ਬ੍ਰਿਟੇਨ ''ਚ ਸਿੱਖ ਭਾਈਚਾਰੇ ਨੇ ਅਦਾਲਤ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ
Thursday, Nov 14, 2019 - 12:21 PM (IST)
 
            
            ਲੰਡਨ (ਬਿਊਰੋ): ਬ੍ਰਿਟੇਨ ਵਿਚ ਸਿੱਖ ਭਾਈਚਾਰੇ ਨੇ ਜਨਗਣਨਾ ਵਿਚ ਵੱਖਰੀ ਗਿਣਤੀ ਦੀ ਮੰਗ ਦੁਹਰਾਉਂਦੇ ਹੋਏ ਰੋਸ ਪ੍ਰਦਰਸ਼ਨ ਕੀਤਾ। ਇਸ ਮੰਗ ਨੂੰ ਲੈ ਕੇ ਸਿੱਖ ਭਾਈਚਾਰਾ ਅਤੇ ਬ੍ਰਿਟਿਸ਼ ਸਰਕਾਰ ਆਹਮੋ-ਸਾਹਮਣੇ ਹੋ ਗਏ ਹਨ। ਰੋਇਲ ਕੋਰਟ ਲੰਡਨ ਵਿਚ ਚੱਲ ਰਹੇ ਕੇਸ ਦੀ ਸੁਣਵਾਈ ਦੌਰਾਨ ਸਿੱਖ ਭਾਈਚਾਰੇ ਵੱਲੋਂ ਅਦਾਲਤ ਦੇ ਬਾਹਰ ਸਿੱਖਾਂ ਨਾਲ ਪੱਖਪਾਤ ਕਰਨ ਦਾ ਦੋਸ਼ ਲਗਾਉਂਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਸਿੱਖ ਫੈਡਰੇਸ਼ਨ ਯੂ.ਕੇ. ਨੇ ਬ੍ਰਿਟਿਸ਼ ਸਰਕਾਰ ਵੱਲੋਂ 2021 ਵਿਚ ਹੋਣ ਵਾਲੀ ਮਰਦਮਸ਼ੁਮਾਰੀ ਵਿਚ ਸਿੱਖਾਂ ਦੀ ਵੱਖਰੀ ਗਿਣਤੀ ਲਈ ਵੱਖਰਾ ਕਾਲਮ ਨਾ ਹੋਣ ਦਾ ਰੋਸ ਪ੍ਰਗਟਾਉਂਦਿਆਂ ਜੁਡੀਸ਼ੀਅਲ ਰਵਿਊ ਲਈ ਕੇਸ ਦਾਇਰ ਕੀਤਾ ਸੀ, ਜਿਸ ਦੀ 2 ਦਿਨਾਂ ਦੀ ਸੁਣਵਾਈ ਚੱਲ ਰਹੀ ਹੈ।
ਸਿੱਖ ਫੈਡਰੇਸ਼ਨ ਯੂ.ਕੇ. ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਜਨਗਣਨਾ ਦੀ ਚੱਲ ਰਹੀ ਪ੍ਰਕਿਰਿਆ ਦੌਰਾਨ ਪਹਿਲਾਂ ਮੰਨ ਚੁੱਕੀ ਹੈ ਕਿ ਸਿੱਖਾਂ ਨੂੰ ਵੱਖਰੀ ਗਿਣਤੀ ਨਾ ਹੋਣ ਕਾਰਨ ਲੋੜੀਂਦੇ ਲਾਭ ਨਹੀਂ ਮਿਲ ਰਹੇ, ਕਿਉਂਕਿ ਸਰਕਾਰਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਜਨਗਣਨਾ ਦੇ ਅੰਕੜਿਆਂ ਮੁਤਾਬਕ ਆਪਣੀਆਂ ਨੀਤੀਆਂ ਤੈਅ ਕੀਤੀਆਂ ਜਾਂਦੀਆਂ ਹਨ। ਗਿੱਲ ਨੇ ਕਿਹਾ ਕਿ ਸਿੱਖਾਂ ਨੂੰ ਆਸ ਸੀ ਕਿ ਇਸ ਵਾਰ ਸਰਕਾਰ ਸਿੱਖਾਂ ਦੀ ਇਸ ਮੰਗ ਨੂੰ ਗੰਭੀਰਤਾ ਨਾਲ ਲਵੇਗੀ ਅਤੇ ਵੱਖਰੀ ਗਿਣਤੀ ਲਾਜ਼ਮੀ ਕਰੇਗੀ। ਹੁਣ ਜਦੋਂ ਦਸਤਾਵੇਜ਼ ਬਾਹਰ ਆਏ ਹਨ ਤਾਂ ਸਿੱਖਾਂ ਨੂੰ ਬਣਦੀ ਥਾਂ ਨਹੀਂ ਦਿੱਤੀ ਗਈ, ਜਿਸ ਕਰ ਕੇ ਮਜਬੂਰ ਹੋ ਕੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            