ਬ੍ਰਿਸਬੇਨ ''ਚ 25 ਜੁਲਾਈ ਨੂੰ ਕਰਵਾਇਆ ਜਾ ਰਿਹੈ ‘ਇੰਡੀਅਨ ਯੂਥ ਫੈਸਟੀਵਲ 2021’

Saturday, Jul 24, 2021 - 05:49 PM (IST)

ਬ੍ਰਿਸਬੇਨ ''ਚ 25 ਜੁਲਾਈ ਨੂੰ ਕਰਵਾਇਆ ਜਾ ਰਿਹੈ ‘ਇੰਡੀਅਨ ਯੂਥ ਫੈਸਟੀਵਲ 2021’

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਕੁਈਨਜ਼ਲੈਂਡ ਦੇ ਖ਼ੂਬਸੂਰਤ ਸ਼ਹਿਰ ਬ੍ਰਿਸਬੇਨ ‘ਚ ਪਹਿਲੀ ਵਾਰ ਨਵੀਂ ਅਤੇ ਵਿਲੱਖਣ ਸੋਚ ਨਾਲ ਨੌਜਵਾਨੀ ਵਿਚ ਏਕਤਾ ਤੇ ਭਾਈਚਾਰਕ ਰੰਗ ਭਰਨ ਲਈ ‘ਰੋਮਾ ਸਟਰੀਟ ਪਾਰਕਲੈਂਡ’ ਵਿਖੇ ਐਤਵਾਰ, 25 ਜੁਲਾਈ ਨੂੰ ਇਕ ਰੋਜ਼ਾ ‘ਇੰਡੀਅਨ ਯੂਥ ਫੈਸਟੀਵਲ 2021’ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਮੇਲੇ ਦੇ ਪ੍ਰਬੰਧਕ ਮਨਮੋਹਣ ਸਿੰਘ, ਗੁਰਪ੍ਰੀਤ ਬਰਾੜ, ਹਰਜਿੰਦ ਕੌਰ ਮਾਂਗਟ, ਰਾਜਗੁਰੂ ਅਤੇ ਰੇਨਾ ਨੇ ਸਥਾਨਕ ਮੀਡੀਏ ਨਾਲ ਸਾਂਝੀ ਕੀਤੀ ਅਤੇ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਤਕਰੀਬਨ ਮੁਕੰਮਲ ਹਨ।

ਮੇਲੇ ਦਾ ਸਮਾਂ ਸਵੇਰੇ 11 ਤੋਂ ਸ਼ਾਮੀਂ 6 ਵਜੇ ਤੱਕ ਰਹੇਗਾ। ਉਹਨਾਂ ਅੱਗੇ ਕਿਹਾ ਕਿ ਇਸ ਯੁਵਕ ਮੇਲੇ ਵਿਚ ਹਰ ਭਾਰਤੀ ਰੰਗ ਨੂੰ ਵੇਖਣ ਅਤੇ ਮਾਨਣ ਦਾ ਮੌਕਾ ਮਿਲੇਗਾ। ਗੀਤ-ਸੰਗੀਤ, ਗਿੱਧਾ-ਭੰਗੜਾ, ਨਾਚ, ਸਕਿੱਟਾਂ, ਭੋਜਨ-ਸਟਾਲ ਅਤੇ ਬੱਚਿਆਂ ਦੀਆਂ ਵੰਨਗੀਆਂ ਆਦਿ ਵਿਸ਼ੇਸ਼ ਖਿਚ ਦਾ ਕੇਂਦਰ ਹੋਣਗੀਆਂ। ਮੇਲੇ ‘ਚ ਸ਼ਮੂਲੀਅਤ ਮੁਫ਼ਤ ਹੋਵੇਗੀ। ਵਿਸ਼ਵ ਦੇ ਪ੍ਰਸਿੱਧ ਟੀਵੀ ਅਤੇ ਰੇਡੀਓ ਅਦਾਰੇ ਇਸ ਮੇਲੇ ਦਾ ਸਿੱਧਾ ਪ੍ਰਸਾਰਣ ਕਰਨਗੇ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਅਜੋਕੇ ਦੌਰ ਵਿਚ ਵਿਦੇਸ਼ਾਂ ‘ਚ ਆਪਣੇ ਅਮੀਰ ਭਾਰਤੀ ਅਤੇ ਪੰਜਾਬੀ ਵਿਰਸੇ ਦੀ ਵਿਲੱਖਣਤਾ ਅਤੇ ਹੋਂਦ ਨੂੰ ਕਾਇਮ ਰੱਖਣ ਲਈ ਇਸ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ‘ਚ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੀਆਂ ਵੰਨਗੀਆਂ ਤੇ ਕਲਾਕ੍ਰਿਤੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ।

ਉੱਘੀ ਟੀਵੀ ਟਿੱਪਣੀਕਾਰ ਹਰਜਿੰਦ ਮਾਂਗਟ ਦਾ ਮੰਨਣਾ ਹੈ ਕਿ ਪੰਜਾਬ ਦੀ ਵਿਰਾਸਤ ਵਿਲੱਖਣ ਰੰਗਾਂ ਅਤੇ ਅਮੀਰ ਕਦਰਾਂ-ਕੀਮਤਾਂ, ਰਵਾਇਤਾਂ ਨਾਲ ਭਰੀ ਹੋਈ ਹੈ, ਜੋ ਸਮਾਜ ਨੂੰ ਅਨੇਕਾ ਪ੍ਰਕਾਰ ਦੇ ਰੰਗ ਪ੍ਰਦਾਨ ਕਰਦੀ ਹੈ। ਪੰਜਾਬ ਦੀ ਨੌਜਵਾਨੀ ਨੂੰ ਇੱਕ ਵੱਡਾ ਮੰਚ ਪ੍ਰਦਾਨ ਕਰਨ ਦੇ ਦ੍ਰਿਸ਼ਟੀਕੋਣ ਨਾਲ ਇਸ ਯੁਵਕ ਮੇਲੇ ਵਿਚ ਮਨੋਰੰਜਨ ਅਤੇ ਸੱਭਿਆਚਾਰ ਦਾ ਸੁਮੇਲ ਮਿਲੇਗਾ, ਜਿਸ ਵਿਚ ਪੰਜਾਬ ਦੇ ਹੁਨਰ ਨੂੰ ਵਿਕਸਿਤ ਕਰਦੇ ਪੰਜਾਬੀ ਸੰਗੀਤਕ ਜਗਤ ਦੇ ਪ੍ਰਸਿੱਧ ਚਿਹਰੇ ਸਮਾਗਮ ਦੌਰਾਨ ਆਪਣੀਆਂ ਪੇਸ਼ਕਾਰੀਆਂ ਦੇਣਗੇ। ਸਮੂਹ ਭਾਰਤੀ ਭਾਈਚਾਰਿਆਂ ‘ਚ ਮੇਲੇ ਪ੍ਰਤੀ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਬ੍ਰਿਸਬੇਨ ਸਿਟੀ ਕੌਂਸਲ ਵੱਲੋਂ ਇਸ ਮੇਲੇ ਨੂੰ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ।


author

cherry

Content Editor

Related News