ਅਮਰੀਕਾ ਤੋਂ ਬਾਅਦ ਹੁਣ ਬ੍ਰਿਟੇਨ ਅਫਗਾਨਿਸਤਾਨ ਤੋਂ ਸੱਦੇਗਾ ਆਪਣੇ ਫ਼ੌਜੀ ਵਾਪਸ
Thursday, Apr 15, 2021 - 01:28 PM (IST)
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਬ੍ਰਿਟੇਨ ਵੱਲੋਂ ਅਮਰੀਕੀ ਫ਼ੌਜੀਆਂ ਦੀ ਵਾਪਸੀ ਦੀਆਂ ਯੋਜਨਾਵਾਂ ਦੇ ਬਾਅਦ ਅਫਗਾਨਿਸਤਾਨ ਤੋਂ ਲਗਭਗ ਆਪਣੇ ਸਾਰੇ ਬਾਕੀ ਫ਼ੌਜੀਆ ਨੂੰ ਵਾਪਸ ਬੁਲਾਇਆ ਜਾਵੇਗਾ। ਇਸ ਦੀ ਪੁਸ਼ਟੀ ਬ੍ਰਿਟੇਨ ਦੇ ਰੱਖਿਆ ਸਕੱਤਰ ਬੇਨ ਵਾਲਸ ਵੱਲੋਂ ਕੀਤੀ ਗਈ ਹੈ।
ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ 11 ਸਤੰਬਰ 2021 ਤੱਕ ਅਮਰੀਕਾ ਦੇ ਸਾਰੇ ਫ਼ੌਜੀਆਂ ਨੂੰ ਅਫਗਾਨਿਸਤਾਨ ਵਿਚੋਂ ਵਾਪਸ ਬੁਲਾ ਲਿਆ ਜਾਵੇਗਾ। ਬ੍ਰਿਟਿਸ਼ ਫ਼ੌਜਾਂ ਨੂੰ ਪਹਿਲੀ ਵਾਰ ਅਕਤੂਬਰ 2001 ਵਿਚ 9/11 ਦੇ ਹਮਲਿਆਂ ਤੋਂ ਬਾਅਦ ਅਫਗਾਨਿਸਤਾਨ ਵਿਚ ਤਾਇਨਾਤ ਕੀਤਾ ਗਿਆ ਸੀ ਅਤੇ ਫ਼ੌਜੀਆਂ ਨੇ ਉਦੋਂ ਤੋਂ ਹੀ ਆਪਣੀ ਮੌਜੂਦਗੀ ਬਣਾਈ ਰੱਖੀ ਹੈ। ਇਸ ਦੌਰਾਨ ਕੁੱਲ 456 ਫ਼ੌਜੀ ਮਾਰੇ ਗਏ ਹਨ ਅਤੇ ਬਹੁਤ ਸਾਰੇ ਜ਼ਖ਼ਮੀ ਹਨ।
ਅਫਗਾਨਿਸਤਾਨ ਵਿਚ ਲੱਗਭਗ ਸਾਰੀਆਂ ਨਾਟੋ ਫੌਜਾਂ ਅਤੇ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਫ਼ੌਜੀਆਂ ਦੀ ਕੁੱਲ ਗਿਣਤੀ 7,000 ਤੋਂ ਘੱਟ ਹੈ ਅਤੇ ਹੁਣ ਉਨ੍ਹਾਂ ਦੇ ਨਾਲ ਅਮਰੀਕੀ ਵੀ ਵਾਪਸ ਚਲੇ ਜਾਣਗੇ। ਹਾਲਾਂਕਿ, ਇਹ ਸੰਭਵ ਹੈ ਕਿ ਬ੍ਰਿਟਿਸ਼ ਸਣੇ ਵਿਸ਼ੇਸ਼ ਫੌਜਾਂ ਦੀਆਂ ਇਕਾਈਆਂ ਪਿਛਲੀ ਟਰੰਪ ਸਰਕਾਰ ਦੀ ਵਾਪਸੀ ਯੋਜਨਾ ਦੇ ਅਨੁਸਾਰ, ਤਾਲਿਬਾਨ ਅਤੇ ਇਸ ਦੇ ਸਹਿਯੋਗੀ ਦੇਸ਼ਾਂ ਵਿਰੁੱਧ ਅਫਗਾਨ ਫੌਜਾਂ ਦਾ ਸਮਰਥਨ ਕਰਨ ਲਈ ਪਿੱਛੇ ਰਹਿਣਗੀਆਂ, ਪਰ ਪੈਂਟਾਗਨ ਨੇ ਇਸ ਮੁੱਦੇ 'ਤੇ ਅਜੇ ਕੋਈ ਟਿੱਪਣੀ ਨਹੀਂ ਕੀਤੀ ਹੈ।