ਗਰਭਵਤੀ ਔਰਤ ਹੋਈ ਹਾਦਸੇ ਦੀ ਸ਼ਿਕਾਰ, ਰੱਬ ਨੇ ਹੱਥ ਦੇ ਕੇ ਇੰਝ ਬਚਾਈ ਬੱਚੇ ਦੀ ਜਾਨ

Monday, Jul 30, 2018 - 04:46 PM (IST)

ਬ੍ਰਾਸੀਲੀਆ (ਬਿਊਰੋ)— ਬ੍ਰਾਜ਼ੀਲ ਵਿਚ ਸ਼ਨੀਵਾਰ ਨੂੰ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ। ਇੱਥੇ ਇਕ ਗਰਭਵਤੀ ਔਰਤ ਦੇ ਮਰ ਜਾਣ ਦੇ ਬਾਵਜੂਦ ਉਸ ਦੀ ਬੱਚੀ ਜਿਉਂਦੀ ਬਚ ਗਈ। ਜਾਣਕਾਰੀ ਮੁਤਾਬਕ ਇਕ ਟਰੱਕ ਸਾਓ ਪਾਉਲੋ ਅਤੇ ਕਿਊਰਿਟਿਬਾ ਵਿਚਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਟਰੱਕ ਲੱਕੜ ਦੀਆਂ ਬੱਲੀਆਂ ਲਿਜਾ ਰਿਹਾ ਸੀ। ਇਸ ਟਰੱਕ ਵਿਚ 39 ਹਫਤੇ ਦੀ ਇਕ ਗਰਭਵਤੀ ਔਰਤ ਵੀ ਮੌਜੂਦ ਸੀ। ਹਾਦਸੇ ਵਿਚ ਔਰਤ ਦੀ ਤਾਂ ਮੌਤ ਹੋ ਗਈ ਪਰ ਉਸ ਦੀ ਨਵਜੰਮੀ ਬੱਚੀ ਬਚ ਗਈ। ਇਹ ਗੱਲ ਕਿਸੇ ਚਮਤਕਾਰ ਤੋਂ ਘੱਟ ਨਹੀਂ। 
ਜਾਣਕਾਰੀ ਮੁਤਾਬਕ ਔਰਤ ਨੇ ਟਰੱਕ ਡਰਾਈਵਰ ਤੋਂ ਲਿਫਟ ਲਈ ਸੀ। ਹਾਦਸੇ ਮਗਰੋਂ ਮੌਕੇ 'ਤੇ ਪਹੁੰਚੀ ਪੁਲਸ ਨੇ ਜਦੋਂ ਸੜਕ 'ਤੇ ਖਿੱਲਰੀਆਂ ਲੱਕੜਾਂ ਨੂੰ ਹਟਾਇਆ ਤਾਂ ਉਨ੍ਹਾਂ ਦੇ ਹੇਠਾਂ ਔਰਤ ਦੀ ਲਾਸ਼ ਸੀ। ਹਾਦਸੇ ਵਿਚ ਗਰਭਵਤੀ ਔਰਤ ਦੀ ਮੌਤ ਹੋ ਗਈ ਸੀ ਪਰ ਉਸ ਦਾ ਪੇਟ ਫਟਣ ਕਾਰਨ ਬੱਚੀ ਬਾਹਰ ਨਿਕਲ ਆਈ ਸੀ ਜੋ ਸੜਕ ਕਿਨਾਰੇ ਪਈ ਸੀ। ਪੁਲਸ ਨੂੰ ਬੱਚੀ ਔਰਤ ਦੀ ਲਾਸ਼ ਤੋਂ ਥੋੜ੍ਹੀ ਦੂਰੀ 'ਤੇ ਰੋਂਦੀ ਹੋਈ ਮਿਲੀ। ਹੈਰਾਨੀ ਦੀ ਗੱਲ ਸੀ ਕਿ ਬੱਚੀ ਦਾ ਨਾੜੂ ਵੀ ਲੱਕੜ ਨਾਲ ਦੱਬ ਕੇ ਕੱਟਿਆ ਗਿਆ ਸੀ। ਪੁਲਸ ਨੇ ਤੁਰੰਤ ਨਵਜੰਮੀ ਬੱਚੀ ਨੂੰ ਐਂਬੁਲੈਂਸ ਜ਼ਰੀਏ ਹਸਪਤਾਲ ਪਹੁੰਚਾਇਆ। ਹਸਪਤਾਲ ਵਿਚ ਡਾਕਟਰ ਅਤੇ ਹੋਰ ਕਰਮਚਾਰੀ ਇਹ ਜਾਣ ਕੇ ਹੈਰਾਨ ਸਨ ਕਿ ਇੰਨਾ ਵੱਡਾ ਹਾਦਸਾ ਹੋਣ ਦੇ ਬਾਵਜੂਦ ਬੱਚੀ ਬਚ ਗਈ। ਸਾਰਿਆਂ ਨੇ ਇਸ ਨੂੰ ਭਗਵਾਨ ਦਾ ਚਮਤਕਾਰ ਮੰਨਦੇ ਹੋਏ ਬੱਚੀ ਦਾ ਨਾਮ ਗਿਓਵਾਨਾ ਰੱਖ ਦਿੱਤਾ, ਜਿਸ ਦਾ ਮਤਲਬ ਹੈ ਭਗਵਾਨ ਵੱਲੋਂ ਬਚਾਇਆ ਗਿਆ। ਫਿਲਹਾਲ ਬੱਚੀ ਪੂਰੀ ਤਰ੍ਹਾਂ ਸੁਰੱਖਿਅਤ ਹੈ।


Related News