਜ਼ੀ ਆਉਣ ਦੀ ਸੰਭਾਵਨਾ ਹੈ। ਮਹਾਰਾਣੀ ਨੇ ਲੰਮੀ ਦੂਰੀ ਦਾ ਹਵਾਈ ਸਫਰ ਬੰਦ ਕੀਤਾ ਹੈ, ਉਸੇ ਦੌਰਾਨ ਪ੍ਰਿੰਸ ਚਾਰਲਸ ਦੀਆਂ ਜ਼ਿੰਮੇਵਾਰੀਆਂ ਵਧੀਆਂ ਹਨ। ਪ੍ਰਿੰਸ ਚਾਰਲਸ ਨੇ 2013 ’ਚ ਸ਼੍ਰੀਲੰਕਾ ’ਚ ਆਯੋਜਿਤ ਰਾਸ਼ਟਰ ਮੰਡਲ ਦੇਸ਼ਾਂ ਦੀ ਸਰਕਾਰ ਦੀ ਬੈਠਕ ’ਚ ਮਹਾਰਾਣੀ ਦੇ ਸਥਾਨ ’ਤੇ ਹਿੱਸਾ ਲਿਆ ਸੀ।