ਬ੍ਰਿਸਬੇਨ: 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਗ ਦਾਨ ਕੈਂਪ ਆਯੋਜਿਤ

11/03/2019 6:49:39 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਦੇਸ਼ ਤੇ ਵਿਦੇਸ਼ 'ਚ ਜਿੱਥੇ ਸਿੱਖ ਧਰਮ ਦੇ ਬਾਨੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਆਯੋਜਿਤ ਕੀਤੇ ਜਾ ਰਹੇ ਹਨ, ਉਥੇ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਗੁਰਦੁਆਰਾ ਸਿੰਘ ਸਭਾ ਟਾਇਗਮ ਵਿਖੇ ਅੰਗ ਦਾਨ ਕੈਂਪ ਲਗਾਇਆ ਗਿਆ। ਜਿਸ 'ਚ ਵਿਸ਼ੇਸ਼ ਤੌਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 160 ਦੇ ਕਰੀਬ ਵਲੰਟੀਅਰਾਂ ਵਲੋ ਮਨੁੱਖਤਾ ਦੀ ਭਲਾਈ ਤੇ ਸ਼ਾਝੀਂਵਾਲਤਾ ਦਾ ਸੁਨੇਹਾ ਦਿੰਦੇ ਹੋਏ ਅੰਗ ਦਾਨ ਕਰਨ ਲਈ ਰਜਿਸਟ੍ਰੇਸ਼ਨ ਕਰਵਾਈ ਗਈ।

ਇਸ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਹੋਏ ਮਾਰਗ 'ਤੇ ਚੱਲ ਕੇ ਸਮੁੱਚੀ ਮਨੁੱਖਤਾ ਦੇ ਭਲੇ ਲਈ ਕਿਰਤ ਕਰੋ, ਵੰਡ ਕੇ ਛਕੋ ਤੇ ਲੋੜਵੰਦਾਂ ਦੀ ਮਦਦ ਕਰੋ ਦੇ ਫਲਸਫੇ ਨੂੰ ਅੱਗੇ ਤੋਰਦਿਆਂ ਨਾਸ਼ਵਾਨ ਸਰੀਰ ਨੂੰ ਦਾਨ ਕਰਕੇ ਕਿਸੇ ਨੂੰ ਨਵੀਂ ਜ਼ਿੰਦਗੀ ਦੇਣ ਦੀ ਗੱਲ ਕੀਤੀ ਗਈ।“ਡੋਨੇਟ ਲਾਈਫ ਸੰਸਥਾ ਤੋਂ ਏਲਾਨਾਂ ਕ੍ਰੈਸਵੈੱਲ ਨੇ ਦੱਸਿਆ ਕਿ ਇਹ ਸੰਸਥਾ ਪੂਰੇ ਆਸਟ੍ਰੇਲੀਆ ਭਰ 'ਚ ਮਨੁੱਖੀ ਅੰਗਾਂ ਦੇ ਦਾਨ ਕਰਵਾਉਣ 'ਚ ਸਹਾਇਤਾ ਕਰਦੀ ਹੈ। ਇਸ ਕੈਂਪ ਦੇ ਪ੍ਰਬੰਧ ਗੁਰਦੁਆਰਾ ਸਿੰਘ ਸਭਾ ਟੈਗਮ ਤੇ ਸਮੂਹ ਸੰਗਤਾਂ ਦੀ ਮਦਦ ਨਾਲ ਰਾਜਵਿੰਦਰ ਸਿੰਘ ਗਿੱਲ, ਰਣਦੀਪ ਸਿੰਘ ਜੌਹਲ, ਗਗਨਦੀਪ ਟੰਡਨ ਵੱਲੋਂ ਵਿਸ਼ੇਸ਼ ਤੌਰ ਤੇ ਕੀਤੇ ਗਏ ।

