ਚਮਤਕਾਰ! 30 ਦਿਨ ਤੱਕ ਵੈਂਟੀਲੇਟਰ ''ਤੇ, ਹਾਰਟ ਫੇਲ ਕੋਰੋਨਾ ਪੀੜਤ ਸ਼ਖਸ ਦੀ ਬਚੀ ਜਾਨ
Thursday, May 07, 2020 - 06:12 PM (IST)
ਲੰਡਨ (ਬਿਊਰੋ): ਯੂਰਪ ਵਿਚ ਬ੍ਰਿਟੇਨ ਕੋਵਿਡ-19 ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ।ਇੱਥੇ ਹੁਣ ਤੱਕ 30,076 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 201,457 ਲੋਕ ਇਨਫੈਕਟਿਡ ਹਨ। ਇਸ ਦੌਰਾਨ ਬ੍ਰਿਟੇਨ ਦੇ ਅਸੈਕਸ ਦਾ ਰਹਿਣ ਵਾਲਾ ਕੋਰੋਨਾਵਾਇਰਸ ਪੀੜਤ 31 ਸਾਲਾ ਨੌਜਵਾਨ 30 ਦਿਨਾਂ ਤੱਕ ਵੈਂਟੀਲੇਟਰ 'ਤੇ ਰਹਿਣ ਦੇ ਬਾਅਦ ਚਮਤਕਾਰੀ ਢੰਗ ਨਾਲ ਠੀਕ ਹੋ ਗਿਆ। ਇਸ ਦੌਰਾਨ ਨੌਜਵਾਨ ਡਬਲ ਨਿਮੋਨੀਆ, ਸੇਪਸਿਸ, ਹਾਰਟ ਫੇਲ ਅਤੇ ਦੋ ਵਾਰੀ ਸਟ੍ਰੋਕ ਨਾਲ ਵੀ ਜੂਝਿਆ। ਡਾਕਟਰਾਂ ਨੇ ਨੌਜਵਾਨ ਦੀ ਪਤਨੀ ਨੂੰ ਕਹਿ ਦਿੱਤਾ ਸੀ ਕਿ ਹੁਣ ਉਹ ਨਹੀਂ ਬਚਣਗੇ।
2 ਬੱਚਿਆਂ ਦੇ ਪਿਤਾ ਉਮਰ ਟੇਲਰ ਅਤੇ ਇਕ ਹੈਲਥਕੇਅਰ ਕੰਪਨੀ ਵਿਚ ਰੀਜ਼ਨਲ ਡਾਇਰੈਕਟਰ ਹਨ। ਕੋਰੋਨਾ ਨਾਲ ਪੀੜਤ ਹੋਣ ਦੇ ਬਾਅਦ ਉਹਨਾਂ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਹੋ ਗਈ ਕਿ ਹਸਪਤਾਲ ਨੇ ਉਹਨਾਂ ਦੇ ਪਰਿਵਾਰ ਨੂੰ ਸਭ ਤੋਂ ਖਰਾਬ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕਹਿ ਦਿੱਤਾ। ਡਾਕਟਰ ਨੇ ਉਮਰ ਨੂੰ ਇਹ ਵੀ ਕਿਹਾ ਕਿ ਉਹ ਹੁਣ ਕਦੇ ਆਪਣੇ ਪੈਰਾਂ 'ਤੇ ਤੁਰ ਨਹੀਂ ਪਾਉਣਗੇ ਪਰ ਉਹ ਆਪਣੇ ਪੈਰਾਂ 'ਤੇ ਤੁਰਦੇ ਹੋਏ ਹੀ ਹਸਪਤਾਲ ਤੋਂ ਬਾਹਰ ਨਿਕਲੇ।
