ਬ੍ਰਿਟੇਨ ਨੇ ਸ਼ਰਨਾਰਥੀਆਂ ਦੀ ਗਿਣਤੀ ਘਟਾਉਣ ਲਈ ਫੇਸਬੁੱਕ ਇਸ਼ਤਿਹਾਰਾਂ ''ਤੇ ਖ਼ਰਚ ਕੀਤੇ ਹਜ਼ਾਰਾਂ ਪੌਂਡ

Friday, Jul 30, 2021 - 12:20 PM (IST)

ਬ੍ਰਿਟੇਨ ਨੇ ਸ਼ਰਨਾਰਥੀਆਂ ਦੀ ਗਿਣਤੀ ਘਟਾਉਣ ਲਈ ਫੇਸਬੁੱਕ ਇਸ਼ਤਿਹਾਰਾਂ ''ਤੇ ਖ਼ਰਚ ਕੀਤੇ ਹਜ਼ਾਰਾਂ ਪੌਂਡ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ ਸਰਕਾਰ ਨੇ ਫਰਾਂਸ ਰਾਹੀਂ ਦਾਖ਼ਲ ਹੋਣ ਵਾਲੇ ਸ਼ਰਨਾਰਥੀਆਂ ਨੂੰ ਦੇਸ਼ ਵਿਚ ਨਾ ਆਉਣ ਦੇ ਸੰਦੇਸ਼ ਦੇਣ ਲਈ ਸ਼ੋਸ਼ਲ ਮੀਡੀਆ ਕੰਪਨੀਆਂ ਜਿਵੇਂ ਕਿ ਫੇਸਬੁੱਕ 'ਤੇ ਇਸ਼ਤਿਹਾਰ ਦੇ ਕੇ ਹਜ਼ਾਰਾਂ ਪੌਂਡ ਖ਼ਰਚੇ ਹਨ। ਇਸ ਸਬੰਧੀ ਰਿਪੋਰਟਾਂ ਅਨੁਸਾਰ ਗ੍ਰਹਿ ਦਫ਼ਤਰ ਨੇ ਦਸੰਬਰ ਅਤੇ ਅਪ੍ਰੈਲ ਦੇ ਵਿਚਕਾਰ ਚੈਨਲ ਦੇ ਪਾਰ ਰਹਿ ਰਹੇ ਪ੍ਰਵਾਸੀਆਂ ਨੂੰ ਸੂਚਿਤ ਕਰਨ ਲਈ ਆਨਲਾਈਨ ਇਸ਼ਤਿਹਾਰਾਂ 'ਤੇ 23,000 ਤੋਂ ਵੱਧ ਪੌਂਡ ਖ਼ਰਚ ਕੀਤੇ ਹਨ।

ਸ਼ੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਇਸ਼ਤਿਹਾਰਾਂ ਵਿਚ ਕਈ ਨਾਅਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਵਿਚ  “ਕੋਈ ਲੁਕਣ ਦੀ ਜਗ੍ਹਾ ਨਹੀਂ ਹੈ”, “ਆਪਣੀ ਜਾਂ ਆਪਣੇ ਬੱਚੇ ਦੀ ਜਾਨ ਨੂੰ ਖ਼ਤਰੇ ਵਿਚ ਨਾ ਪਾਓ” ਅਤੇ “ਅਸੀਂ ਤੁਹਾਨੂੰ ਵਾਪਸ ਭੇਜ ਦੇਵਾਂਗੇ” ਆਦਿ ਨੂੰ ਕੁਰਦਿਸ਼, ਅਰਬੀ, ਫਾਰਸੀ ਅਤੇ ਪਸ਼ਤੋ ਭਾਸ਼ਾ ਵਿਚ ਅਨੁਵਾਦ ਵੀ ਕੀਤਾ ਗਿਆ ਹੈ ਪਰ ਸਰਕਾਰ ਵੱਲੋਂ ਕੀਤੇ ਇਹ ਸਾਰੇ ਹੀਲੇ ਇਸ ਸਾਲ ਯੂ.ਕੇ. ਪਹੁੰਚਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ ਨੂੰ ਘਟਾਉਣ ਵਿਚ ਬੇਅਸਰ ਰਹੇ ਹਨ।

ਜਦਕਿ ਕਈ ਪ੍ਰਵਾਸੀ ਕਹਿੰਦੇ ਹਨ ਕਿ ਉਹਨਾਂ ਦੇ ਇੰਗਲਿਸ਼ ਚੈਨਲ ਨੂੰ ਪਾਰ ਕਰਨ ਦੇ ਇਰਾਦੇ ਪਹਿਲਾਂ ਨਾਲੋਂ ਵਧੇਰੇ ਦ੍ਰਿੜ ਹਨ। ਗ੍ਰਹਿ ਦਫ਼ਤਰ ਵੱਲੋਂ ਸੋਸ਼ਲ ਮੀਡੀਆ ਇਸ਼ਤਿਹਾਰਾਂ ਦੀ ਕੀਮਤ ਬਾਰੇ ਇਹ ਜਾਣਕਾਰੀ, ਇਕ ਪ੍ਰੈਸ ਐਸੋਸੀਏਸ਼ਨ ਵੱਲੋਂ ਕੀਤੀ ਗਈ 'ਫਰੀਡਮ ਆਫ ਇਨਫਰਮੇਸ਼ਨ' ਦੀ ਬੇਨਤੀ ਨਾਲ ਸਾਹਮਣੇ ਆਈ ਹੈ। ਹੋਮ ਆਫ਼ਿਸ ਅਨੁਸਾਰ ਮੌਜੂਦਾ ਸਮੇਂ ਲਗਭਗ 2,000 ਪ੍ਰਵਾਸੀ ਉੱਤਰੀ ਫਰਾਂਸ ਵਿਚ ਰਹਿ ਰਹੇ ਹਨ ਜੋ ਕਿ ਚੈਨਲ ਪਾਰ ਕਰਨ ਦੀ ਉਡੀਕ ਵਿਚ ਹਨ ਅਤੇ ਹਜ਼ਾਰਾਂ ਸ਼ਰਨਾਰਥੀ 2021 ਵਿਚ ਇੰਗਲਿਸ਼ ਚੈਨਲ ਪਾਰ ਕਰਕੇ ਯੂ.ਕੇ. 'ਚ ਦਾਖ਼ਲ ਹੋ ਚੁੱਕੇ ਹਨ।


author

cherry

Content Editor

Related News