ਇਸ ਮੌਕੇ ਅੰਗ ਦਾਨ ਦੀ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ 'ਚ ਵਿਸ਼ੇਸ਼ ਤੌਰ 'ਤੇ ਨਵਦੀਪ ਸਿੰਘ ਗ੍ਰੀਨ ਪਾਰਟੀ, ਜਤਿੰਦਰ ਸਿੰਘ ਰੀਹਲ, ਚੰਦਨ ਕੰਬੋਜ, ਸੁਖਜਿੰਦਰ ਸਿੰਘ, ਹਰਪ੍ਰੀਤ ਮੁੰਜਲ, ਗੁਰਵਿੰਦਰ ਰੰਧਾਵਾ, ਬਲਦੀਪ ਸਿੰਘ ਸ਼ਾਮਲ ਹਨ ਤੇ ਹੋਰ ਅਨੇਕਾਂ ਪੰਜਾਬੀਆਂ ਵਲੋਂ ਅੰਗ ਦਾਨ ਰਜਿਸਟ੍ਰੇਸ਼ਨ 'ਚ ਆਪਣੇ ਨਾਮ ਦਰਜ ਕਰਵਾਏ ਗਏ। ਅੰਤ 'ਚ ਪ੍ਰਬੰਧਕਾਂ ਵੱਲੋਂ ਸਾਰੇ ਅੰਗ ਦਾਨੀ ਵਲੰਟੀਅਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਨੁੱਖ ਦੀ ਸਭ ਤੋਂ ਵੱਡੀ ਨਿਆਮਤ ਉਸ ਦਾ ਸਰੀਰ ਹੈ, ਜੋ ਉਸ ਨੂੰ ਕੁਦਰਤ ਵਲੋਂ ਮੁਫਤ 'ਚ ਮਿਲਦੀ ਹੈ ਤੇ ਮਨੁੱਖੀ ਸਰੀਰ ਦੇ ਬਹੁਤ ਸਾਰੇ ਅੰਗ ਅਜਿਹੇ ਹੁੰਦੇ ਹਨ, ਜਿਹੜੇ ਮੌਤ ਤੋਂ ਬਾਅਦ ਵੀ ਕਿਸੇ ਹੋਰ ਨੂੰ ਜ਼ਿੰਦਗੀ ਦੇ ਸਕਦੇ ਹਨ ਭਾਵ ਕਿ ਅਸੀਂ ਆਪਣੀ ਮੌਤ ਤੋਂ ਬਾਅਦ ਆਪਣੇ ਅੰਗ ਦਾਨ ਕਰ ਸਕਦੇ। ਉਨ੍ਹਾਂ ਕਿਹਾ ਕਿ ਵਧ ਤੋਂ ਵਧ ਪ੍ਰਾਣੀ ਇਸ ਮੁਹਿੰਮ ਦਾ ਹਿੱਸਾ ਬਣੀਏ ਤਾਂ ਕਿ ਸਾਡੇ ਇਸ ਸੰਸਾਰ 'ਚੋਂ ਚਲੇ ਜਾਣ ਤੋਂ ਬਾਅਦ ਵੀ ਸਾਡੀਆਂ ਅੱਖਾਂ ਰਾਹੀਂ ਕੋਈ ਹੋਰ ਇਸ ਖੂਬਸੂਰਤ ਜਹਾਨ ਨੂੰ ਦੇਖ ਸਕੇ ਜਾਂ ਸਾਡਾ ਦਿਲ ਕਿਸੇ ਹੋਰ ਦੇ ਸੀਨੇ 'ਚ ਧੜਕਦਾ ਰਹਿ ਸਕੇ ਤੇ ਕਿਸੇ ਲੋੜਵੰਦ ਨੂੰ ਨਵੀਂ ਜਿੰਦਗੀ ਦਿੱਤੀ ਜਾ ਸਕੇ। ਇਸ ਅੰਗ ਦਾਨ ਕੈਂਪ ਪ੍ਰਤੀ ਸੰਗਤਾਂ 'ਚ ਬਹੁਤ ਹੀ ਭਾਰੀ ਉਤਸ਼ਾਹ ਪਾਇਆ ਗਿਆ ਹੈ।


Baljit Singh

Content Editor

Related News