ਠੀਕ ਹੋਣ ਦੇ ਬਾਅਦ ਉਮਰ ਜਦੋਂ ਘਰ ਪਹੁੰਚੇ ਤਾਂ ਗੁਆਂਢੀਆਂ ਨੇ ਤਾੜੀ ਵਜਾ ਕੇ ਉਹਨਾਂ ਦਾ ਸਵਾਗਤ ਕੀਤਾ। ਉਹਨਾਂ ਦੀ 30 ਸਾਲਾ ਪਤਨੀ ਕੇਟਲਿਨ ਨੇ ਮੇਲ ਆਨਲਾਈਨ ਨਾਲ ਕਿਹਾ,''ਪਹਿਲਾਂ ਸਾਨੂੰ ਦੱਸਿਆ ਗਿਆ ਸੀ ਕਿ ਉਸ ਦੀ ਮੌਤ ਹੋਣ ਵਾਲੀ ਹੈ। ਫਿਰ ਕਿਹਾ ਗਿਆ ਕਿ ਉਹ ਕਦੇ ਤੁਰ ਨਹੀਂ ਪਾਉਣਗੇ। ਉਹਨਾਂ ਦਾ ਠੀਕ ਹੋਣਾ ਇਕ ਤਰ੍ਹਾਂ ਨਾਲ ਚਮਤਕਾਰ ਹੈ।''
ਕੇਟਲਿਨ ਨੇ ਕਿਹਾ ਕਿ ਉਮਰ ਨੇ ਬੇਟੇ ਦੇ ਦੂਜੇ ਜਨਮਦਿਨ ਮੌਕੇ 'ਤੇ ਘਰ ਆਉਣਾ ਤੈਅ ਕਰ ਲਿਆ ਸੀ ਅਤੇ ਉਸ ਨੇ ਅਜਿਹਾ ਕਰ ਕੇ ਦਿਖਾ ਦਿੱਤਾ। ਉਮਰ ਦਾ ਇਲਾਜ ਕਰੀਬ 8 ਹਫਤੇ ਤੱਕ ਚੱਲਿਆ, ਜਿਸ ਦੌਰਾਨ ਉਹ 30 ਦਿਨ ਤੱਕ ਵੈਂਟੀਲੇਟਰ 'ਤੇ ਰਹੇ। ਉਮਰ ਨੂੰ ਡਾਕਟਰਾਂ ਨੇ ਇਨਡਿਊਸਡ ਕੋਮਾ ਵਿਚ ਰੱਖਿਆ ਸੀ।
ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਫਸੇ ਭਾਰਤੀਆਂ ਨੂੰ ਦੇਸ਼ ਪਰਤਣ ਦਾ ਮੌਕਾ, ਇਹਨਾਂ ਲੋਕਾਂ ਨੂੰ ਮਿਲੇਗੀ ਤਰਜੀਹ
ਕੋਮਾ ਤੋਂ ਬਾਹਰ ਆਉਣ ਦੇ ਬਾਅਦ ਉਹਨਾਂ ਦੀ ਬੋਲਣ ਦੀ ਸਮਰੱਥਾ ਚਲੀ ਗਈ ਪਰ ਹੌਲੀ-ਹੌਲੀ ਹੁਣ ਉਹਨਾਂ ਵਿਚ ਸੁਧਾਰ ਹੋ ਰਿਹਾ ਹੈ ਅਤੇ ਉਹ ਕੁਝ ਸ਼ਬਦ ਬੋਲ ਪਾ ਰਹੇ ਹਨ। ਉਹਨਾਂ ਦਾ ਇਕ ਹੱਥ ਵੀ ਪੈਰਾਲਾਈਜ਼ ਹੋ ਚੁੱਕਾ ਹੈ। ਡਾਕਟਰਾਂ ਨੂੰ ਆਸ ਹੈ ਕਿ ਲਗਾਤਾਰ ਇਲਾਜ ਨਾਲ ਉਹ ਸਾਲ ਦੇ ਅਖੀਰ ਤੱਕ 90 ਫੀਸਦੀ ਤੱਕ ਠੀਕ ਹੋ ਜਾਣਗੇ।