ਬਿ੍ਰਟੇਨ : ਫਲੈਟ ''ਚ ਅਰੁਣਾਚਲ ਦੇ ਸਾਬਕਾ CM ਦੇ ਪੁੱਤਰ ਦੀ ਮਿਲੀ ਲਾਸ਼
Wednesday, Feb 12, 2020 - 12:31 AM (IST)

ਲੰਡਨ - ਬਿ੍ਰਟੇਨ ਦੇ ਬ੍ਰਾਇਟਨ ਸ਼ਹਿਰ ਸ਼ਹਿਰ ਵਿਚ ਇਕ ਫਲੈਟ ਦੇ ਬੈੱਡਰੂਮ ਤੋਂ 20 ਸਾਲਾ ਇਕ ਵਿਅਕਤੀ ਦੀ ਲਾਸ਼ ਮਿਲੀ ਹੈ। ਜ਼ਿਕਰਯੋਗ ਹੈ ਕਿ ਇਹ ਲਾਸ਼ ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਖੋ ਪੁਲ ਦੇ ਪੁੱਤਰ ਸ਼ੁਭਾਂਸ਼ੋ ਪੁਲ ਦੀ ਹੈ। ਸਥਾਨਕ ਪੁਲਸ ਅਧਿਕਾਰੀਆਂ ਨੂੰ ਐਤਵਾਰ ਨੂੰ ਇਹ ਲਾਸ਼ ਮਿਲੀ ਸੀ। ਪੁਲਸ ਦਾ ਆਖਣਾ ਹੈ ਕਿ ਮੌਤ ਨੂੰ ਲੈ ਕੇ ਸ਼ੱਕੀ ਹਾਲਾਤਾਂ ਦੀ ਗੱਲ ਸਾਹਮਣੇ ਨਹੀਂ ਆਈ ਹੈ, ਜਿਸ ਨਾਲ ਇਸ ਦੇ ਆਤਮ-ਹੱਤਿਆ ਦਾ ਮਾਮਲਾ ਹੋਣ ਦਾ ਸ਼ੱਕ ਹੈ। ਈਸਟ ਸਸੇਕਸ ਪੁਲਸ ਦੇ ਬਿਆਨ ਵਿਚ ਆਖਿਆ ਗਿਆ ਹੈ, ਐਤਵਾਰ ਦੁਪਹਿਰ 3:41 ਮਿੰਟ 'ਤੇ ਪੁਲਸ ਨੂੰ ਫਾਲਮੇ ਤੋਂ ਫੋਨ ਆਇਆ, ਜਿਥੇ 20 ਸਾਲਾ ਵਿਅਕਤੀ ਦੀ ਲਾਸ਼ ਬੈੱਡਰੂਮ ਵਿਚ ਪਈ ਹੋਈ ਸੀ। ਬਿਆਨ ਮੁਤਾਬਕ ਉਥੇ ਸ਼ੱਕੀ ਹਾਲਾਤ ਨਹੀਂ ਸਨ। ਬ੍ਰਾਇਟਨ ਅਤੇ ਹੋਵ ਦੇ ਕੋਰੋਨਰ (ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਵਾਲਾ ਵਿਅਕਤੀ) ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਕੋਰੋਨਰ ਇਸ ਮਾਮਲੇ ਦੀ ਜਾਂਚ ਸ਼ੁਰੂ ਕਰੇਗਾ, ਜਿਸ ਤੋਂ ਬਾਅਦ ਮੌਤ ਦਾ ਕਾਰਨ ਪਤਾ ਲੱਗ ਪਾਵੇਗਾ।
ਸ਼ੁਭਾਂਸੋ ਪੁਲ ਕਲਿਖੋ ਪੁਲ ਅਤੇ ਉਨ੍ਹਾਂ ਦੀ ਪਤਨੀ ਦਾਂਗਵਿਮਸਾਈ ਪੁਲ ਦਾ ਪੁੱਤਰ ਸੀ। ਜ਼ਿਕਰਯੋਗ ਹੈ ਕਿ ਉਹ ਸਸੇਕਸ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਇਸ ਵਿਚਾਲੇ, ਈਟਾਨਗਰ ਵਿਚ ਪੁਲ ਪਰਿਵਾਰ ਸ਼ੁਭਾਂਸੋ ਦੀ ਲਾਸ਼ ਨੂੰ ਵਾਪਸ ਲਿਜਾਣ ਲਈ ਬਿ੍ਰਟੇਨ ਵਿਚ ਭਾਰਤੀ ਹਾਈ ਕਮਿਸ਼ਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕਲਿਖੋ ਪੁਲ ਕਾਂਗਰਸ ਅਤੇ ਭਾਜਪਾ ਦੇ ਵਿਧਾਇਕਾਂ ਦੇ ਸਮਰਥਨ ਨਾਲ 2016 ਵਿਚ ਕੁਝ ਸਮੇਂ ਲਈ ਮੁੱਖ ਮੰਤਰੀ ਬਣੇ ਸਨ। ਹਾਲਾਂਕਿ ਉੱਚ ਕੋਰਟ ਦੇ ਫੈਸਲੇ ਤੋਂ ਬਾਅਦ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣਾ ਪਿਆ ਸੀ। ਪੁਲ ਨੇ 9 ਅਗਸਤ ਨੂੰ ਆਪਣੇ ਸਰਕਾਰੀ ਆਵਾਸ ਵਿਚ ਕਥਿਤ ਰੂਪ ਨਾਲ ਆਤਮ-ਹੱਤਿਆ ਕਰ ਲਈ ਸੀ। ਉਨ੍ਹਾਂ ਨੇ ਇਕ ਸੁਸਾਇਡ ਨੋਟ ਵੀ ਛੱਡਿਆ ਸੀ।