ਬ੍ਰਿਕਸ ਸੰਮੇਲਨ ''ਚ ਮੋਦੀ ਦੇ ਹਿੱਸਾ ਲੈਣ ਬਾਰੇ ਸਵਾਲਾਂ ਦਾ ਚੀਨ ਨੇ ਨਹੀਂ ਦਿੱਤਾ ਕੋਈ ਜਵਾਬ, ਇਹ ਹੈ ਵੱਡੀ ਵਜ੍ਹਾ

08/23/2017 6:37:32 PM

ਬੀਜਿੰਗ— ਚੀਨ ਨੇ ਬੁੱਧਵਾਰ ਨੂੰ ਕਿਹਾ ਕਿ ਅਗਲੇ ਮਹੀਨੇ ਹੋਣ ਵਾਲੇ ਬ੍ਰਿਕਸ ਸ਼ਿਖਰ ਸੰਮੇਲਨ ਲਈ ਤਿਆਰੀਆਂ ਪੂਰੇ ਜ਼ੋਰਾਂ 'ਤੇ ਹਨ ਪਰ ਉਸ ਨੇ ਡੋਕਲਾਮ ਗਤੀਰੋਧ ਦਰਮਿਆਨ ਸੰਮੇਲਨ 'ਚ ਪੀ. ਐੱਮ. ਮੋਦੀ ਦੇ ਹਿੱਸਾ ਲੈਣ ਬਾਰੇ ਕੀਤੇ ਗਏ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਚੀਨ ਦੇ ਵਿਦੇਸ਼ ਮੰਤਰਾਲੇ ਦੀ ਮਹਿਲਾ ਬੁਲਾਰਾ ਹੁਆ ਚੁਨਯਿੰਗ ਤੋਂ ਜਦੋਂ ਇੱਥੇ ਮੀਡੀਆ ਕਰਮਚਾਰੀਆਂ ਨੇ ਪੁੱਛਿਆ ਕਿ ਕੀ ਮੋਦੀ ਨੇ ਸਿੱਕਮ ਸੈਕਟਰ ਦੇ ਡੋਕਲਾਮ ਇਲਾਕੇ ਵਿਚ ਦੋਹਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਗਤੀਰੋਧ ਨੂੰ ਲੈ ਕੇ ਚਿੰਤਾਵਾਂ ਦਰਮਿਆਨ ਸੰਮੇਲਨ 'ਚ ਹਿੱਸਾ ਲੈਣ ਦੀ ਪੁਸ਼ਟੀ ਕੀਤੀ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਸੰਮੇਲਨ ਲਈ ਸਾਰੀਆਂ ਤਿਆਰੀਆਂ ਚੰਗੇ ਤਰੀਕੇ ਨਾਲ ਅੱਗੇ ਵਧ ਰਹੀਆਂ ਹਨ। ਅਸੀਂ ਪੂਰੀ ਤਰ੍ਹਾਂ ਤਿਆਰ ਹਾਂ ਪਰ ਮੋਦੀ ਬਾਰੇ ਕੋਈ ਜਵਾਬ ਨਹੀਂ ਦਿੱਤਾ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਵੀ ਪਿਛਲੇ ਹਫਤੇ ਨਵੀਂ ਦਿੱਲੀ 'ਚ ਇਕ ਕਾਨਫਰੰਸ ਵਿਚ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਸੀ ਕਿ ਮੋਦੀ ਅਗਲੇ ਮਹੀਨੇ ਬ੍ਰਿਕਸ ਸੰਮੇਲਨ 'ਚ ਹਿੱਸਾ ਲੈਣ ਲਈ ਚੀਨ ਜਾਣਗੇ ਜਾਂ ਨਹੀਂ। ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ (ਬ੍ਰਿਕਸ) ਦੇਸ਼ਾਂ ਦਾ ਸੰਮੇਲਨ 3 ਸਤੰਬਰ ਤੋਂ 5 ਸਤੰਬਰ ਤੱਕ ਚੀਨ ਦੇ ਸ਼ਹਿਰ ਜਿਯਾਮੇਨ ਵਿਚ ਆਯੋਜਿਤ ਹੋਵੇਗਾ। ਮੋਦੀ ਦੇ ਸ਼ਾਮਲ ਹੋਣ ਦੇ ਸੰਬੰਧ ਵਿਚ ਕੋਈ ਸਿੱਧ ਜ਼ਿਕਰ ਕੀਤੇ ਬਿਨਾਂ ਹੁਆ ਨੇ ਚੀਨ ਦਾ ਇਹ ਰਵੱਈਆ ਦੋਹਰਾਇਆ ਕਿ ਡੋਕਲਾਮ ਤੋਂ ਭਾਰਤੀ ਫੌਜੀਆਂ ਨੂੰ ਬਿਨਾਂ ਸ਼ਰਤ ਹਟਾ ਲੈਣਾ ਚਾਹੀਦਾ ਹੈ, ਜੋ ਕਿ ਇਸ ਮੁੱਦੇ ਦੇ ਹੱਲ ਲਈ ਪਹਿਲੀ ਲੋੜ ਹੈ।


Related News