ਇਟਲੀ ''ਚ ਪੁਲ ਟੁੱਟਣ ਕਾਰਨ ਪੀ. ਐੱਮ. ਨੇ 12 ਮਹੀਨੇ ਦੀ ਐਮਰਜੈਂਸੀ ਦਾ ਕੀਤਾ ਐਲਾਨ

08/16/2018 10:34:14 AM

ਰੋਮ (ਏਜੰਸੀ)— ਇਟਲੀ ਦੇ ਉੱਤਰੀ ਬੰਦਰਗਾਹ ਸ਼ਹਿਰ ਗੇਨੋਵਾ 'ਚ ਮੰਗਲਵਾਰ ਨੂੰ ਭਾਰੀ ਮੀਂਹ ਕਾਰਨ ਇਕ ਪੁਲ ਟੁੱਟ ਗਿਆ, ਜਿਸ 'ਚ 39 ਲੋਕ ਮਾਰੇ ਗਏ ਹਨ। ਇਸ ਹਾਦਸੇ ਮਗਰੋਂ ਇਟਲੀ ਦੇ ਪ੍ਰਧਾਨ ਮੰਤਰੀ ਜੂਸੇਪੇ ਕੋਂਟੇ ਨੇ ਬੁੱਧਵਾਰ ਨੂੰ 12 ਮਹੀਨੇ ਲਈ ਐਮਰਜੈਂਸੀ ਦਾ ਐਲਾਨ ਕੀਤਾ ਹੈ। ਬਸ ਇੰਨਾ ਹੀ ਨਹੀਂ ਪੀ. ਐੱਮ. ਕੋਂਟੇ ਨੇ ਜਾਂਚ ਅਤੇ ਬਚਾਅ ਕੰਮ ਲਈ 50 ਲੱਖ ਯੂਰੋ ਯਾਨੀ ਕਿ 40 ਕਰੋੜ ਰੁਪਏ ਵੀ ਅਲਾਟ ਕਰਨ ਦਾ ਐਲਾਨ ਕੀਤਾ ਹੈ। ਇਟਲੀ ਦੇ ਟਰਾਂਸਪੋਰਟ ਮੰਤਰੀ ਡੇਨੀਲੋ ਟੋਨੀਨੇਲੀ ਨੇ ਇਸ ਘਟਨਾ ਨੂੰ ਵੱਡੀ ਤ੍ਰਾਸਦੀ ਦੱਸਿਆ ਹੈ। ਇਟਲੀ ਦੇ ਗ੍ਰਹਿ ਮੰਤਰੀ ਮਾਤੇਓ ਸਾਲਿਵਨੀ ਨੇ ਦੱਸਿਆ ਕਿ ਹਾਦਸੇ ਵਿਚ ਮਰਨ ਵਾਲਿਆਂ 'ਚ 8, 12 ਅਤੇ 13 ਸਾਲ ਦੇ ਬੱਚੇ ਵੀ ਸ਼ਾਮਲ ਹਨ।

ਇਟਲੀ ਦੀ ਮੀਡੀਆ ਮੁਤਾਬਕ ਭਾਰੀ ਮੀਂਹ ਕਾਰਨ ਮੋਰਾਂਦੀ ਪੁਲ ਦਾ ਕਰੀਬ 200 ਮੀਟਰ ਦਾ ਹਿੱਸਾ ਟੁੱਟ ਗਿਆ। ਇਹ ਪੁਲ ਟੋਲ ਹਾਈਵੇਅ ਦਾ ਹਿੱਸਾ ਹੈ। ਇਸ ਪੁਲ ਦੇ ਟੁੱਟਣ ਕਾਰਨ 35 ਕਾਰਾਂ ਅਤੇ ਕਈ ਟਰੱਕ 150 ਫੁੱਟ ਹੇਠਾਂ ਰੇਲ ਦੀਆਂ ਪਟੜੀਆਂ 'ਤੇ ਡਿੱਗ ਗਏ ਸਨ। ਪੁਲ ਟੁੱਟਣ ਦੀ ਜਾਂਚ ਸ਼ੁਰੂ ਹੋ ਗਈ ਹੈ ਪਰ ਕਿਹਾ ਜਾ ਰਿਹਾ ਹੈ ਕਿ ਇਸ ਦੀ ਵਜ੍ਹਾ ਪੁਲ ਦਾ ਰੱਖ-ਰਖਾਅ 'ਚ ਵੱਡੀ ਖਾਮੀ ਹੋ ਸਕਦਾ ਹੈ। ਇਸ ਪੁਲ ਦੇ ਰੱਖ-ਰਖਾਅ ਦੀ ਜ਼ਿੰਮੇਵਾਰੀ ਇਕ ਪ੍ਰਾਈਵੇਟ ਕੰਪਨੀ ਕੋਲ ਹੈ। ਇਹ ਕੰਪਨੀ ਦੇਸ਼ ਦੇ ਜ਼ਿਆਦਾਤਰ ਪੁਲਾਂ ਦਾ ਰੱਖ-ਰਖਾਅ ਦਾ ਕੰਮ ਦੇਖਦੀ ਹੈ। ਪ੍ਰਧਾਨ ਮੰਤਰੀ ਕੋਂਟੇ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਪੁਲ ਦੇ ਰੱਖ-ਰਖਾਅ ਲਈ ਜ਼ਿੰਮੇਵਾਰ ਨਿੱਜੀ ਕੰਪਨੀ ਨੂੰ ਮਿਲੀ ਰਿਆਇਤ ਵੀ ਵਾਪਸ ਲਵੇਗੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਤ੍ਰਾਸਦੀਆਂ ਮਾਡਰਨ ਸੋਸਾਇਟੀ ਵਿਚ ਮਨਜ਼ੂਰ ਨਹੀਂ ਹਨ।


Related News